(Source: ECI/ABP News/ABP Majha)
ਕੀ OTT ਕਰਕੇ ਲੋਕਾਂ ਦੀ ਸਿਨੇਮਾਘਰਾਂ ਵੱਲ ਘਟ ਰਹੀ ਰੁਚੀ ?
ਨਿਪੁਨ ਸ਼ਰਮਾ
ਡਿਜੀਟਲ ਪਲੇਟਫਾਰਮ ਦਾ ਚਲਣ ਪਿਛਲੇ ਕੁਝ ਸਾਲਾਂ ਤੋਂ ਕਾਫੀ ਜ਼ਿਆਦਾ ਵੱਧ ਚੁੱਕਾ ਹੈ। ਹਰ ਇੱਕ ਦੇ ਹੱਥ 'ਚ ਮੋਬਾਈਲ ਫੋਨ ਹੈ ਜੋ ਇਸ ਦਾ ਆਧਾਰ ਬਣਿਆ ਹੈ। 2021 ਦੇ ਅੰਤ ਤੱਕ ਭਾਰਤ ਵਿੱਚ OTT ਪਲੇਟਫਾਰਮਾਂ ਦੇ 70 ਤੋਂ 80 ਮਿਲੀਅਨ ਪੇਡ ਗਾਹਕ ਸਨ, ਜੋ 2018 ਵਿੱਚ 14 ਮਿਲੀਅਨ ਤੇ 2014-15 ਵਿੱਚ ਸਿਰਫ 0.5 ਮਿਲੀਅਨ ਤੋਂ ਵੱਧ ਹੀ ਸਨ। ਪਿਛਲੇ 3-4 ਸਾਲਾਂ ਵਿੱਚ ਇਹ ਸੈਕਟਰ 'ਸ਼ੁਰੂਆਤੀ ਪੜਾਅ' ਤੋਂ 'ਸਕੇਲਿੰਗ ਪੜਾਅ' ਤੱਕ ਪਰਿਪੱਕ ਹੋਇਆ ਹੈ ਜਿਸ ਵਿੱਚ OTT ਪਲੇਟਫਾਰਮ ਦੀ ਸਭ ਤੋਂ ਵੱਧ ਸਹਾਇਤਾ ਕੋਰੋਨਾਵਾਇਰਸ ਨੇ ਕੀਤੀ।
ਕੋਰੋਨਾ ਵਾਇਰਸ ਕਰਕੇ ਸਿਨੇਮਾਘਰ ਕਾਫੀ ਅਰਸੇ ਤੱਕ ਬੰਦ ਰਹੇ। ਫ਼ਿਲਮਾਂ ਦੀ ਸ਼ੂਟਿੰਗ 'ਤੇ ਕਾਫੀ ਦੇਰ ਤੱਕ ਰੋਕ ਲੱਗੀ ਰਹੀ। ਕੋਵਿਡ ਪਾਬੰਦੀਆਂ ਕਾਰਨ ਲੋਕ ਘਰਾਂ 'ਚ ਰਹਿਣ ਲਈ ਮਜਬੂਰ ਹੋ ਗਏ ਤੇ ਉਨ੍ਹਾਂ ਕੋਲ ਮਨੋਰੰਜਨ ਦਾ ਕੋਈ ਸਾਧਨ ਨਹੀਂ ਰਿਹਾ ਸੀ। ਇਸ ਵਿਚਾਲੇ ਡਿਜੀਟਲ ਪਲੇਟਫਾਰਮ ਯਾਨੀ Netflix, Amazon Prime, ਡਿਜ਼ਨੀ ਪਲੱਸ ਹੌਟਸਟਾਰ ਵਰਗੇ ਕਈ ਪਲੇਟਫਾਰਮਸ ਨੇ ਵੈੱਬ ਸੀਰੀਜ਼ ਤੇ ਫ਼ਿਲਮਾਂ ਨੂੰ ਸਟ੍ਰੀਮ ਕੀਤਾ। ਦਰਸ਼ਕਾਂ ਨੂੰ ਘਰ ਬੈਠੇ ਮਨੋਰੰਜਨ ਮਿਲਣਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਦਾ ਰੁਝਾਨ ਇਸ ਪਲੇਟਫਾਰਮ ਵੱਲ ਵਧੇਰੇ ਹੋ ਗਿਆ।
ਕੋਰੋਨਾ ਦੀ ਪਹਿਲੀ ਲਹਿਰ 'ਚ ਡਿਜੀਟਲ ਪਲੇਟਫਾਰਮ 'ਤੇ ਵਿਊਅਰਸ਼ਿਪ ਦੀ ਲਹਿਰ ਵੀ ਆਈ। ਇਸ ਦਾ ਇੱਕ ਮੁੱਖ ਕਾਰਨ ਇਹ ਹੋ ਸਕਦਾ ਹੈ, ਕਿ OTT 'ਤੇ ਘੱਟ ਪੈਸਿਆਂ 'ਚ ਜ਼ਿਆਦਾ ਸਮੱਗਰੀ ਵੇਖਣ ਨੂੰ ਮਿਲਦੀ ਹੈ। Netflix ਵਰਗਾ ਇੰਟਰਨੈਸ਼ਨਲ ਪਲੇਟਫਾਰਮ ਤੁਹਾਨੂੰ 199 ਰੁਪਏ 'ਚ ਇੱਕ ਮਹੀਨੇ ਦੀ ਸਬਸਕ੍ਰਿਪਸ਼ਨ ਦਿੰਦਾ ਹੈ ਜਿਸ 'ਚ ਵੱਡੀ ਗਿਣਤੀ 'ਚ ਤੁਸੀਂ ਫ਼ਿਲਮ 'ਤੇ ਵੈੱਬ ਸੀਰੀਜ਼ ਦੇਖ ਸਕਦੇ ਹੋ। ਅਹਿਮ ਗੱਲ ਹੈ ਕਿ ਇਨ੍ਹਾਂ ਪਲੇਟਫਾਰਮ 'ਚ ਬੱਚਿਆਂ ਲਈ ਅਲੱਗ ਤੋਂ ਕੰਟੈਂਟ ਮੁਹੱਈਆ ਹੁੰਦਾ ਹੈ।
ਦੂਜੇ ਪਾਸੇ ਸਿਨੇਮਾਘਰਾਂ 'ਚ ਇੱਕ ਟਿਕਟ ਦਾ ਮੂਲ 200 ਰੁਪਏ ਤੋਂ ਘੱਟ ਨਹੀਂ ਹੁੰਦਾ ਜਿੱਥੇ ਸਿਰਫ ਇੱਕ ਵਾਰ ਹੀ ਫ਼ਿਲਮ ਨੂੰ ਦੇਖਿਆ ਜਾ ਸਕਦਾ ਹੈ ਤੇ ਡਿਜੀਟਲ ਪਲੇਟਫਾਰਮ 'ਤੇ ਵਾਰ-ਵਾਰ ਚਾਹੇ ਇੱਕ ਫ਼ਿਲਮ ਨੂੰ ਦੇਖ ਸਕਦੇ ਹੋ। ਇੱਕ ਇਹ ਵੀ ਕਾਰਨ ਹੈ ਕੀ ਡਿਜੀਟਲ ਪਲੇਟਫਾਰਮ 'ਤੇ ਲੋਕਾਂ ਨੇ ਪਿਛਲੇ ਕੁਝ ਸਮੇਂ 'ਚ ਰੁਖ ਕਿਉਂ ਕੀਤਾ।
ਕੋਵਿਡ ਦੇ ਸਮੇਂ ਵਿੱਚ ਫ਼ਿਲਮ ਪ੍ਰੋਡਿਊਸਰਸ ਤੇ ਫ਼ਿਲਮ ਮੇਕਰਸ ਦਾ ਵੀ OTT ਪਲੇਟਫਾਰਮ ਸਹਾਰਾ ਬਣਿਆ ਕਿਉਂਕਿ ਬਹੁਤ ਸਾਰੀਆਂ ਫ਼ਿਲਮ ਰਿਲੀਜ਼ ਹੁੰਦੀਆਂ-ਹੁੰਦੀਆਂ ਰਹਿ ਗਈਆਂ। ਇਸ ਨਾਲ ਪ੍ਰੋਡਿਊਸਰਸ ਨੂੰ ਮਾਰਕੀਟ 'ਚ ਕੌਸਟ ਪੈਣੀ ਸ਼ੁਰੂ ਹੋ ਗਈ ਸੀ। ਫਿਲਮਾਂ ਬਿਨ੍ਹਾ ਰਿਲੀਜ਼ ਕੀਤੇ ਨਿਰਮਾਤਾਵਾਂ ਨੂੰ ਕਾਫੀ ਨੁਕਸਾਨ ਹੋ ਗਿਆ। ਕੋਰੋਨਾ ਦੀ ਪਹਿਲੀ ਲਹਿਰ 'ਚ ਲਗਪਗ ਬਾਲੀਵੁੱਡ ਨੂੰ ਹੀ 3 ਤੋਂ 4 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ। ਬਾਕੀ ਸਾਊਥ, ਪੰਜਾਬੀ ਤੇ ਹੋਰ ਫ਼ਿਲਮ ਇੰਡਸਟਰੀ ਨੂੰ ਮਿਲਾ ਕੇ ਇਹ ਅੰਕੜਾ ਕਾਫੀ ਜ਼ਿਆਦਾ ਵਧ ਜਾਂਦਾ ਹੈ।
ਉਸ ਦੌਰਾਨ OTT ਨੇ ਪ੍ਰੋਡਿਊਸਰਸ ਦੀ ਡੁੱਬਦੀ ਬੇੜੀ ਨੂੰ ਬਚਾਇਆ ਤੇ ਫ਼ਿਲਮਾਂ ਨੂੰ ਖਰੀਦ ਕੇ ਪ੍ਰੀਮੀਅਰ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਨਿਰਮਾਤਾ ਕਾਫੀ ਹੱਦ ਤੱਕ ਨੁਕਸਾਨ ਤੋਂ ਬਚ ਸਕੇ। ਦਰਸ਼ਕਾਂ ਨੂੰ ਵੀ ਸਿਨੇਮਾਘਰ 'ਚ ਰਿਲੀਜ਼ ਹੋਣ ਵਾਲਿਆਂ ਫ਼ਿਲਮਾਂ ਘਰ ਬੈਠੇ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਉਨ੍ਹਾਂ ਨੂੰ ਥੀਏਟਰ ਦੀ ਜ਼ਰੂਰਤ ਮਹਿਸੂਸ ਹੋਣੀ ਖਤਮ ਹੋ ਗਈ। ਅੱਜ ਵੀ ਜੇਕਰ ਕੋਈ ਫ਼ਿਲਮ ਰਿਲੀਜ਼ ਹੁੰਦੀ ਤੇ ਉਸ ਦੇ ਇੱਕ ਮਹੀਨੇ ਬਾਅਦ ਹੀ ਉਹ OTT 'ਤੇ ਪ੍ਰੀਮੀਅਰ ਹੋ ਜਾਂਦੀ ਹੈ। ਲੋਕਾਂ ਨੂੰ ਜੇਕਰ ਇੱਕ ਮਹੀਨੇ ਬਾਅਦ ਉਹ ਫ਼ਿਲਮ ਘਰ ਬੈਠੇ ਕੇ ਘੱਟ ਪੈਸਿਆਂ 'ਚ ਦੇਖਣ ਨੂੰ ਮਿਲ ਰਹੀ ਹੈ ਤਾਂ ਉਹ ਸਿਨੇਮਾਘਰਾਂ ਦਾ ਰੁਖ ਕਿਉਂ ਕਰਨਗੇ।
ਜੇਕਰ ਫ਼ਿਲਮ ਸਿਨੇਮਾ 'ਚ ਚੰਗੀ ਕਮਾਈ ਨਹੀਂ ਕਰਦੀ ਤਾਂ ਕੁਝ ਹੀ ਦਿਨਾਂ 'ਚ ਉਹ ਡਿਜੀਟਲ ਉੱਪਰ ਆ ਜਾਂਦੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਰਾਧੇ-ਸ਼ਿਆਮ' ਨਾਲ ਵੀ ਇੰਝ ਹੀ ਹੋਇਆ। 350 ਕਰੋੜ ਦੇ ਬਜਟ ਨਾਲ ਬਣੀ ਫ਼ਿਲਮ 'ਰਾਧੇ-ਸ਼ਿਆਮ' ਨੇ ਬੌਕਸ ਆਫ਼ਿਸ 'ਤੇ 214 ਕਰੋੜ ਦੀ ਹੀ ਕਮਾਈ ਕੀਤੀ। ਇਸ ਕਰਕੇ ਪ੍ਰੋਡਿਊਸਰ ਨੇ ਨੁਕਸਾਨ ਤੋਂ ਬਚਣ ਲਈ 20 ਦਿਨਾਂ ਅੰਦਰ ਹੀ ਫ਼ਿਲਮ ਐਮਾਜ਼ਾਨ ਪ੍ਰਾਈਮ ਨੂੰ ਵੇਚ ਦਿੱਤੀ। ਪਿਛਲੇ ਸਾਲ 25 ਦਸੰਬਰ ਦੀ ਸਭ ਤੋਂ ਚਰਚਿਤ ਫ਼ਿਲਮ 83 ਨਾਲ ਵੀ ਇਹ ਸਭ ਕੁਝ ਹੋਇਆ ਤੇ ਹੁਣ 83 ਹਰ ਪਲੇਟਫਾਰਮ 'ਤੇ ਉਪਲਬਧ ਹੈ।
ਸਿਰਫ ਸਾਊਥ ਦੀਆਂ ਫ਼ਿਲਮਾਂ ਹੀ ਥੀਏਟਰ 'ਤੇ ਹਾਵੀ ਰਹੀਆਂ ਹਨ। ਪੁਸ਼ਪਾ, RRR ਵਰਗੀਆਂ ਫ਼ਿਲਮਾਂ ਨੇ ਦਰਸ਼ਕਾਂ ਦੀ ਮੁੜ ਸਿਨੇਮਾਘਰਾਂ 'ਚ ਰੁਚੀ ਵਧਾਈ ਹੈ। ਬਾਲੀਵੁੱਡ ਫ਼ਿਲਮਾਂ 'ਚ ਗੰਗੂਬਾਈ ਕਾਠੀਆਵਾੜੀ ਨੇ ਵੀ ਚੰਗੀ ਕਮਾਈ ਕੀਤੀ ਸੀ ਪਰ ਮੇਕਰਸ ਨੂੰ ਕੁਝ ਹੀ ਦਿਨਾਂ ਬਾਅਦ OTT 'ਤੇ ਫ਼ਿਲਮਾਂ ਰਿਲੀਜ਼ ਕਰਨ ਬਾਰੇ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਇਸ ਨਾਲ ਫ਼ਿਲਮਾਂ ਦੀ ਵਿਸ਼ੇਸ਼ਤਾ ਖ਼ਤਮ ਹੋ ਜਾਵੇਗੀ। ਫ਼ਿਲਮਾਂ ਜੇਕਰ ਸਿਨੇਮਾ 'ਚ ਤੇ ਵੈੱਬ ਸੀਰੀਜ਼ ਤੇ ਸ਼ੋਅਜ਼ ਨੂੰ OTT ਤੱਕ ਸੀਮਤ ਹੀ ਕੀਤਾ ਜਾਵੇ ਤਾਂ ਸਿਨੇਮਾਘਰ ਆਉਣ ਵਾਲੇ ਸਮੇਂ 'ਚ ਆਬਾਦ ਰਹਿਣਗੇ।