ਪੰਜਾਬ ਚੋਣਾਂ: ਕਿਸਾਨਾਂ ਦੇ ਮੈਦਾਨ 'ਚ ਆਉਣ ਨਾਲ ਆਖਰ ਕੌਣ ਜਿੱਤੇਗਾ ਸੱਤਾ ਦੀ ਬਾਜ਼ੀ?
ਨਰੇਂਦਰ ਭੱਲਾ
ਸਾਰਿਆਂ ਦੀਆਂ ਨਜ਼ਰਾਂ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੀਆਂ ਯੂਪੀ ਦੀਆਂ ਚੋਣਾਂ 'ਤੇ ਟਿਕੀਆਂ ਹੋਈਆਂ ਹਨ, ਪਰ ਲੱਗਦਾ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਆਸੀ ਨਜ਼ਰੀਏ ਤੋਂ ਕੁਝ ਹੋਰ ਦਿਲਚਸਪ ਹੋ ਸਕਦੀਆਂ ਹਨ, ਜੋ ਕਈ ਤਰ੍ਹਾਂ ਦੇ ਵੱਡੇ ਉਲਟ-ਫੇਰ ਹੋਣ ਦੇ ਇਸ਼ਾਰੇ ਦੇ ਰਹੀਆਂ ਹਨ। ਇਹ ਇਸ ਲਈ ਨਹੀਂ ਕਿ ਦੇਸ਼ ਦੇ ਸਭ ਤੋਂ ਖੁਸ਼ਹਾਲ ਕਹਾਉਣ ਵਾਲੇ ਇਸ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕਰ ਚੁੱਕੇ ਹਨ, ਸਗੋਂ ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਦੇਸ਼ ਦੀ ਸਿਆਸਤ ਦੀ ਨਵੀਂ ਪ੍ਰਯੋਗਸ਼ਾਲਾ ਬਣਦਾ ਨਜ਼ਰ ਆ ਰਿਹਾ ਹੈ।
ਹਾਲਾਂਕਿ ਫਿਲਹਾਰ ਕੋਈ ਵੀ ਸਿਆਸੀ ਦਲ ਇਹ ਅਨੁਮਾਨ ਲਗਾਉਣ ਦੀ ਸਥਿਤੀ 'ਚ ਨਹੀਂ ਕਿ ਇਹ ਪ੍ਰਯੋਗ ਕਿਸ ਹੱਦ ਤਕ ਸਫ਼ਲ ਹੋਵੇਗਾ ਪਰ ਸੱਚਾਈ ਇਹ ਹੈ ਕਿ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਚਲਾ ਰਹੇ ਕਿਸਾਨਾਂ ਨੇ ਹੁਣ ਪੰਜਾਬ ਦੇ ਚੋਣ ਮੈਦਾਨ 'ਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸਾਰੀਆਂ ਵੱਡੀਆਂ ਪਾਰਟੀਆਂ ਦਾ ਗਣਿਤ ਵਿਗੜ ਗਿਆ ਹੈ।
ਉਂਝ ਤਾਂ ਇਸ ਸਮੁੱਚੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਨਾ ਤਾਂ ਚੋਣਾਂ ਲੜੇਗਾ ਤੇ ਨਾ ਹੀ ਕਿਸੇ ਨੂੰ ਆਪਣਾ ਬੈਨਰ ਵਰਤਣ ਦੀ ਇਜਾਜ਼ਤ ਦੇਵੇਗਾ। ਇੱਕ ਪੁਰਾਣੀ ਕਹਾਵਤ ਹੈ ਕਿ ਜਿਵੇਂ ਹੀ ਕੋਈ ਕਾਨੂੰਨ ਬਣਦਾ ਹੈ ਤਾਂ ਉਸ ਦਾ ਤੋੜ ਪਹਿਲਾਂ ਹੀ ਨਿਕਲ ਆਉਂਦਾ ਹੈ। ਸੋ ਇਹ ਸਰਕਾਰ ਦਾ ਬਣਾਇਆ ਕਾਨੂੰਨ ਨਹੀਂ ਸੀ, ਸਿਰਫ਼ ਇੱਕ ਫ਼ਰਮਾਨ ਸੀ। ਲਿਹਾਜ਼ਾ ਪੰਜਾਬ ਦੇ ਚਾਹਵਾਨ ਕਿਸਾਨ ਆਗੂਆਂ ਨੇ ਇਸ ਦਾ ਜਿਹੜਾ ਤੋੜ ਕੱਢਿਆ ਹੈ, ਉਸ ਦਾ ਵਿਰੋਧ ਨਾ ਤਾਂ ਰਾਕੇਸ਼ ਟਿਕੈਤ ਕਰ ਸਕਣਗੇ ਤੇ ਨਾ ਹੀ ਸੰਯੁਕਤ ਕਿਸਾਨ ਮੋਰਚਾ ਮਤਲਬ ਐਸਕੇਐਮ ਨਾਲ ਸਬੰਧਤ ਹੋਰ ਕੋਈ ਆਗੂ। ਉਨ੍ਹਾਂ ਨੇ ਅਜਿਹਾ ਵਿਚਕਾਰਲਾ ਰਸਤਾ ਕੱਢਿਆ ਹੈ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ।
ਦਿੱਲੀ ਦੀਆਂ ਬਰੂਹਾਂ 'ਤੇ ਸਾਲ ਭਰ ਤੋਂ ਲੱਗੇ ਮੋਰਚੇ 'ਚ ਉਂਝ ਤਾਂ ਦੇਸ਼ ਦੇ ਕਈ ਸੰਗਠਨ ਸ਼ਾਮਲ ਸਨ, ਪਰ ਇਨ੍ਹਾਂ 'ਚ ਪੰਜਾਬ ਤੋਂ ਮੁੱਖ ਤੌਰ 'ਤੇ 32 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ, ਜਿਨ੍ਹਾਂ ਦਾ ਅਸਲ 'ਚ ਕੋਈ ਵਜੂਦ ਹੈ। ਇਨ੍ਹਾਂ 'ਚ 22 ਸੰਗਠਨ ਇਕਜੁੱਟ ਹੋ ਗਏ ਹਨ, ਜਿਨ੍ਹਾਂ ਨੇ 'ਸੰਯੁਕਤ ਸਮਾਜ ਮੋਰਚਾ' ਦੇ ਨਾਂ ਤੋਂ ਇੱਕ ਵੱਖਰੀ ਸਿਆਸੀ ਪਾਰਟੀ ਬਣਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਲੜਨਗੇ। ਕਿਸਾਨਾਂ ਦੇ ਇਸ ਮੋਰਚੇ ਤੇ ਪਾਰਟੀ ਦਾ ਮੁੱਖ ਚਿਹਰਾ ਬਲਬੀਰ ਸਿੰਘ ਰਾਜੇਵਾਲ ਹੋਣਗੇ। ਪੰਜਾਬ ਦੀ ਸਿਆਸਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਵਿੱਚੋਂ ਇੱਕ ਹਨ ਤੇ ਪਿਛਲੀਆਂ ਸਰਕਾਰਾਂ ਉਨ੍ਹਾਂ ਦੇ ਕਰੀਬੀ ਰਹੀਆਂ ਹਨ ਪਰ ਅਚਾਨਕ ਹੀ 22 ਜਥੇਬੰਦੀਆਂ ਨੂੰ ਇਕਜੁੱਟ ਕਰਕੇ ਮੋਰਚਾ ਬਣਾਉਣ ਪਿੱਛੇ ਜ਼ਰੂਰ ਕੋਈ ਅਜਿਹੀ ਸਿਆਸੀ ਚਾਲ ਹੈ, ਜਿਸ ਦਾ ਰਿਮੋਟ ਕਿਸੇ ਹੋਰ ਦੇ ਹੱਥ 'ਚ ਹੈ।
ਪੰਜਾਬ ਦੀ ਸਿਆਸੀ ਨਬਜ਼ ਨੂੰ ਸਮਝਣ ਵਾਲਿਆਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਸੂਬੇ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ। ਇਸ ਲਈ ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਵੀ ਚਰਚਾ ਕੀਤੀ ਹੈ, ਪਰ ਸੀਟਾਂ ਦੀ ਵੰਡ ਤੋਂ ਜ਼ਿਆਦਾ ਵੱਡਾ ਰੇੜਕਾ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ 'ਤੇ ਫਸਿਆ ਹੋਇਆ ਹੈ, ਕਿਉਂਕਿ 'ਆਪ' ਨੇ ਅਜੇ ਤਕ ਰਾਜੇਵਾਲ ਦੇ ਨਾਂ 'ਤੇ ਕੋਈ ਹਰੀ ਝੰਡੀ ਨਹੀਂ ਦਿੱਤੀ।
ਹਾਲਾਂਕਿ ਰਾਜੇਵਾਲ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਸਾਰੀਆਂ ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜਾਂਗੇ ਪਰ ਉਨ੍ਹਾਂ ਨਾਲ ਜੁੜੇ ਹੋਰ ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਨਾਲ ਸੀਟ ਵੰਡ 'ਤੇ ਗੱਲਬਾਤ ਹੋਣੀ ਚਾਹੀਦੀ ਹੈ ਤੇ ਹੋ ਸਕਦਾ ਹੈ ਕਿ ਉਹ ਸਾਡੇ ਫਰੰਟ ਨੂੰ 35-40 ਸੀਟਾਂ ਦੇ ਦੇਣ, ਪਰ ਫਿਲਹਾਲ ਅੰਤਮ ਫ਼ੈਸਲਾ ਨਹੀਂ ਲਿਆ ਗਿਆ।
ਦਰਅਸਲ, ਕੇਜਰੀਵਾਲ ਤੋਂ 'ਆਖ਼ਰੀ ਹਾਂ' ਹੋਣ ਤਕ ਬਲਬੀਰ ਸਿੰਘ ਰਾਜੇਵਾਰ ਆਪਣੇ ਪੱਤੇ ਨਹੀਂ ਖੋਲ੍ਹਣਾ ਚਾਹੁੰਦੇ। ਇਸੇ ਲਈ ਆਪਣਾ ਨਵਾਂ ਫ਼ਰੰਟ ਬਣਾਉਣ ਤੋਂ ਬਾਅਦ ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਨੂੰ ਲੈ ਕੇ ਬਣਾਇਆ ਗਿਆ ਹੈ ਪਰ ਅਸੀਂ ਇੱਕ ਵੱਡੀ ਲੜਾਈ ਜਿੱਤ ਕੇ ਆਏ ਹਾਂ। ਲਿਹਾਜ਼ਾ ਸਾਡੇ ਤੋਂ ਲੋਕਾਂ ਦੀਆਂ ਉਮੀਦਾਂ ਵਧ ਗਈਆਂ ਹਨ। ਸਾਡੇ 'ਤੇ ਲੋਕਾਂ ਦਾ ਦਬਾਅ ਬਣਿਆ ਕਿ ਜੇ ਉਹ ਮੋਰਚਾ ਜਿੱਤ ਸਕਦੇ ਹਨ ਤਾਂ ਫਿਰ ਪੰਜਾਬ ਲਈ ਕੁਝ ਵੀ ਕਰ ਸਕਦੇ ਹਨ। ਇਸੇ ਲਈ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਅਸੀਂ ਪੰਜਾਬ ਲਈ ਇੱਕ ਮੋਰਚੇ ਦੀ ਘੋਸ਼ਣਾ ਕਰ ਰਹੇ ਹਾਂ। ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਬਾਕੀ ਤਿੰਨ ਜਥੇਬੰਦੀਆਂ ਵੀ ਇਸ ਫਰੰਟ 'ਚ ਸ਼ਾਮਲ ਹੋਣ ਲਈ ਵਿਚਾਰ ਕਰ ਰਹੀਆਂ ਹਨ, ਕਿਉਂਕਿ ਅਸੀਂ ਸਾਰੇ ਇੱਕ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਹਾਂ।
ਉਂਝ ਧਿਆਨ ਦੇਣ ਵਾਲੀ ਗੱਲ ਹੈ ਕਿ ਪੰਜਾਬ ਚੋਣਾਂ ਨੂੰ ਲੈ ਕੇ ਹੁਣ ਤਕ ਦੇ ਸਾਰੇ ਸਰਵੇਖਣਾਂ 'ਚ ਕੇਜਰੀਵਾਲ ਦੀ 'ਆਪ' ਸਭ ਤੋਂ ਵੱਡੀ ਪਾਰਟੀ ਵਜੋਂ ਉਭਰਦੀ ਦਿਖਾਈ ਦੇ ਰਹੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣੀ ਪੰਜਾਬ ਲੋਕ ਪਾਰਟੀ ਤੇ ਭਾਜਪਾ ਦਾ ਗਠਜੋੜ ਹੋਣ ਤੋਂ ਬਾਅਦ ਸਿਆਸੀ ਤਸਵੀਰ 'ਚ ਵੀ ਬਦਲਾਅ ਆ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ ਨੂੰ ਵੀ ਇਹ ਖਤਰਾ ਮੰਡਰਾ ਰਿਹਾ ਹੈ ਕਿ ਕਿਤੇ ਜਿੱਤ ਦੀ ਬਾਜ਼ੀ ਹੱਥੋਂ ਨਾ ਨਿਕਲ ਜਾਵੇ। ਇਸ ਲਈ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਪਿੱਛੇ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦਾ ਦਿਮਾਗ ਵੀ ਹੋ ਸਕਦਾ ਹੈ। ਹਾਲਾਂਕਿ ਇਸ ਦੀ ਕੋਈ ਗਾਰੰਟੀ ਨਹੀਂ, ਕਿਉਂਕਿ ਸਿਆਸਤ 'ਚ ਜੋ ਹੁੰਦਾ ਹੈ, ਉਹ ਨਜ਼ਰ ਨਹੀਂ ਆਉਂਦਾ। ਉਂਝ ਵੀ ਲੋਕਤੰਤਰ 'ਚ 5 ਸਾਲਾਂ 'ਚ ਸ਼ੀਸ਼ਾ ਸਿਰਫ਼ ਇੱਕ ਵਾਰ ਹੀ ਜਨਤਾ ਦੇ ਸਾਹਮਣੇ ਆਉਂਦਾ ਹੈ। ਦੇਖਦੇ ਹਾਂ ਕਿ ਇਸ ਵਾਰ ਉਹ ਆਪਣਾ ਸ਼ੀਸ਼ਾ ਕਿਸ ਨੂੰ ਵਿਖਾਉਂਦੇ ਹਨ?
[ਨੋਟ- ਉੱਪਰ ਦਿੱਤੇ ਗਏ ਵਿਚਾਰ ਅਤੇ ਅੰਕੜੇ ਲੇਖਕ ਦੇ ਨਿੱਜੀ ਵਿਚਾਰ ਹਨ। ਜ਼ਰੂਰੀ ਨਹੀਂ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਸਬੰਧਤ ਸਾਰੇ ਦਾਅਵਿਆਂ ਜਾਂ ਇਤਰਾਜ਼ਾਂ ਲਈ ਇਕੱਲਾ ਲੇਖਕ ਹੀ ਜ਼ਿੰਮੇਵਾਰ ਹੈ।]