ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ 14ਵੀਂ ਸਦੀ ਦਾ ਦਿੱਲੀ ਦਾ ਸੁਲਤਾਨ: ਸਮਾਨਤਾਵਾਂ ਤੇ ਭਰਮ
ਵਿਨੈ ਲਾਲ ਪ੍ਰੋਫੈਸਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਨਾਗਰਿਕਾਂ ‘ਤੇ ‘ਸੈਂਟਰਲ ਵਿਸਟਾ’ ਪ੍ਰਾਜੈਕਟ ਦਾ ਬੋਝ ਪਾ ਕੇ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹੇ। ਦਿੱਲੀ ਦੇ ਸੁਲਤਾਨਾਂ, ਮੁਗ਼ਲ ਬਾਦਸ਼ਾਹਾਂ ਤੇ ਅੰਗਰੇਜ਼ਾਂ ਵਾਂਗ ਮੋਦੀ ਵੀ ਦਿੱਲੀ ਦੀ ਮਹਾਨ ਵਾਸਤੂ ਤੇ ਸ਼ਿਲਪ ਪਰੰਪਰਾ ਵਿੱਚ ਇਸ ਪ੍ਰਾਜੈਕਟਾਂ ਰਾਹੀਂ ਆਪਣੀ ਪਛਾਣ ਤੇ ਨਾਂਅ ਇਤਿਹਾਸ ਵਿੱਚ ਦਰਜ ਕਰਨਾ ਚਾਹੁੰਦੇ ਹਨ। ਭਾਵੇਂ ਇਸ ਲਈ ਉਨ੍ਹਾਂ ਨੂੰ ਲੱਖਾਂ ਲੋਕਾਂ ਦੇ ਜੀਵਨ ਦੀ ਕੁਰਬਾਨੀ ਹੀ ਕਿਓਂ ਨਾ ਦੇਣੀ ਪੈ ਜਾਵੇ।
14ਵੀਂ ਸਦੀ ਦਾ ਦਿੱਲੀ ਦਾ ਸੁਲਤਾਨ ਤੁਗ਼ਲਕ ਹਰ ਪੱਖੋਂ ਬਹੁਤ ਕਠੋਰ ਅਤੇ ਸਖ਼ਤ ਮਿਜਾਜ਼ ਦਾ ਹੋਣ ਦੇ ਬਾਵਜੂਦ ਦਿਲ ਦਾ ਚੰਗਾ ਬੰਦਾ ਸੀ। ਉਸ ਦੀ ਪਛਾਣ ਰਾਜ-ਭਾਗ ਵਿੱਚ ਬੇਹੱਦ ਦਇਆਹੀਣ ਅਤੇ ਮਨਮਾਨੀਆਂ ਕਰਨ ਵਾਲੇ ਰਾਜੇ ਦੀ ਹੈ। ਉਸ ਦੇ ਸਾਸ਼ਨਕਾਲ ਬਾਰੇ ਮੋਰੱਕੋ ਦੇ ਘੁਮੱਕੜ ਮੁਸਾਫਰ ਇਬਨ ਬਤੂਤਾ ਨੇ ਦਰਜ ਕੀਤਾ ਹੈ, ਜਿਸ ਨੇ ਸੁਲਤਾਨ ਦੇ ਦਰਬਾਰ ਵਿੱਚ ਤਕਰੀਬਨ ਛੇ ਸਾਲ ਗੁਜ਼ਾਰੇ ਸਨ। ਬਤੂਤਾ ਨੇ ਸ਼ੁਰੂਆਤ ਵਿੱਚ ਹੀ ਸਮਝ ਲਿਆ ਕਿ ਇਸ ਰਾਜਾ ਨੂੰ ਦੋ ਚੀਜ਼ਾਂ ਦੀ ਆਦਤ ਹੈ, ਇੱਕ ਤਾਂ ਲੋਕਾਂ ਨੂੰ ਤੋਹਫ਼ੇ ਦੇਣ ਅਤੇ ਦੂਜਾ ਲੋਕਾਂ ਦਾ ਖ਼ੂਨ ਵਹਾਉਣਾ। ਆਪਣੀ ਕਿਤਾਬ ਦੇ ਤੀਹ ਪੰਨਿਆਂ ਵਿੱਚ ਬਤੂਤਾ ਨੇ ਵਿਸਥਾਰ ਨਾਲ ਲਿਖਿਆ ਹੈ ਕਿ ਸੁਲਤਾਨ ਨੇ ਖ਼ਾਸ ਤੌਰ ‘ਤੇ ਵਿਦੇਸ਼ੀ ਮਹਿਮਾਨਾਂ ਸਮੇਤ ਆਪਣੇ ਰਾਜ ਦੇ ਰਈਸਾਂ ‘ਤੇ ਕਿਵੇਂ-ਕਿਵੇਂ ਤੋਹਫ਼ਿਆਂ ਦੀ ਬਰਸਾਤ ਕੀਤੀ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦਰਦਨਾਕ ਸਜ਼ਾਵਾਂ ਦਾ ਵਰਣਨ ਕੀਤਾ ਹੈ, ਜੋ ਸੁਲਤਾਨ ਨੇ ਉਨ੍ਹਾਂ ਲੋਕਾਂ ਨੂੰ ਦਿੱਤੀਆਂ, ਜਿਨ੍ਹਾਂ ਨੇ ਉਸ ਨਾਲ ਅਸਿਹਮਤ ਹੋਣ ਦੀ ਹਿੰਮਤ ਦਿਖਾਈ ਸੀ।
ਇਨ੍ਹਾਂ ਗੱਲਾਂ ਸਮੇਤ ਇਬਨ ਬਤੂਤਾ ਨੇ ਤੁਗ਼ਲਕ ਵੱਲੋਂ ਉਦੋਂ ਅਤੇ ਹੁਣ ਦੀ ਰਾਜਧਾਨੀ ਦਿੱਲੀ ਨੂੰ ਤਬਾਹ ਕਰਨ ਦਾ ਜੋ ਮੰਜ਼ਰ ਲਿਖਿਆ ਹੈ, ਉਹ ਬੇਹੱਦ ਦਿਲਚਸਪ ਹੈ। ਉਸ ਨੇ ਲਿਖਿਆ ਹੈ ਕਿ ਖ਼ੂਨ ਦੇ ਪਿਆਸੇ ਸੁਲਤਾਨ ਤੋਂ ਤੰਗ ਹੋ ਚੁੱਕੀ ਜਨਤਾ ਨੇ ਉਸ ਨੂੰ ਖੁੱਲ੍ਹ ਕੇ ਮਿਹਣਿਆਂ ਤੇ ਗਾਲ੍ਹਾਂ ਭਰੀਆਂ ਚਿੱਠੀਆਂ ਲਿਖ-ਲਿਖ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸੀ, ਤਾਂ ਸੁਲਤਾਨ ਨੇ ਬਦਲੇ ਦੀ ਕਾਰਵਾਈ ਕਰਦਿਆਂ ਪੂਰੇ ਸ਼ਹਿਰ ਨੂੰ ਹੀ ਤਬਾਹ ਕਰ ਦੇਣ ਦਾ ਫੈਸਲਾ ਕੀਤਾ ਸੀ। ਉਸ ਨੇ ਦਿੱਲੀ ਦੇ ਨਾਗਰਿਕਾਂ ਲਈ ਸਖ਼ਤ ਹੁਕਮ ਜਾਰੀ ਕਰ ਦਿੱਤਾ ਕਿ ਇਹ ਸ਼ਹਿਰ ਛੱਡ ਦਿਓ ਅਤੇ ਦੌਲਤਾਬਾਦ ਵੱਲ ਕੂਚ ਕਰੋ, ਜੋ ਉੱਥੋਂ ਦੱਖਣ ਦਿਸ਼ਾ ਵੱਲ ਹਜ਼ਾਰਾਂ ਮੀਲ ਦੀ ਦੂਰੀ ‘ਤੇ ਸੀ।
ਸੁਲਤਾਨ ਨੇ ਕਿਹਾ ਕਿ ਦੌਲਤਾਬਾਦ ਸਲਤਨਤ ਦੀ ਨਵੀਂ ਰਾਜਧਾਨੀ ਹੋਵੇਗੀ। ਇਬਨ ਬਤੂਤਾ ਨੇ ਲਿਖਿਆ ਹੈ ਕਿ ਸੁਲਤਾਨ ਨੇ ਆਪਣੇ ਗੁਲਾਮਾਂ ਤੇ ਕਰਮਚਾਰੀਆਂ ਨੂੰ ਦਿੱਲੀ ਦਾ ਚੱਪਾ-ਚੱਪਾ ਛਾਣ ਕੇ ਇਹ ਯਕੀਨੀ ਬਣਾਉਣ ਲਈ ਭੇਜਿਆ ਕਿ ਹਰ ਵਿਅਕਤੀ ਨੇ ਉਸ ਦੀ ਆਗਿਆ ਦਾ ਪਾਲਣ ਕੀਤਾ ਜਾਂ ਨਹੀਂ। ਸੁਲਤਾਨ ਦੇ ਲੋਕ ਦੋ ਬੰਦਿਆਂ ਨੂੰ ਘੜੀਸਦੇ ਹੋਏ ਲੈ ਆਏ ਜੋ ਕਿਧਰੇ ਲੁਕੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਅੰਗਹੀਣ ਸੀ ਅਤੇ ਦੂਜਾ ਅੰਨ੍ਹਾ। ਅੰਗਹੀਣ ਨੂੰ ਕਿਲ੍ਹੇ ਤੋਂ ਹੇਠਾਂ ਸੁਟਵਾ ਦਿੱਤਾ ਗਿਆ ਅਤੇ ਅੰਨ੍ਹੇ ਵਿਅਕਤੀ ਨੂੰ ਘੜੀਸਦੇ ਹੋਏ ਚਾਲੀ ਦਿਨਾਂ ਤੱਕ ਦੌਲਤਾਬਾਦ ਦੀ ਯਾਤਰਾ ਕਰਨ ਲਈ ਮਜਬੂਰ ਕੀਤਾ ਗਿਆ। ਇੰਨੇ ਦਿਨਾਂ ਤੱਕ ਦੌਲਤਾਬਾਦ ਦਾ ਸਫਰ ਕਰਨ ਵਾਲੇ ਅੰਨ੍ਹੇ ਵਿਅਕਤੀ ਦੇ ਸਰੀਰ ਵਿੱਚ ਸਿਰਫ ਨਾਂਅ ਜੋਗੇ ਹੀ ਸਾਹ ਬਚੇ ਸਨ।
ਇੱਧਰ, ਦਿੱਲੀ ਦੇ ਸੁਲਤਾਨ ਨੇ ਆਪਣੇ ਮਹਿਲ ਦੀ ਛੱਤ ‘ਤੇ ਚੜ੍ਹ ਕੇ ਦੇਖਿਆ ਕਿ ਕਿਤੇ ਰੌਸ਼ਨੀ ਤਾਂ ਨਹੀਂ ਜਗਦੀ ਜਾਂ ਕਿਤਿਓਂ ਧੂੰਆਂ ਤਾਂ ਨਹੀਂ ਉੱਠ ਰਿਹਾ। ਜਦ ਉਸ ਨੂੰ ਤਸੱਲੀ ਹੋਈ ਕਿ ਦਿੱਲੀ ਉੱਜੜ ਗਈ ਹੈ ਤਾਂ ਉਸ ਨੇ ਖ਼ੁਸ਼ ਹੋ ਕੇ ਕਿਹਾ, ‘ਮੇਰੇ ਦਿਮਾਗ ਨੂੰ ਹੁਣ ਸ਼ਾਂਤੀ ਮਿਲੀ ਹੈ ਤੇ ਮੇਰੀਆਂ ਭਾਵਨਾਵਾਂ ਨੂੰ ਹੁਣ ਤਸੱਲੀ ਮਿਲੀ ਹੈ।’ ਆਪਣੇ ਤਾਨਾਸ਼ਾਹ ਰਵੱਈਏ ਦੇ ਬੇਲਗਾਮ ਪ੍ਰਦਰਸ਼ਨ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀਆਂ ਖ਼ਤਰੇ ਵਿੱਚ ਪਾ ਕੇ ਤੇ ਉਨ੍ਹਾਂ ਦੀ ਆਜ਼ਾਦੀ ਖੋਹ ਕੇ ਦੋ ਸਾਲ ਬਾਅਦ ਤੁਗ਼ਲਕ ਨੇ ਫਿਰ ਜਨਤਾ ਦੇ ਨਾਂਅ ਫੁਰਮਾਨ ਜਾਰੀ ਕੀਤਾ ਕਿ ਸਾਰੇ ਦੌਲਤਾਬਾਦ ਤੋਂ ਦਿੱਲੀ ਪਰਤ ਆਓ।
(ਨੋਟ: ਉੱਪਰੋਕਤ ਦਿੱਤੇ ਗਏ ਵਿਚਾਰ ਤੇ ਅੰਕੜੇ ਲੇਖਕ ਦੇ ਵਿਅਕਤੀਗਤ ਵਿਚਾਰ ਹਨ। ਇਹ ਜ਼ਰੂਰੀ ਨਹੀਂ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਜੁੜੇ ਸਾਰੇ ਦਾਅਵੇ ਜਾਂ ਇਤਰਾਜ਼ ਲਈ ਸਿਰਫ ਲੇਖਕ ਦੀ ਜ਼ਿੰਮੇਵਾਰ ਹੈ।)