ਹਿੰਦੋਸਤਾਨ ਦੀ ਜੰਗ-ਏ-ਆਜ਼ਾਦੀ 'ਚ ਕਲਾ ਦੇ ਵੰਨ-ਸੁਵੰਨੇ ਰੰਗਾਂ ਨਾਲ ਫਨਾ ਹੋ ਜਾਣ ਵਾਲੇ ਦੇਸ਼ ਭਗਤਾਂ ਦੀ ਕਹਾਣੀ...
ਵਿਨੈ ਲਾਲ, ਪ੍ਰੋਫੈਸਰ
The Art Of The Freedom Struggle In India: 'ਆਜ਼ਾਦੀ' ਇਸ ਸ਼ਬਦ ਤੋਂ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਅਜਿਹੇ 'ਚ ਜਦੋਂ ਦੇਸ਼ ਨੂੰ ਆਜ਼ਾਦ ਦਾ ਜਸ਼ਨ ਮਨਾਏ ਹੋਏ ਕੁਝ ਦਿਨ ਹੀ ਬੀਤੇ ਹੋਣ ਤਾਂ ਫਿਰ ਆਜ਼ਾਦੀ ਤੋਂ ਪਹਿਲਾਂ ਬਸਤੀਵਾਦੀ ਹਕੂਮਤ ਦੀ ਗੁਲਾਮੀ ਦਾ ਉਹ ਦੌਰ ਮਨ 'ਚ ਤਾਜ਼ਾ ਹੋ ਜਾਂਦਾ ਹੈ। ਇਸ ਦੌਰ ਦੇ ਨਾਲ ਹੀ ਯਾਦ ਆਉਂਦੇ ਹਨ, ਉਹ ਲੋਕ ਜਿਨ੍ਹਾਂ ਨੇ ਆਜ਼ਾਦੀ ਦੀ ਇਸ ਇਮਾਰਤ ਨੂੰ ਬਣਾਉਣ 'ਚ ਮਹੱਤਵਪੂਰਨ ਆਰਕੀਟੈਕਟਾਂ ਦੀ ਭੂਮਿਕਾ ਨਿਭਾਈ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਭਾਵੇਂ ਆਜ਼ਾਦੀ ਨੂੰ ਹਕੀਕਤ ਬਣਾਉਣ ਵਾਲਿਆਂ ਦੇ ਨਾਂਅ ਆਮ ਤੌਰ 'ਤੇ 'ਰਾਸ਼ਟਰਪਿਤਾ' ਮਹਾਤਮਾ ਗਾਂਧੀ ਦਾ ਨਾਂਅ ਲੈਂਦੇ ਹਨ, ਪਰ ਆਜ਼ਾਦੀ ਦੀ ਇਸ ਇਮਾਰਤ ਨੂੰ ਉਸਾਰਨ 'ਚ ਹੋਰ ਵੀ ਬਹੁਤ ਸਾਰੇ ਮਹਾਨ ਆਰਕੀਟੈਕਟਾਂ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁਝ ਸਮੇਂ ਤੋਂ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲਿਆਂ ਦੇ ਨਾਵਾਂ 'ਚ ਮਹਾਤਮਾ ਗਾਂਧੀ ਦਾ ਨਾਂ ਹਾਸ਼ੀਏ 'ਤੇ ਲਿਜਾਇਆ ਜਾ ਰਿਹਾ ਹੈ। ਅਸਲ 'ਚ ਸਾਡੇ ਸਮਿਆਂ ਦਾ ਸਿਨੇਮਾ ਮੌਜੂਦਾ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਹੁਤ ਪਹਿਲਾਂ ਇਸ ਬਾਰੇ ਬਹੁਤ ਕੁਝ ਸਪੱਸ਼ਟ ਕਰਦਾ ਹੈ। ਸਿਨੇਮਾ ਦੇ ਇਸ ਦ੍ਰਿਸ਼ ਦੇ ਤਹਿਤ ਜੰਗ-ਏ-ਆਜ਼ਾਦੀ ਤੋਂ ਲੈ ਕੇ ਮੌਜੂਦਾ ਸਮੇਂ 'ਚ ਆਜ਼ਾਦੀ ਦੇ ਪਰਵਾਨਿਆਂ ਨੂੰ ਵੇਖਣ ਦੇ ਨਜ਼ਰੀਏ 'ਚ ਆਏ ਬਦਲਾਅ ਦੇ ਸਫ਼ਰ 'ਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ।
'RRR' ਜੰਗ-ਏ-ਆਜ਼ਾਦੀ ਦੀ ਨਵੀਂ ਰਵਾਇਤ
'RRR' ਦੀ ਅਸਾਧਾਰਨ ਸਫਲਤਾ ਬਹੁਤ ਕੁਝ ਕਹਿੰਦੀ ਹੈ। RRR ਸਾਲ 2022 'ਚ ਐਸਐਸ ਰਾਜਾਮੌਲੀ ਵੱਲੋਂ ਨਿਰਦੇਸ਼ਿਤ ਭਾਰਤੀ ਤੇਲਗੂ-ਭਾਸ਼ਾ ਦੀ ਮਹਾਂਕਾਵਿ ਐਕਸ਼ਨ ਡਰਾਮਾ ਫ਼ਿਲਮ ਹੈ। ਇਸ 'ਚ ਦੋ ਅਸਲ-ਜੀਵਨ ਭਾਰਤੀ ਕ੍ਰਾਂਤੀਕਾਰੀਆਂ, ਅਲੂਰੀ ਸੀਤਾਰਾਮ ਰਾਜੂ (ਚਰਣ) ਅਤੇ ਕੋਮਾਰਾਮ ਭੀਮ (ਰਾਮਾ ਰਾਓ) ਦੀ ਬ੍ਰਿਟਿਸ਼ ਰਾਜ ਵਿਰੁੱਧ ਲੜਾਈ ਬਾਰੇ ਦੱਸਿਆ ਗਿਆ ਹੈ।
ਫ਼ਿਲਮ ਦੀ ਕਹਾਣੀ 1920 ਦੇ ਦਹਾਕੇ ਤੋਂ ਸ਼ੁਰੂ ਹੁੰਦੀ ਹੈ। ਇਹ ਫ਼ਿਲਮ ਸਾਨੂੰ ਸਾਡੇ ਸਮਿਆਂ ਦੇ ਫ਼ਿਲਮ ਸੱਭਿਆਚਾਰ, ਬਹੁਤ ਸਾਰੇ ਭਾਰਤੀਆਂ ਦੀਆਂ ਰਾਜਨੀਤਿਕ ਸੰਵੇਦਨਾਵਾਂ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਲਈ ਇੱਕ ਨਵਾਂ ਬਿਰਤਾਂਤ ਜਾਂ ਨਵਾਂ ਕਥਾਨਕ ਰਚਣ ਬਾਰੇ ਦੱਸਦੀ ਹੈ। ਅਸਾਧਾਰਣ ਕਾਲਪਨਿਕ ਦ੍ਰਿਸ਼ਾਂ ਨਾਲ ਸਜੀ ਇਹ ਫ਼ਿਲਮ ਜ਼ਿਆਦਾਤਰ 'ਅਸਲ ਯੋਧੇ' ਹੋਣ ਦਾ ਜਸ਼ਨ ਮਨਾਉਂਦੀ ਹੈ, ਜਿਨ੍ਹਾਂ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ।
ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੀ ਇਸ ਗਲੈਕਸੀ 'ਚ ਨਾ ਤਾਂ ਮਹਾਤਮਾ ਗਾਂਧੀ ਨਜ਼ਰ ਆ ਰਹੇ ਹਨ ਅਤੇ ਨਾ ਹੀ ਜਵਾਹਰ ਲਾਲ ਨਹਿਰੂ। ਸਪੱਸ਼ਟ ਤੌਰ 'ਤੇ ਫ਼ਿਲਮ ਸੁਭਾਸ਼ ਚੰਦਰ ਬੋਸ, ਭਗਤ ਸਿੰਘ ਅਤੇ ਸਰਦਾਰ ਪਟੇਲ ਦੀ ਵਿਰਾਸਤ ਨੂੰ ਦਰਸਾਉਂਦੀ ਹੈ, ਖ਼ਾਸ ਤੌਰ 'ਤੇ ਅੰਤ 'ਚ ਇਹ ਸਪੱਸ਼ਟ ਹੈ ਕਿ ਫ਼ਿਲਮ ਆਜ਼ਾਦੀ ਸੰਗਰਾਮ ਦੇ ਕ੍ਰਾਂਤੀਕਾਰੀ ਨਾਇਕਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਂਦੀ ਪ੍ਰਤੀਤ ਹੁੰਦੀ ਹੈ।
ਇਸ ਫ਼ਿਲਮ ਦੇ ਪਟਕਥਾ ਲੇਖਕ ਵਿਜੇਂਦਰ ਪ੍ਰਸਾਦ ਨੇ ਵੀ ਆਨਲਾਈਨ ਪਲੇਟਫਾਰਮ ਇੰਸਟਾਗ੍ਰਾਮ, ਟਵਿੱਟਰ ਅਤੇ ਵਟਸਐਪ 'ਤੇ ਅਧਿਕਾਰਤ ਤੌਰ 'ਤੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਜਦੋਂ ਇਨ੍ਹਾਂ ਆਨਲਾਈਨ ਪਲੇਟਫਾਰਮਾਂ 'ਤੇ 5 ਸਾਲ ਪਹਿਲਾਂ ਉਨ੍ਹਾਂ ਤੋਂ ਕੁੱਝ ਦੋਸਤਾਂ ਨੇ ਸਵਾਲ ਕੀਤਾ ਸੀ ਕਿ ਕੀ ਮਹਾਤਮਾ ਗਾਂਧੀ ਅਤੇ ਨਹਿਰੂ ਨੇ ਦੇਸ਼ ਲਈ ਕੁਝ ਕੀਤਾ ਹੈ? ਉਦੋਂ ਵਿਜੇਂਦਰ ਪ੍ਰਸਾਦ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਉਸ ਰੂੜੀਵਾਦੀਇਤਿਹਾਸਕ ਵਿਚਾਰਧਾਰਾ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਜੋ ਭਾਰਤੀ ਸਕੂਲਾਂ 'ਚ ਬਚਪਨ ਤੋਂ ਹੀ ਪੜ੍ਹਾਈ ਜਾ ਰਹੀ ਸੀ।
ਸੁਭਾਵਿਕ ਤੌਰ 'ਤੇ ਜਦੋਂ ਤੁਸੀਂ ਵਟਸਐਪ ਅਤੇ ਟਵਿੱਟਰ ਤੋਂ ਆਪਣੇ ਇਤਿਹਾਸ ਨੂੰ ਸਮਝਦੇ ਹੋ ਤਾਂ ਤੁਹਾਨੂੰ 'RRR' ਮਿਲਦਾ ਹੈ। ਇਹ ਯਕੀਨੀ ਤੌਰ 'ਤੇ ਸਵਾਲ ਤੋਂ ਪਰੇ ਹੈ ਕਿ ਫ਼ਿਲਮਾਂ ਦੇ ਨਿਰਮਾਤਾ ਭਾਰਤ ਦੇ ਕਬਾਇਲੀ ਸੱਭਿਆਚਾਰ ਜਾਂ ਜਾਤ ਅਤੇ ਇਸ ਦੇ ਸਿਆਸੀ ਇਤਿਹਾਸ ਨੂੰ ਕਿਵੇਂ ਲੈਂਦੇ ਹਨ ਅਤੇ ਸਮਝਦੇ ਹਨ।
ਇੰਝ ਸਮਝੋ ਜੰਗ-ਏ-ਆਜ਼ਾਦੀ ਨੂੰ ਕਲਾ ਦੇ ਨਵੇਂ ਦ੍ਰਿਸ਼ਟੀਕੋਣ ਤੋਂ
ਸੁਤੰਤਰਤਾ ਸੰਗਰਾਮ ਦੇ ਦੌਰ 'ਚ ਅਤੇ ਉਸ ਤੋਂ ਤੁਰੰਤ ਬਾਅਦ ਕੀ ਹੋਇਆ ਸੀ, ਉਸ ਨੂੰ ਸਮਝਣ ਦਾ ਇਕ ਤਰੀਕਾ ਹੈ ਕਿ ਉਸ ਸਮੇਂ ਦੀ ਕਲਾ ਵੱਲ ਨਜ਼ਰ ਮਾਰੀ ਜਾਵੇ। ਇਹ ਮੰਨਿਆ ਜਾਵੇ ਕਿ ਉਸ ਦੌਰ ਦੇ ਕਲਾਕਾਰਾਂ ਨੇ ਉਨ੍ਹਾਂ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ 'ਤੇ ਕੀ ਪ੍ਰਤੀਕਿਰਿਆ ਦਿੱਤੀ ਸੀ। ਆਜ਼ਾਦੀ ਦੀ ਲੜਾਈ ਦੀ ਕਲਾ ਦੀ ਸੰਖੇਪ ਜਾਣਕਾਰੀ ਤੋਂ ਜੋ ਸਪੱਸ਼ਟ ਹੁੰਦਾ ਹੈ ਉਹ ਇਹ ਹੈ ਕਿ ਕਲਾਕਾਰਾਂ ਅਤੇ ਪੋਸਟਰ ਪ੍ਰਿੰਟ ਨਿਰਮਾਤਾਵਾਂ ਨੇ ਮਹਾਤਮਾ ਗਾਂਧੀ ਨੂੰ ਆਜ਼ਾਦੀ ਪਾਉਣ ਲਈ ਬੇਤਾਬ ਭਾਰਤੀਆਂ ਦੀਆਂ ਇੱਛਾਵਾਂ ਦਾ ਸਰਵਉੱਚ ਅਵਤਾਰ ਵਜੋਂ ਪੇਸ਼ ਕੀਤਾ।
ਇਨ੍ਹਾਂ ਕਲਾਕਾਰਾਂ ਨੇ ਬਿਨਾਂ ਕਿਸੇ ਝਿਜਕ ਦੇ ਮਹਾਤਮਾ ਗਾਂਧੀ ਨੂੰ ਰਾਜਨੀਤਿਕ ਦ੍ਰਿਸ਼ ਦੇ ਪ੍ਰਧਾਨ ਦੇਵਤੇ 'ਚ ਬਦਲ ਦਿੱਤਾ। ਹੁਣ ਤੱਕ ਦੇ ਸਭ ਤੋਂ ਵੱਧ ਰਾਸ਼ਟਰਵਾਦੀ ਪੋਸਟਰ ਪ੍ਰਿੰਟ 'ਚ ਮਹਾਤਮਾ ਗਾਂਧੀ ਨੂੰ ਇੱਕ ਨਾਇਕ ਵਜੋਂ ਉਭਾਰਿਆ ਗਿਆ ਹੈ। ਰਾਸ਼ਟਰਵਾਦੀ ਪੋਸਟਰ ਪ੍ਰਿੰਟਸ ਨੂੰ ਇਸ ਲਈ ਕਿਹਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਕਲਾ ਵਿੱਚ ਮਹਾਤਮਾ ਗਾਂਧੀ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਏ ਰਾਜਨੀਤਿਕ ਘਟਨਾਵਾਂ ਅਤੇ ਰਾਜਨੀਤਿਕ ਥੀਏਟਰ ਨੂੰ ਦਰਸਾਉਂਦੇ ਹਨ। ਚੰਪਾਰਨ ਸੱਤਿਆਗ੍ਰਹਿ ਹੋਵੇ, ਅਸਹਿਯੋਗ ਅੰਦੋਲਨ ਹੋਵੇ, ਗੈਰ-ਟੈਕਸ ਮੁਹਿੰਮ ਜਿਵੇਂ ਬਾਰਡੋਲੀ ਸੱਤਿਆਗ੍ਰਹਿ, ਨਮਕ ਸੱਤਿਆਗ੍ਰਹਿ ਜਾਂ ਭਾਰਤ ਛੱਡੋ ਅੰਦੋਲਨ ਹੋਵੇ।
ਇਸ ਤੋਂ ਵੀ ਅਨੋਖੀ ਗੱਲ ਇਹ ਹੈ ਕਿ ਪੋਸਟਰ ਛਾਪਣ ਵਾਲਿਆਂ ਅਤੇ ਕਲਾਕਾਰਾਂ ਨੇ ਵੀ ਬਿਨਾਂ ਕਿਸੇ ਝਿਜਕ ਦੇ ਮਹਾਤਮਾ ਗਾਂਧੀ ਨੂੰ ਉਸ ਸਮੇਂ ਦੇ ਸਾਰੇ ਰਾਜਨੀਤਿਕ ਦਿੱਗਜਾਂ ਵਿੱਚੋਂ ਸਭ ਤੋਂ ਉੱਚਾ ਦਰਜਾ ਦਿੱਤਾ। ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਧਰਮ ਦੇ ਸੰਸਥਾਪਕ ਅਤੇ ਭਾਰਤੀ ਸੱਭਿਅਤਾ ਦੀ ਅਧਿਆਤਮਿਕ ਵਿਰਾਸਤ ਦੇ ਸੱਚੇ ਵਾਰਸ ਵਜੋਂ ਪੇਸ਼ ਕੀਤਾ।
ਉਦਾਹਰਨ ਲਈ ਪੀ.ਐਸ. ਰਾਮਚੰਦਰ ਰਾਓ ਦੁਆਰਾ ਬਣਾਏ ਗਏ ਪੋਸਟਰ ਨੂੰ ਲੈ ਲਓ। ਇਹ ਪੋਸਟਰ 1947-48 'ਚ ਮਦਰਾਸ ਤੋਂ 'ਦਿ ਸਪਲੈਂਡਰ ਦੈਟ ਇਜ਼ ਇੰਡੀਆ' ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਵਿੱਚ ਮਹਾਤਮਾ ਗਾਂਧੀ ਨੂੰ 'ਮਹਾਨ ਰੂਹਾਂ' ਦੇ ਦੇਵਤਾ ਸਮੂਹ ਜਾਂ ਪੰਥ 'ਚ ਰੱਖਿਆ ਗਿਆ ਹੈ। ਇਸ ਪੋਸਟਰ 'ਚ ਮਹਾਤਮਾ ਗਾਂਧੀ ਨੂੰ ਵਾਲਮੀਕਿ, ਤਿਰੁਵੱਲੂਵਰ, ਬੁੱਧ, ਮਹਾਵੀਰ, ਸ਼ੰਕਰਾਚਾਰੀਆ, ਦਾਰਸ਼ਨਿਕ ਰਾਮਾਨੁਜ, ਗੁਰੂ ਨਾਨਕ, ਰਾਮਕ੍ਰਿਸ਼ਨ, ਰਮਣ ਮਹਾਰਿਸ਼ੀ ਦੇ ਨਾਲ ਦਰਸਾਇਆ ਗਿਆ ਹੈ। ਪੋਸਟਰ 'ਚ ਮਹਾਤਮਾ ਗਾਂਧੀ ਨੂੰ ਮਹਾਨ ਸ਼ਖ਼ਸੀਅਤਾਂ ਦੇ ਨਾਲ ਦਰਸਾਇਆ ਗਿਆ ਹੈ, ਜਿਨ੍ਹਾਂ ਨੇ ਲੋਕਾਂ ਦੇ ਅਧਿਆਤਮਿਕ ਜੀਵਨ ਨੂੰ ਜ਼ਿੰਦਾ ਕੀਤਾ।
ਰਾਸ਼ਟਰਵਾਦੀ ਕਲਾ 'ਚ ਕਾਨਪੁਰ ਦਾ ਮਹੱਤਵਪੂਰਨ ਯੋਗਦਾਨ
ਆਓ ਕੁਝ ਹੋਰ ਸਧਾਰਨ ਪੋਸਟਰ ਪ੍ਰਿੰਟਸ 'ਤੇ ਇੱਕ ਨਜ਼ਰ ਮਾਰੀਏ। ਇਨ੍ਹਾਂ 'ਚ ਸ਼ਿਆਮ ਸੁੰਦਰ ਲਾਲ ਵੱਲੋਂ ਸਥਾਪਿਤ ਕਾਨਪੁਰ 'ਚ ਇੱਕ ਵਰਕਸ਼ਾਪ ਵਿੱਚ ਬਣਾਈਆਂ ਗਈਆਂ ਪੇਂਟਿੰਗਾਂ ਸ਼ਾਮਲ ਹੋ ਸਕਦੀਆਂ ਹਨ। ਸ਼ਿਆਮ ਸੁੰਦਰ ਲਾਲ ਆਪਣੇ ਆਪ ਨੂੰ 'ਪਿਕਚਰ ਮਰਚੈਂਟ' ਕਹਿੰਦੇ ਸਨ ਅਤੇ ਉਨ੍ਹਾਂ ਨੇ ਕਾਨਪੁਰ ਚੌਂਕ 'ਚ ਆਪਣਾ ਕਾਰੋਬਾਰ ਸਥਾਪਿਤ ਕੀਤਾ।
19ਵੀਂ ਸਦੀ ਦੇ ਅੰਤ ਤੱਕ ਕਾਨਪੁਰ ਫ਼ੌਜ ਲਈ ਜ਼ਰੂਰੀ ਸਪਲਾਈ ਲਈ ਇੱਕ ਮੁੱਖ ਨਿਰਮਾਣ ਅਤੇ ਉਤਪਾਦਨ ਕੇਂਦਰ ਸੀ, ਜਦਕਿ ਦੂਜੇ ਪਾਸੇ ਕਾਨਪੁਰ ਮਜ਼ਦੂਰ ਯੂਨੀਅਨਾਂ ਦੇ ਸੰਗਠਨ ਲਈ ਵੀ ਇੱਕ ਬਹੁਤ ਮਹੱਤਵਪੂਰਨ ਸਥਾਨ ਸੀ। ਇਹ ਉਹ ਸ਼ਹਿਰ ਸੀ, ਜਿੱਥੇ ਕਮਿਊਨਿਸਟ ਅਤੇ ਕਾਂਗਰਸ ਦੋਵੇਂ ਸੱਤਾ ਲਈ ਲੜਦੇ ਸਨ।
ਸਾਨੂੰ ਬਿਲਕੁਲ ਨਹੀਂ ਪਤਾ ਕਿ ਇਹ ਪੋਸਟਰ ਪ੍ਰਿੰਟ ਕਿਵੇਂ ਪ੍ਰਸਾਰਿਤ ਕੀਤੇ ਗਏ, ਵੰਡੇ ਗਏ ਜਾਂ ਵਰਤੇ ਗਏ। ਕੀ ਇਹ ਪ੍ਰਿੰਟ ਲੋਕਾਂ ਨੂੰ ਹੱਥੋ-ਹੱਥ ਦਿੱਤੇ ਗਏ ਸਨ? ਜਾਂ ਕੀ ਉਹ ਜਨਤਕ ਥਾਵਾਂ 'ਤੇ ਕੰਧਾਂ 'ਤੇ ਚਿਪਕਾਏ ਗਏ ਸਨ ਜਾਂ ਘਰਾਂ 'ਚ ਫਰੇਮ ਕਰਕੇ ਲਗਾਏ ਜਾਂਦੇ ਸਨ? ਸਾਨੂੰ ਇਹ ਵੀ ਨਹੀਂ ਪਤਾ ਕਿ ਅਜਿਹੇ ਹਰੇਕ ਪੋਸਟਰ ਪ੍ਰਿੰਟ ਦੀਆਂ ਕਿੰਨੀਆਂ ਕਾਪੀਆਂ ਛਪੀਆਂ ਸਨ।
ਇਹ ਵੀ ਸਪੱਸ਼ਟ ਨਹੀਂ ਹੈ ਕਿ ਵਰਕਸ਼ਾਪ ਕਾਰੋਬਾਰ 'ਚ ਰਹਿਣ ਲਈ ਲਗਭਗ 20 ਤੋਂ 30 ਸਾਲਾਂ ਦੌਰਾਨ ਅਸਲ ਵਿੱਚ ਕਿੰਨੇ ਡਿਜ਼ਾਈਨ ਪ੍ਰਚਲਨ 'ਚ ਰਹੇ ਸਨ। ਪਰ ਜਿਹੜੇ ਪੋਸਟਰ ਪ੍ਰਿੰਟ ਬੱਚ ਗਏ ਹਨ, ਉਨ੍ਹਾਂ ਬਾਰੇ ਕੁਝ ਸਿੱਟਾ ਕੱਢਣਾ ਸੰਭਵ ਹੋ ਜਾਂਦਾ ਹੈ ਕਿ ਪੋਸਟਰ ਛਾਪਣ ਵਾਲੇ ਰਾਸ਼ਟਰਵਾਦੀ ਸੰਘਰਸ਼ ਨੂੰ ਕਿਵੇਂ ਦੇਖਦੇ ਸਨ।
ਪਿਕਚਰ ਮਰਚੇਂਟ ਦੀ ਸ਼ਾਨਦਾਰ ਕਲਾਕਾਰੀ
ਸੁੰਦਰ ਲਾਲ ਦੀ ਕਾਰਜਸ਼ਾਲਾ ਲਈ ਮਿਹਨਤ ਨਾਲ ਪੋਸਟਰ ਪ੍ਰਿੰਟ ਤਿਆਰ ਕਰਨ ਵਾਲੇ ਕਲਾਕਾਰਾਂ 'ਚੋਂ ਇਕ ਪ੍ਰਭੂ ਦਿਆਲ ਸਨ। ਅਸੀਂ ਮੌਜੂਦਾ ਦੌਰ 'ਚ ਉਨ੍ਹਾਂ ਦੀਆਂ ਕਲਾਕਾਰੀ ਦੀਆਂ ਤਿੰਨ ਉਦਾਹਰਣਾਂ ਤੋਂ ਕੁਝ ਹੱਦ ਤੱਕ ਉਸ ਸਮੇਂ ਦੇ ਕਲਾਕਾਰਾਂ ਦੀ ਨਜ਼ਰ ਤੋਂ ਰਾਸ਼ਟਰਵਾਦੀ ਸੰਘਰਸ਼ ਨੂੰ ਸਮਝ ਸਕਦੇ ਹਾਂ। ਕਲਾਕਾਰ ਦਿਆਲ ਨੇ 'ਸਤਿਆਗ੍ਰਹਿ ਯੋਗ-ਸਾਧਨਾ' ਸਿਰਲੇਖ ਵਾਲੇ ਆਪਣੇ ਇੱਕ ਪੋਸਟਰ ਪ੍ਰਿੰਟ 'ਚ, ਜਾਂ ਯੋਗ ਦੇ ਅਨੁਸ਼ਾਸਨ ਤੋਂ ਸੱਤਿਆਗ੍ਰਹਿ ਦੀ ਸਫਲਤਾ 'ਚ ਮਹਾਤਮਾ ਗਾਂਧੀ ਨੂੰ ਇੱਕ ਅਹਿਮ ਸਥਾਨ (ਵਿਚਕਾਰ 'ਚ) 'ਤੇ ਵਿਖਾਇਆ ਹੈ ਤਾਂ ਮੋਤੀ ਲਾਲ ਅਤੇ ਉਨ੍ਹਾਂ ਦੇ ਪੁੱਤਰ ਜਵਾਹਰ ਲਾਲ ਨੂੰ ਦੋਵਾਂ ਸਿਰਿਆਂ 'ਤੇ ਵਿਖਾਇਆ ਹੈ।
ਇਸ 'ਚ ਮਹਾਤਮਾ ਗਾਂਧੀ ਨੂੰ ਵਿਚਕਾਰ ਦੀ ਮੁਦਰਾ 'ਚ ਕੰਡਿਆਂ ਦੇ ਆਸਨ 'ਤੇ ਬੈਠੇ ਦਿਖਾਇਆ ਗਿਆ ਹੈ, ਸ਼ਾਇਦ ਇਹ ਕੰਡਿਆਂ ਦੇ ਆਸਨ 'ਤੇ ਮਰਨ ਵਾਲੇ ਭੀਸ਼ਮ ਪਿਤਾਮਾ ਦੀ ਯਾਦ ਦਿਵਾਉਂਦਾ ਹੈ, ਉਨ੍ਹਾਂ ਕਿ ਉਹ ਵੀ ਇਸੇ ਆਸਨ 'ਤੇ ਲੇਟੇ ਸਨ ਅਤੇ ਉਨ੍ਹਾਂ ਨੇ ਇਸੇ ਆਸਨ 'ਤੇ ਰਾਜਾ ਦੇ ਕਰਤੱਵਾਂ ਅਤੇ ਧਰਮ ਦੀ ਅਸਥਿਰਤਾ ਬਾਰੇ ਆਪਣਾ ਆਖਰੀ ਉਪਦੇਸ਼ ਦਿੱਤਾ ਸੀ। ਇਸ ਪੋਸਟਰ ਪ੍ਰਿੰਟ ਰਾਹੀਂ ਸ਼ਾਇਦ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਸ ਤਰ੍ਹਾਂ ਕੰਡਿਆਂ ਤੋਂ ਬਿਨਾਂ ਗੁਲਾਬ ਦੀਆਂ ਝਾੜੀਆਂ ਨਹੀਂ ਹੁੰਦੀਆਂ, ਉਸੇ ਤਰ੍ਹਾਂ ਸੰਜਮ ਤੇ ਅਨੁਸ਼ਾਸਨ ਤੋਂ ਬਿਨਾਂ ਕਿਸੇ ਕਿਸਮ ਦੀ ਆਜ਼ਾਦੀ ਨਹੀਂ ਮਿਲਦੀ।
ਇਸੇ ਤਰ੍ਹਾਂ ਇਸ ਪੋਸਟਰ ਪ੍ਰਿੰਟ 'ਚ ਮਹਾਤਮਾ ਗਾਂਧੀ ਜੀ ਅਤੇ ਮੋਤੀ ਲਾਲ ਨਹਿਰੂ ਅਤੇ ਜਵਾਹਰ ਲਾਲ ਨਹਿਰੂ ਵੱਲੋਂ ਤਿੰਨ ਚਮਕਦਾਰ ਕਿਰਨਾਂ ਉੱਪਰ ਜਾ ਕੇ ਪੂਰਾ ਆਜ਼ਾਦੀ ਦੇ ਇਕ ਗੋਲੇ 'ਚ ਜਾ ਕੇ ਮਿਲ ਰਹੀਆਂ ਹਨ। ਇਸ ਰਾਹੀਂ ਕਲਾਕਾਰ ਪ੍ਰਭੂ ਦਿਆਲ ਪੂਰਨ ਸਵਰਾਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲਾਹੌਰ 'ਚ ਦਸੰਬਰ 1929 'ਚ ਜਵਾਹਰ ਲਾਲ ਦੀ ਪ੍ਰਧਾਨਗੀ 'ਚ ਕਾਂਗਰਸ ਦੀ ਸਾਲਾਨਾ ਮੀਟਿੰਗ 'ਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਪੋਸਟਰ ਪ੍ਰਿੰਟ 'ਚ ਇਹ ਪੂਰਨ ਆਜ਼ਾਦੀ ਜਾਂ 'ਪੂਰੀ ਆਜ਼ਾਦੀ' ਦੀਆਂ ਕਿਰਨਾਂ ਹਨ ਜੋ ਤਿੰਨਾਂ 'ਤੇ ਚਮਕਦੀਆਂ ਹਨ।
ਆਜ਼ਾਦੀ ਸੰਘਰਸ਼ ਦਾ ਭਾਰਤ ਕਾਂਡ ਪੋਸਟਰ
ਇਸ ਪੋਸਟਰ ਪ੍ਰਿੰਟ ਤੋਂ ਵੀ ਵੱਧ ਵਿਲੱਖਣ 1930 ਦੇ ਦਹਾਕੇ ਦਾ ਪੋਸਟਰ ਪ੍ਰਿੰਟ ਹੈ। ਇਸ 'ਚ ਮਹਾਤਮਾ ਗਾਂਧੀ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਜੰਗ ਨੂੰ ਦਿਖਾਇਆ ਗਿਆ ਹੈ, ਜਿਸ 'ਚ ਰਾਮ ਅਤੇ ਰਾਵਣ ਵਿਚਕਾਰ ਹੋਏ ਮਹਾਨ ਯੁੱਧ ਦਾ ਸਹਾਰਾ ਲਿਆ ਗਿਆ ਹੈ। ਇਹ ਪੋਸਟਰ ਪ੍ਰਿੰਟ ਅਹਿੰਸਾ ਅਤੇ ਹਿੰਸਾ ਸੱਚ ਅਤੇ ਝੂਠ ਵਿਚਕਾਰ ਆਧੁਨਿਕ ਸੰਘਰਸ਼ ਨੂੰ ਦਰਸਾਉਂਦਾ ਹੈ। ਇਹ ਪੋਸਟਰ ਪ੍ਰਿੰਟ ਦਸ ਸਿਰਾਂ ਵਾਲੇ ਰਾਵਣ ਨੂੰ ਬ੍ਰਿਟਿਸ਼ ਰਾਜ ਵਜੋਂ ਜਾਣੇ ਜਾਂਦੇ ਮੌਤ ਅਤੇ ਜ਼ੁਲਮ ਦੀ ਕਈ ਸਿਰ ਵਾਲੀ ਮਸ਼ੀਨਰੀ ਵਜੋਂ ਦਰਸਾਇਆ ਗਿਆ ਹੈ। ਇਸ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦੇ ਸੰਦਰਭ 'ਚ ਸਾਡੇ ਸਮਿਆਂ ਦੀ ਰਾਮਾਇਣ ਵਜੋਂ ਦਰਸਾਇਆ ਗਿਆ ਹੈ।
ਇਸ ਪੋਸਟਰ 'ਚ ਸੁਤੰਤਰਤਾ ਦੀ ਲੜਾਈ 'ਚ ਮਹਾਤਮਾ ਗਾਂਧੀ ਦਾ ਇੱਕੋ ਇੱਕ ਹਥਿਆਰ ਧਾਗਾ ਤੇ ਚਰਖਾ ਹੈ। ਹਾਲਾਂਕਿ ਜਿਵੇਂ ਰਾਮ ਦੀ ਮਦਦ ਹਨੂੰਮਾਨ ਨੇ ਕੀਤੀ ਸੀ, ਉਸੇ ਤਰ੍ਹਾਂ ਪੋਸਟਰ 'ਚ ਨਹਿਰੂ ਨੂੰ ਹਨੂੰਮਾਨ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਮਹਾਤਮਾ ਗਾਂਧੀ ਦੀ ਮਦਦ ਕਰਦੇ ਦਿਖਾਏ ਗਏ ਹਨ। ਇਸ ਤੱਥ 'ਚ ਕੋਈ ਸ਼ੱਕ ਨਹੀਂ ਹੈ ਕਿ ਨਹਿਰੂ ਨੂੰ ਆਧੁਨਿਕ ਹਨੂੰਮਾਨ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਜੀਵਨ-ਰੱਖਿਅਕ ਦਵਾਈ ਸੰਜੀਵਨੀ ਦੀ ਖੋਜ 'ਚ ਪੂਰੇ ਦ੍ਰੋਣ ਪਰਬਤ ਦੇ ਨਾਲ ਪਰਤੇ ਸਨ। ਇਸ ਲੰਕਾ ਕਾਂਡ ਵਰਗੇ ਪੋਸਟਰ 'ਚ ਭਾਰਤਕਾਂਡ ਨਾਂਅ ਦਿੱਤਾ ਗਿਆ ਹੈ।
ਪੋਸਟਰ 'ਚ ਬ੍ਰਿਟਿਸ਼ ਸ਼ਕਤੀ ਦੀ ਯਾਦਗਾਰ ਵਜੋਂ ਬਣਾਈ ਗਈ ਨਵੀਂ ਸ਼ਾਹੀ ਰਾਜਧਾਨੀ ਦੇ ਆਰਕੀਟੈਕਚਰ 'ਚ ਇੱਕ ਕੰਢੇ 'ਤੇ ਬੈਠੀ ਉਦਾਸ ਅਤੇ ਲਾਚਾਰ ਭਾਰਤ ਮਾਤਾ ਨੂੰ ਦਰਸਾਇਆ ਗਿਆ ਹੈ। ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਨੰਗੇ ਧੜ ਅਤੇ ਉਨ੍ਹਾਂ ਦੀ ਪੇਂਡੂ ਧੋਤੀ 'ਚ ਬ੍ਰਿਟਿਸ਼ ਅਫਸਰ ਦੇ ਉਲਟ ਦਰਸਾਇਆ ਗਿਆ ਹੈ। ਇਸ ਅੰਗਰੇਜ਼ ਅਫਸਰ ਦੇ ਹੱਥਾਂ 'ਚ ਤੋਪਖਾਨਾ, ਪੁਲਿਸ ਦਾ ਡੰਡਾ, ਫ਼ੌਜੀ ਹਵਾਈ ਜਹਾਜ਼ ਆਦਿ ਕਈ ਹਥਿਆਰ ਹਨ। ਬਿਨਾਂ ਸ਼ੱਕ ਇਸ ਪੋਸਟਰ 'ਚ ਇੱਕ ਤਰ੍ਹਾਂ ਨਾਲ ਹਥਿਆਰਬੰਦ ਸੈਨਾਵਾਂ ਅਤੇ ਜਲ ਸੈਨਾ ਦਾ ਪੂਰਾ ਅਸਲਾ ਇੱਕ ਬ੍ਰਿਟਿਸ਼ ਅਫਸਰ ਦੇ ਹੱਥ 'ਚ ਦਿਖਾਇਆ ਗਿਆ ਹੈ।
ਪੋਸਟਰ 'ਚ ਇੱਕ ਬ੍ਰਿਟਿਸ਼ ਅਧਿਕਾਰੀ ਦੇ ਹੱਥ 'ਚ ਭਾਰਤੀ ਦੰਡਾਵਲੀ ਦੀ ਧਾਰਾ-144 ਦਾ ਪਰਚਾ ਵੀ ਦਿਖਾਇਆ ਗਿਆ ਹੈ। ਦਮਨਕਾਰੀ ਅਤੇ ਸ਼ਕਤੀ-ਪ੍ਰਾਪਤ ਬ੍ਰਿਟਿਸ਼ ਨੇ ਬਸਤੀਵਾਦੀ ਸ਼ਾਸਨ ਅਧੀਨ ਰਾਸ਼ਟਰਵਾਦੀ ਪ੍ਰਦਰਸ਼ਨਾਂ ਨੂੰ ਨਾਕਾਮ ਕਰਨ ਲਈ ਧਾਰਾ-144 ਦੀ ਵਰਤੋਂ ਕੀਤੀ ਅਤੇ ਅਜੇ ਵੀ ਇਹੀ ਧਾਰਾ-144 ਆਜ਼ਾਦ ਭਾਰਤ ਵਿੱਚ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਵਰਤੀ ਜਾ ਰਹੀ ਹੈ।
ਹਾਲਾਂਕਿ, ਪ੍ਰਭੂ ਦਿਆਲ ਕੋਲ ਸੁਤੰਤਰਤਾ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ 'ਚ ਇੱਕ ਬ੍ਰਹਿਮੰਡੀ ਜਾਂ ਧਰਮ ਨਿਰਪੱਖ ਪਹੁੰਚ ਸੀ। ਉਸ ਦੀ ਪਹੁੰਚ ਉਸ ਯੁੱਗ ਦੇ ਕੁਝ ਲੋਕਾਂ ਨਾਲੋਂ ਵੱਖਰੀ ਸੀ ਜੋ ਅਹਿੰਸਾ ਦਾ ਮਜ਼ਾਕ ਉਡਾਉਂਦੇ ਸਨ ਅਤੇ ਮੰਨਦੇ ਸਨ ਕਿ ਮਹਾਤਮਾ ਗਾਂਧੀ ਇੱਕ ਅਯੋਗ ਅਤੇ ਨਾਸਮਝ ਵਿਅਕਤੀ ਸਨ। ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਦੁਨੀਆਂ ਦੀਆਂ ਨਜ਼ਰਾਂ 'ਚ ਇੱਕ ਸ਼ਕਤੀਸ਼ਾਲੀ ਰਾਸ਼ਟਰ-ਰਾਜ ਵਜੋਂ ਸਨਮਾਨਿਤ ਨਹੀਂ ਰੱਖਿਆ।
ਕਲਾਕਾਰ ਦਿਆਲ ਭਗਤ ਸਿੰਘ ਜਾਂ ਸੁਭਾਸ਼ ਚੰਦਰ ਬੋਸ ਦੇ ਮਹਾਤਮਾ ਗਾਂਧੀ ਨਾਲ ਸਬੰਧਾਂ ਨੂੰ ਵਿਰੋਧ ਵਜੋਂ ਨਹੀਂ ਦੇਖਦੇ ਸਨ। ਉਨ੍ਹਾਂ ਦਾ ਬਹੁਤ ਸਾਰਾ ਕੰਮ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਵਿਚਕਾਰ ਪੂਰਕਤਾ ਦਾ ਸੁਝਾਅ ਦਿੰਦਾ ਹੈ। ਉਦਾਹਰਨ ਵਜੋਂ "ਆਜ਼ਾਦੀ ਦੀ ਵੇਦੀ 'ਤੇ ਨਾਇਕਾਂ ਦੀ ਕੁਰਬਾਨੀ" ਜਾਂ "ਆਜ਼ਾਦੀ ਦੀ ਵੇਦੀ 'ਤੇ ਨਾਇਕਾਂ ਦਾ ਬਲਿਦਾਨ" ਸਿਰਲੇਖ ਵਾਲੇ ਉਨ੍ਹਾਂ ਦੇ ਪੋਸਟਰ ਪ੍ਰਿੰਟ ਨੂੰ ਹੀ ਲੈ ਲਓ।
ਉਨ੍ਹਾਂ ਦੇ ਇਸ ਪੋਸਟਰ 'ਭਾਰਤ ਕੇ ਅਮਰ ਸ਼ਹੀਦ' ਵਿੱਚ ਭਗਤ ਸਿੰਘ, ਮੋਤੀ ਲਾਲ, ਜਵਾਹਰ ਲਾਲ, ਮਹਾਤਮਾ ਗਾਂਧੀ ਅਤੇ ਅਣਗਿਣਤ ਹੋਰ ਭਾਰਤੀ ਅਮਰ ਸ਼ਹੀਦਾਂ ਦੇ ਸਿਰਾਂ ਨਾਲ ਭਾਰਤ ਮਾਤਾ ਦੇ ਸਨਮੁੱਖ ਖੜ੍ਹੇ ਹਨ। ਇਨ੍ਹਾਂ ਅਮਰ ਸ਼ਹੀਦਾਂ 'ਚੋਂ ਅਸ਼ਫਾਕੁੱਲਾ ਖਾਨ, ਰਾਜਿੰਦਰ ਲਹਿਰੀ, ਰਾਮਪ੍ਰਸਾਦ ਬਿਸਮਿਲ, ਲਾਲਾ ਲਾਜਪਤ ਰਾਏ ਅਤੇ ਜਤਿੰਦਰਨਾਥ ਦਾਸ, ਜਿਨ੍ਹਾਂ ਨੇ ਦੇਸ਼ ਲਈ ਬਹਾਦਰੀ ਨਾਲ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਨੂੰ ਪੋਸਟਰ 'ਚ ਦਰਸਾਇਆ ਗਿਆ ਹੈ। ਪ੍ਰਭੂ ਦਿਆਲ ਨੇ "ਪੰਜਾਬ ਦੇ ਸ਼ੇਰ" ਲਾਲਾ ਲਾਜਪਤ ਰਾਏ ਜਾਂ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਹਥਿਆਰ ਚੁੱਕਣ ਵਾਲੇ ਅਨੇਕਾਂ ਨੌਜਵਾਨਾਂ ਦੀ ਕੁਰਬਾਨੀ 'ਤੇ ਸ਼ੱਕ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਕ੍ਰਾਂਤੀਕਾਰੀ ਚਾਲ ਨੂੰ ਗਲਤ ਦੱਸਿਆ ਹੈ।
ਅਜਿਹੀਆਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਸਿਰਫ਼ ਹਾਲ ਹੀ ਦੇ ਸਾਲਾਂ 'ਚ ਇਤਿਹਾਸਕਾਰਾਂ ਅਤੇ ਹੋਰ ਵਿਦਵਾਨਾਂ ਵੱਲੋਂ ਆਲੋਚਨਾਤਮਕ ਸਮੀਖਿਆ ਅਧੀਨ ਆਈਆਂ ਹਨ। ਉਸ ਦੌਰ ਦੇ ਇਹ ਪੋਸਟਰ ਪ੍ਰਿੰਟ ਨਾ ਸਿਰਫ਼ ਆਜ਼ਾਦੀ ਅੰਦੋਲਨ ਦੀ ਕਹਾਣੀ ਬਿਆਨ ਕਰਦੇ ਹਨ, ਸਗੋਂ ਦੇਸ਼ ਦੀ ਪਛਾਣ ਬਣਾਉਣ ਵਿੱਚ ਵੀ ਸਹਾਈ ਹੁੰਦੇ ਹਨ। ਇਹ ਦੇਖਣਾ ਬਾਕੀ ਹੈ ਕਿ ਭਾਰਤੀ ਇਤਿਹਾਸ ਦੇ ਇਸ ਅਹਿਮ ਮੋੜ 'ਤੇ ਕਿਸ ਤਰ੍ਹਾਂ ਦੀ ਕਲਾ ਅਜਿਹਾ ਪ੍ਰਭਾਵ ਛੱਡ ਸਕੇਗੀ।
(ਨੋਟ - ਉੱਪਰ ਦਿੱਤੇ ਗਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ। ਜ਼ਰੂਰੀ ਨਹੀਂ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਸਬੰਧਤ ਸਾਰੇ ਦਾਅਵਿਆਂ ਜਾਂ ਇਤਰਾਜ਼ਾਂ ਲਈ ਲੇਖਕ ਇਕੱਲਾ ਜ਼ਿੰਮੇਵਾਰ ਹੈ।)