ਪੋਸਟ ਆਫਿਸ ਦੀਆਂ 3 ਤਾਕਤਵਰ ਸਕੀਮਾਂ: ਬੈਂਕ FD ਨਾਲੋਂ ਵੱਧ ਵਿਆਜ, ਸੁਰੱਖਿਅਤ ਨਿਵੇਸ਼!
ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਬੈਂਕ FD ਅਤੇ ਪੋਸਟ ਆਫਿਸ ਸਕੀਮਾਂ ਨੂੰ ਲੈ ਕੇ ਭੰਬਲਭੂਸੇ ਦੇ ਵਿੱਚ ਰਹਿੰਦਾ ਹੈ। ਆਓ ਜਾਣਦੇ ਹਾਂ ਪੋਸਟ ਆਫਿਸ ਦੀਆਂ ਗਜ਼ਬ ਸਕੀਮਾਂ ਬਾਰੇ ਜਿਨ੍ਹਾਂ ਤੋਂ ਮੋਟਾ ਰਿਟਰਨ ਮਿਲਦਾ ਹੈ। ਇਹ ਇੱਕ ਸੁਰੱਖਿਅਤ ਨਿਵੇਸ਼ ਹੈ...

ਅੱਜ ਦੀ ਜ਼ਿੰਦਗੀ ਵਿੱਚ ਲੋਕ ਚਾਹੇ ਨੌਕਰੀ ਕਰ ਰਹੇ ਹੋਣ ਜਾਂ ਆਪਣਾ ਕੋਈ ਛੋਟਾ ਕਾਰੋਬਾਰ ਚਲਾ ਰਹੇ ਹੋਣ, ਇੱਕ ਗੱਲ ਸਾਰੇ ਦੇ ਦਿਮਾਗ਼ ਵਿੱਚ ਰਹਿੰਦੀ ਹੈ ਕਿ ਆਪਣੀ ਆਮਦਨ ਦਾ ਕੁਝ ਹਿੱਸਾ ਬਚਾ ਕੇ ਸਹੀ ਜਗ੍ਹਾ ਵਿੱਚ ਲਗਾਇਆ ਜਾਵੇ। ਇਹ ਛੋਟੀ-ਛੋਟੀ ਬੱਚਤਾਂ ਅੱਗੇ ਚੱਲ ਕੇ ਵੱਡੀ ਰਕਮ ਬਣ ਜਾਂਦੀਆਂ ਹਨ ਅਤੇ ਮੁਸ਼ਕਿਲ ਸਮੇਂ ਵਿੱਚ ਕੰਮ ਆਉਂਦੀਆਂ ਹਨ।
ਜ਼ਿਆਦਾਤਰ ਲੋਕ ਹਾਲੇ ਵੀ ਨਿਵੇਸ਼ ਲਈ ਬੈਂਕ FD ‘ਤੇ ਭਰੋਸਾ ਕਰਦੇ ਹਨ ਕਿਉਂਕਿ ਉੱਥੇ ਨਿਸ਼ਚਿਤ ਰਿਟਰਨ ਮਿਲਦਾ ਹੈ। ਪਰ ਹਾਲ ਹੀ ਵਿੱਚ ਬੈਂਕਾਂ ਨੇ FD 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਜਿਸ ਕਾਰਨ ਲੋਕ ਬਿਹਤਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ। ਇੱਥੇ, ਡਾਕਘਰ ਦੀਆਂ ਛੋਟੀਆਂ ਬੱਚਤ ਸਕੀਮਾਂ ਇੱਕ ਮਜ਼ਬੂਤ ਵਿਕਲਪ ਵਜੋਂ ਉੱਭਰੀਆਂ ਹਨ। ਬਹੁਤ ਸਾਰੀਆਂ ਸਕੀਮਾਂ ਵਿੱਚ, ਵਿਆਜ 7 ਪ੍ਰਤੀਸ਼ਤ ਤੋਂ ਵੱਧ ਹੈ ਅਤੇ ਸਰਕਾਰੀ ਗਾਰੰਟੀ ਦੇ ਕਾਰਨ, ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ। ਇਸ ਕਾਰਨ ਆਮ ਲੋਕਾਂ ਨੇ ਡਾਕਘਰ ਦੀਆਂ ਸਕੀਮਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਡਾਕਘਰ ਦੀਆਂ ਤਿੰਨ ਬਿਹਤਰੀਨ ਸਕੀਮਾਂ ਬਾਰੇ।
ਨੈਸ਼ਨਲ ਸੇਵਿੰਗ ਸਰਟੀਫਿਕੇਟ (NSC)
ਨੈਸ਼ਨਲ ਸੇਵਿੰਗ ਸਰਟੀਫਿਕੇਟ ਜਾਂ NSC ਉਹਨਾਂ ਲੋਕਾਂ ਲਈ ਵਧੀਆ ਵਿਕਲਪ ਹੈ ਜੋ ਸੁਰੱਖਿਅਤ ਨਿਵੇਸ਼ ਅਤੇ ਫਿਕਸਡ ਰਿਟਰਨ ਚਾਹੁੰਦੇ ਹਨ। ਇਸ ਸਮੇਂ ਇਸ ਸਕੀਮ 'ਤੇ 7.7% ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ ਅਤੇ ਵਿਆਜ ਹਰ ਸਾਲ ਕੰਪਾਊਂਡ ਹੋ ਕੇ ਵੱਧਦਾ ਹੈ। ਜੇ ਤੁਸੀਂ 10,000 ਰੁਪਏ ਨਿਵੇਸ਼ ਕਰਦੇ ਹੋ, ਤਾਂ 5 ਸਾਲਾਂ ਵਿੱਚ ਇਹ ਰਕਮ ਕਰੀਬ 14,490 ਰੁਪਏ ਤੱਕ ਪਹੁੰਚ ਜਾਂਦੀ ਹੈ।
ਪੂਰੀ ਰਕਮ ਗਾਰੰਟੀ ਵਾਲੀ ਹੁੰਦੀ ਹੈ ਅਤੇ ਇਹ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਹੈ। ਇਹ ਸਕੀਮ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਟੈਕਸ ਛੋਟ ਵੀ ਦਿੰਦੀ ਹੈ। ਹਾਲਾਂਕਿ ਵਿਆਜ 'ਤੇ ਟੈਕਸ ਦੇ ਨਿਯਮ ਲਾਗੂ ਹੁੰਦੇ ਹਨ। ਇਸ ਵਿੱਚ ਪੈਸਾ 5 ਸਾਲਾਂ ਲਈ ਲਾਕ ਰਹਿੰਦਾ ਹੈ। ਇਸ ਲਈ ਇਹ ਉਹਨਾਂ ਲੋਕਾਂ ਲਈ ਵਧੀਆ ਹੈ ਜੋ ਸੁਰੱਖਿਅਤ ਅਤੇ ਮਿਡ-ਰੇਂਜ ਵਾਲਾ ਵਿਕਲਪ ਲੱਭ ਰਹੇ ਹਨ।
ਸੁਕੰਨਿਆ ਸਮ੍ਰਿਧਿ ਯੋਜਨਾ (SSY)
ਸੁਕੰਨਿਆ ਸਮ੍ਰਿਧਿ ਯੋਜਨਾ ਧੀਆਂ ਲਈ ਬਣਾਈ ਗਈ ਸਭ ਤੋਂ ਲੋਕਪ੍ਰਿਯ ਅਤੇ ਭਰੋਸੇਮੰਦ ਸਰਕਾਰੀ ਸਕੀਮਾਂ ਵਿੱਚੋਂ ਇੱਕ ਹੈ। ਇਸ ’ਤੇ ਇਸ ਵੇਲੇ 8.2% ਸਾਲਾਨਾ ਵਿਆਜ ਮਿਲਦਾ ਹੈ, ਜੋ ਬਾਜ਼ਾਰ ’ਚ ਉਪਲਬਧ ਸਭ ਤੋਂ ਵੱਧ ਅਤੇ ਸਭ ਤੋਂ ਸੁਰੱਖਿਅਤ ਵਿਆਜ ਦਰਾਂ ਵਿੱਚੋਂ ਇੱਕ ਹੈ।
ਇਸ ਸਕੀਮ ਅੰਦਰ ਮਾਤਾ–ਪਿਤਾ ਧੀ ਦੇ ਨਾਮ ’ਤੇ ਖਾਤਾ ਖੋਲ੍ਹ ਸਕਦੇ ਹਨ। ਇਸ ਵਿੱਚ 15 ਸਾਲ ਤੱਕ ਜਮ੍ਹਾਂ ਕਰਨਾ ਹੁੰਦਾ ਹੈ ਅਤੇ ਖਾਤਾ 21 ਸਾਲ ਤੱਕ ਚੱਲਦਾ ਹੈ, ਜਾਂ ਫਿਰ ਧੀ ਦੇ ਵਿਆਹ ਤੱਕ।
ਇਸ ਦੀ ਖਾਸ ਗੱਲ ਇਹ ਹੈ ਕਿ ਜਮ੍ਹਾਂ ਹੋਈ ਰਕਮ, ਮਿਲਿਆ ਵਿਆਜ ਅਤੇ ਮੈਚੋਰਿਟੀ ਦੀ ਪੂਰੀ ਰਕਮ ਪੂਰੀ ਤਰ੍ਹਾਂ ਟੈਕਸ-ਫ੍ਰੀ ਹੁੰਦੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਾਜ਼ਾਰ ਖਤਰਾ ਨਹੀਂ ਹੈ। ਇਸ ਕਰਕੇ ਇਹ ਧੀ ਦੀ ਪੜ੍ਹਾਈ ਤੇ ਵਿਆਹ ਵਰਗੇ ਵੱਡੇ ਖਰਚਿਆਂ ਲਈ ਬਹੁਤ ਹੀ ਮਜ਼ਬੂਤ ਤੇ ਭਰੋਸੇਮੰਦ ਚੋਣ ਹੈ।
ਛੋਟੀਆਂ ਕਿਸ਼ਤਾਂ ਵਿਚ ਵੀ ਨਿਵੇਸ਼ ਕੀਤਾ ਜਾ ਸਕਦਾ ਹੈ, ਇਸ ਕਰਕੇ ਮੱਧ ਵਰਗ ਦੇ ਪਰਿਵਾਰ ਵੀ ਆਸਾਨੀ ਨਾਲ ਇਸ ਨਾਲ ਜੁੜ ਸਕਦੇ ਹਨ।
ਕਿਸਾਨ ਵਿਕਾਸ ਪੱਤਰ (KVP)
ਕਿਸਾਨ ਵਿਕਾਸ ਪੱਤਰ ਪੋਸਟ ਆਫਿਸ ਦੀ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਤੁਹਾਡਾ ਪੈਸਾ ਲਗਭਗ 115 ਮਹੀਨਿਆਂ (ਤਕਰੀਬਨ 9 ਸਾਲ 7 ਮਹੀਨਿਆਂ) ਵਿੱਚ ਆਪਣੇ ਆਪ ਦੋਗੁਣਾ ਹੋ ਜਾਂਦਾ ਹੈ। ਇਸ ਵੇਲੇ KVP ’ਤੇ 7.5% ਸਾਲਾਨਾ ਵਿਆਜ ਮਿਲ ਰਿਹਾ ਹੈ ਅਤੇ ਵਿਆਜ ਕੰਪਾਊਂਡ ਹੁੰਦਾ ਹੈ।
ਉਦਾਹਰਣ ਵਜੋਂ ਜੇ ਤੁਸੀਂ ₹10,000 ਨਿਵੇਸ਼ ਕਰਦੇ ਹੋ, ਤਾਂ ਮਿਆਦ ਪੂਰੀ ਹੋਣ ’ਤੇ ਇਹ ਰਕਮ ਲਗਭਗ ₹20,000 ਹੋ ਜਾਂਦੀ ਹੈ।
ਇਹ ਸਕੀਮ ਪੂਰੀ ਤਰ੍ਹਾਂ ਸਰਕਾਰੀ ਗਾਰੰਟੀ ਨਾਲ ਆਉਂਦੀ ਹੈ, ਇਸ ਲਈ ਨਿਵੇਸ਼ਕਾਂ ਨੂੰ ਪੈਸੇ ਡੁੱਬਣ ਜਾਂ ਬਾਜ਼ਾਰ ਦੇ ਉਤਾਰ-ਚੜ੍ਹਾਅ ਦਾ ਕੋਈ ਡਰ ਨਹੀਂ ਹੁੰਦਾ। ਮਿਆਦ ਤੋਂ ਪਹਿਲਾਂ ਪੈਸਾ ਕੱਢਣਾ ਠੀਕ ਨਹੀਂ ਮੰਨਿਆ ਜਾਂਦਾ, ਪਰ ਕੁਝ ਖਾਸ ਹਾਲਾਤਾਂ ਵਿੱਚ ਅੰਸ਼ਿਕ ਨਿਕਾਸੀ ਦੀ ਸਹੂਲਤ ਮਿਲਦੀ ਹੈ।
ਸੁਰੱਖਿਅਤ ਨਿਵੇਸ਼ ਦੀ ਤਲਾਸ਼ ਕਰ ਰਹੇ ਲੋਕਾਂ ਲਈ ਇਹ ਇੱਕ ਬਹੁਤ ਵਧੀਆ ਚੋਣ ਹੈ।






















