Air India: ਏਅਰ ਇੰਡੀਆ ਦੋ ਕਿਫਾਇਤੀ ਏਅਰਲਾਈਨਾਂ ਦਾ ਕਰੇਗੀ ਰਲੇਵਾਂ, ਟਾਈਮਲਾਈਨ ਦਾ ਐਲਾਨ
Air India: ਏਅਰ ਇੰਡੀਆ ਨੇ ਦੱਸਿਆ ਹੈ ਕਿ ਏਅਰ ਏਸ਼ੀਆ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦਾ ਰਲੇਵਾਂ ਕਦੋਂ ਪੂਰਾ ਹੋਵੇਗਾ ਅਤੇ ਕੰਪਨੀ ਨੇ ਉਮੀਦ ਜਤਾਈ ਹੈ ਕਿ ਉਹ ਇੱਕ ਸਸਤੀ ਏਅਰਲਾਈਨ ਬਣਾਉਣ ਦੇ ਯੋਗ ਹੋ ਜਾਵੇਗੀ।
Air India: ਏਅਰ ਇੰਡੀਆ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ ਏਅਰਏਸ਼ੀਆ ਇੰਡੀਆ ਦੇ ਰਲੇਵੇਂ ਲਈ ਸੰਚਾਲਨ ਸਮੀਖਿਆ ਪ੍ਰਕਿਰਿਆ ਚੱਲ ਰਹੀ ਹੈ ਤੇ ਰਲੇਵਾਂ 2023 ਦੇ ਅੰਤ ਤੱਕ ਹੋ ਸਕਦਾ ਹੈ। ਏਅਰ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਦੋ ਘੱਟ ਕੀਮਤ ਵਾਲੀਆਂ ਏਅਰਲਾਈਨਾਂ ਏਅਰਏਸ਼ੀਆ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਮਿਲਾਉਣ ਦੀ ਪ੍ਰਕਿਰਿਆ ਪੁਨਰਗਠਨ ਯੋਜਨਾ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਵਿੱਚ ਕਰੀਬ 12 ਮਹੀਨੇ ਲੱਗਣਗੇ।
ਏਅਰ ਏਸ਼ੀਆ ਇੰਡੀਆ-ਏਅਰ ਇੰਡੀਆ ਐਕਸਪ੍ਰੈੱਸ ਦਾ ਰਲੇਵਾਂ 2023 ਦੇ ਅੰਤ ਤੱਕ ਹੋ ਸਕਦੈ
ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਲੇਵਾਂ 2023 ਦੇ ਅੰਤ ਤੱਕ ਹੋ ਸਕਦਾ ਹੈ ਅਤੇ ਇਸ ਦਾ ਉਦੇਸ਼ ਏਅਰ ਇੰਡੀਆ ਸਮੂਹ ਲਈ ਇੱਕ ਕਿਫਾਇਤੀ ਏਅਰਲਾਈਨ ਬਣਾਉਣਾ ਹੈ। ਰਲੇਵੇਂ ਤੋਂ ਬਾਅਦ ਜੋ ਇਕਾਈ ਬਣੇਗੀ ਉਸ ਨੂੰ ਏਅਰ ਇੰਡੀਆ ਐਕਸਪ੍ਰੈੱਸ ਕਿਹਾ ਜਾਵੇਗਾ।
ਏਅਰ ਇੰਡੀਆ ਦੀ ਹੁਣ ਏਅਰ ਏਸ਼ੀਆ ਇੰਡੀਆ 'ਚ 100% ਦੀ ਹਿੱਸੇਦਾਰੀ
ਇਸ ਤੋਂ ਪਹਿਲਾਂ ਮਲੇਸ਼ੀਆ ਦੀ ਏਅਰਲਾਈਨ ਏਅਰਏਸ਼ੀਆ ਨੇ ਇਕ ਬਿਆਨ 'ਚ ਕਿਹਾ ਸੀ ਕਿ ਉਸ ਨੇ ਏਅਰ ਏਸ਼ੀਆ ਇੰਡੀਆ 'ਚ ਆਪਣੀ ਬਾਕੀ ਹਿੱਸੇਦਾਰੀ ਏਅਰ ਇੰਡੀਆ ਨੂੰ ਵੇਚਣ ਲਈ ਸਮਝੌਤਾ ਕੀਤਾ ਹੈ।
ਏਅਰਏਸ਼ੀਆ ਏਵੀਏਸ਼ਨ ਗਰੁੱਪ ਲਿਮਿਟੇਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਏਅਰਏਸ਼ੀਆ ਇੰਡੀਆ ਵਿੱਚ ਬਾਕੀ ਬਚੇ ਸ਼ੇਅਰਾਂ ਨੂੰ ਏਅਰ ਇੰਡੀਆ ਨੂੰ ਵੇਚਣ ਲਈ ਇੱਕ ਸ਼ੇਅਰ ਖਰੀਦ ਸਮਝੌਤਾ ਕੀਤਾ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਇਸ ਸਾਲ ਜੂਨ ਵਿੱਚ ਏਅਰ ਇੰਡੀਆ ਦੁਆਰਾ ਏਅਰ ਏਸ਼ੀਆ ਇੰਡੀਆ ਦੀ ਸਮੁੱਚੀ ਹਿੱਸੇਦਾਰੀ ਦੀ ਪ੍ਰਸਤਾਵਿਤ ਪ੍ਰਾਪਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜਾਣੋ ਏਅਰ ਇੰਡੀਆ ਤੇ ਏਅਰ ਏਸ਼ੀਆ ਇੰਡੀਆ ਦੀ ਸਾਂਝੇਦਾਰੀ ਨੂੰ
ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਵੀ ਏਅਰਏਸ਼ੀਆ ਇੰਡੀਆ ਵਿੱਚ 100% ਹਿੱਸੇਦਾਰੀ ਲਈ ਸਮਝੌਤਾ ਕੀਤਾ ਹੈ। ਏਅਰਏਸ਼ੀਆ ਇੰਡੀਆ ਟਾਟਾ ਸੰਨਜ਼ ਅਤੇ ਏਅਰ ਏਸ਼ੀਆ ਇਨਵੈਸਟਮੈਂਟ ਲਿਮਿਟੇਡ ਵਿਚਕਾਰ ਇੱਕ ਸੰਯੁਕਤ ਉੱਦਮ ਹੈ। ਇਸ ਵਿੱਚ ਟਾਟਾ ਸੰਨਜ਼ ਦੀ 83.67 ਫੀਸਦੀ ਅਤੇ ਏਅਰ ਏਸ਼ੀਆ ਇਨਵੈਸਟਮੈਂਟ ਦੀ 16.33 ਫੀਸਦੀ ਹਿੱਸੇਦਾਰੀ ਹੈ।ਏਅਰ ਏਸ਼ੀਆ ਦੀ ਸ਼ੁਰੂਆਤ 2014 ਵਿੱਚ ਹੋਈ ਸੀ ਜਦੋਂ ਕਿ ਏਅਰ ਇੰਡੀਆ ਐਕਸਪ੍ਰੈਸ ਨੇ 2005 ਵਿੱਚ ਸੰਚਾਲਨ ਸ਼ੁਰੂ ਕੀਤਾ ਸੀ। ਟਾਟਾ ਗਰੁੱਪ ਅਤੇ ਮਲੇਸ਼ੀਆ ਦੀ ਇਕਾਈ ਦੀ ਮਲਕੀਅਤ ਵਾਲੀ ਏਅਰਏਸ਼ੀਆ ਇੰਡੀਆ ਨੇ ਜੂਨ 2014 ਵਿੱਚ ਸੰਚਾਲਨ ਸ਼ੁਰੂ ਕੀਤਾ।
ਕੀ ਕਹਿਣਾ ਹੈ ਏਅਰ ਏਸ਼ੀਆ ਦੇ ਪ੍ਰਬੰਧਨ ਦਾ
ਏਅਰ ਇੰਡੀਆ ਗਰੁੱਪ ਦੇ ਲਾਗਤ-ਪ੍ਰਭਾਵਸ਼ਾਲੀ ਸੰਚਾਲਨ ਦਾ ਮੁਲਾਂਕਣ ਕਰਨ ਅਤੇ ਏਕੀਕ੍ਰਿਤ ਕਰਨ ਲਈ ਇੱਕ ਕਾਰਜ ਸਮੂਹ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦੀ ਸਹਿ-ਪ੍ਰਧਾਨਗੀ ਸੁਨੀਲ ਭਾਸਕਰਨ, ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਏਅਰਏਸ਼ੀਆ ਇੰਡੀਆ ਅਤੇ ਆਲੋਕ ਸਿੰਘ, ਮੁੱਖ ਕਾਰਜਕਾਰੀ ਅਧਿਕਾਰੀ, ਏਅਰ ਇੰਡੀਆ ਐਕਸਪ੍ਰੈਸ ਕਰਨਗੇ। ਇਹ ਕਾਰਜ ਸਮੂਹ ਏਅਰ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੈਲ ਵਿਲਸਨ ਦੀ ਅਗਵਾਈ ਵਾਲੀ ਕਮੇਟੀ ਨੂੰ ਰਿਪੋਰਟ ਕਰੇਗਾ। ਵਿਲਸਨ ਨੇ ਕਿਹਾ, "ਅਸੀਂ ਏਅਰ ਇੰਡੀਆ ਗਰੁੱਪ ਦੀ ਕਿਫਾਇਤੀ ਏਅਰਲਾਈਨ ਦਾ ਗਠਨ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ।"