ਸਵਿਸ ਬੈਂਕ 'ਚ ਪਿਆ ਅਨਿਲ ਅੰਬਾਨੀ ਦਾ ਪੈਸਾ, 420 ਕਰੋੜ ਦੀ ਟੈਕਸ ਚੋਰੀ ਦਾ ਨੋਟਿਸ
ਇਨਕਮ ਟੈਕਸ ਵਿਭਾਗ (Income Tax Department) ਨੇ ਅਨਿਲ ਅੰਬਾਨੀ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ ਹੈ। ਆਮਦਨ ਕਰ ਵਿਭਾਗ ਨੇ ਸਵਿਸ ਬੈਂਕ ਦੇ ਦੋ ਖਾਤਿਆਂ 'ਚ 814 ਕਰੋੜ ਰੁਪਏ ਤੋਂ ਵੱਧ ਦੀ ਅਣਐਲਾਨੀ ਜਾਇਦਾਦ 'ਤੇ 420 ਕਰੋੜ ਰੁਪਏ ...
Black Money : ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ (Reliance Group Chairman Anil Ambani) ਦੇ ਬੁਰੇ ਦਿਨ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਅਨਿਲ ਅੰਬਾਨੀ 'ਤੇ ਕਾਲੇ ਧਨ ਦਾ ਕਾਨੂੰਨ (Black Money Act) ਸਖ਼ਤ ਹੋ ਰਿਹਾ ਹੈ। ਇਨਕਮ ਟੈਕਸ ਵਿਭਾਗ (Income Tax Department) ਨੇ ਅਨਿਲ ਅੰਬਾਨੀ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ ਹੈ। ਆਮਦਨ ਕਰ ਵਿਭਾਗ ਨੇ ਸਵਿਸ ਬੈਂਕ ਦੇ ਦੋ ਖਾਤਿਆਂ 'ਚ 814 ਕਰੋੜ ਰੁਪਏ ਤੋਂ ਵੱਧ ਦੀ ਅਣਐਲਾਨੀ ਜਾਇਦਾਦ 'ਤੇ 420 ਕਰੋੜ ਰੁਪਏ ਦੀ ਟੈਕਸ ਚੋਰੀ ਨੂੰ ਲੈ ਕੇ ਇਹ ਮੰਗ ਕੀਤੀ ਹੈ।
ਹੋ ਸਕਦੀ ਹੈ 10 ਸਾਲ ਤੱਕ ਦੀ ਕੈਦ
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਦੋਸ਼ ਲਾਇਆ ਹੈ ਕਿ ਅਨਿਲ ਅੰਬਾਨੀ ਨੇ ਜਾਣਬੁੱਝ ਕੇ ਟੈਕਸ ਚੋਰੀ ਕੀਤਾ ਹੈ। ਵਿਭਾਗ ਮੁਤਾਬਕ ਅੰਬਾਨੀ ਨੇ ਸੋਚੀ ਸਮਝੀ ਰਣਨੀਤੀ ਤਹਿਤ ਵਿਦੇਸ਼ੀ ਬੈਂਕ ਖਾਤੇ 'ਚ ਜਮ੍ਹਾ ਰਾਸ਼ੀ ਬਾਰੇ ਭਾਰਤੀ ਟੈਕਸ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ। ਇਸ ਸਬੰਧ ਵਿਚ ਅਗਸਤ ਦੇ ਸ਼ੁਰੂ ਵਿਚ ਅਨਿਲ ਅੰਬਾਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਵਿਭਾਗ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ 'ਤੇ ਬਲੈਕ ਮਨੀ (ਅਣਦੱਸਿਆ ਵਿਦੇਸ਼ੀ ਆਮਦਨ ਅਤੇ ਸੰਪੱਤੀ) ਇੰਪੌਜ਼ੀਸ਼ਨ ਆਫ ਟੈਕਸ ਐਕਟ 2015 ਦੀ ਧਾਰਾ 50 ਅਤੇ 51 ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ, ਜਿਸ ਵਿਚ ਜੁਰਮਾਨੇ ਦੇ ਨਾਲ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਵਿਵਸਥਾ ਹੈ।
ਜਾਣਬੁੱਝ ਕੇ ਵਿਦੇਸ਼ੀ ਸੰਪਤੀ ਛੁਪਾਉਣ ਦਾ ਦੋਸ਼
ਇਨਕਮ ਟੈਕਸ ਵਿਭਾਗ ਨੇ ਅਨਿਲ ਅੰਬਾਨੀ ਨੂੰ ਜਾਰੀ ਨੋਟਿਸ 'ਚ 31 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ। ਜਦੋਂ ਪੀਟੀਆਈ ਨੇ ਇਸ ਸਬੰਧੀ ਅਨਿਲ ਅੰਬਾਨੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਕੋਈ ਜਵਾਬ ਨਹੀਂ ਮਿਲਿਆ। ਅੰਬਾਨੀ 'ਤੇ ਮੁਲਾਂਕਣ ਸਾਲ 2012-13 (AY13) ਤੋਂ 2019-20 (AY20) ਤੱਕ ਵਿਦੇਸ਼ਾਂ ਵਿੱਚ ਰੱਖੀ ਅਣਐਲਾਨੀ ਜਾਇਦਾਦ 'ਤੇ ਟੈਕਸ ਚੋਰੀ ਕਰਨ ਦਾ ਦੋਸ਼ ਹੈ। ਆਮਦਨ ਕਰ ਵਿਭਾਗ ਦੇ ਨੋਟਿਸ ਦੇ ਅਨੁਸਾਰ, ਅਧਿਕਾਰੀਆਂ ਨੇ ਪਾਇਆ ਕਿ ਅੰਬਾਨੀ ਬਹਾਮਾਸ ਸਥਿਤ ਕੰਪਨੀ ਡਾਇਮੰਡ ਟਰੱਸਟ ਅਤੇ ਉੱਤਰੀ ਅਟਲਾਂਟਿਕ ਟਰੇਡਿੰਗ ਅਨਲਿਮਟਿਡ ਦੇ ਆਰਥਿਕ ਯੋਗਦਾਨ ਅਤੇ ਲਾਭਕਾਰੀ ਮਾਲਕ ਹਨ। ਉੱਤਰੀ ਅਟਲਾਂਟਿਕ ਟਰੇਡਿੰਗ ਅਨਲਿਮਟਿਡ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਰਜਿਸਟਰਡ ਹੈ, ਜੋ ਟੈਕਸ ਚੋਰੀ ਲਈ ਇੱਕ ਪਨਾਹਗਾਹ ਹੈ।
ਇਨਕਮ ਟੈਕਸ ਵਿਭਾਗ ਨੂੰ ਇਹ ਜਾਣਕਾਰੀ ਮਿਲੀ ਹੈ
ਬਹਾਮਾਸ ਸਥਿਤ ਟਰੱਸਟ ਦੇ ਮਾਮਲੇ ਵਿੱਚ, ਇਨਕਮ ਟੈਕਸ ਵਿਭਾਗ ਨੇ ਪਾਇਆ ਕਿ ਇਹ ਡਰੀਮਵਰਕ ਹੋਲਡਿੰਗਜ਼ ਇੰਕ ਨਾਮ ਦੀ ਇੱਕ ਕੰਪਨੀ ਚਲਾਉਂਦਾ ਹੈ। ਇਸ ਕੰਪਨੀ ਨੇ ਇੱਕ ਸਵਿਸ ਬੈਂਕ ਵਿੱਚ ਖਾਤਾ ਖੋਲ੍ਹਿਆ ਹੈ, ਜਿਸ ਵਿੱਚ 31 ਦਸੰਬਰ 2017 ਨੂੰ 32,095,600 ਡਾਲਰ ਜਮ੍ਹਾਂ ਕਰਵਾਏ ਗਏ ਸਨ। ਨੋਟਿਸ ਦੇ ਅਨੁਸਾਰ, ਟਰੱਸਟ ਨੂੰ $25,040,422 ਦੀ ਸ਼ੁਰੂਆਤੀ ਫੰਡਿੰਗ ਪ੍ਰਾਪਤ ਹੋਈ ਸੀ। ਵਿਭਾਗ ਦਾ ਕਹਿਣਾ ਹੈ ਕਿ ਇਹ ਫੰਡਿੰਗ ਅਨਿਲ ਅੰਬਾਨੀ ਦੇ ਨਿੱਜੀ ਖਾਤੇ ਤੋਂ ਭੇਜੀ ਗਈ ਸੀ। ਅੰਬਾਨੀ ਨੇ 2006 ਵਿੱਚ ਟਰੱਸਟ ਖੋਲ੍ਹਣ ਲਈ ਕੇਵਾਈਸੀ ਦੌਰਾਨ ਆਪਣਾ ਪਾਸਪੋਰਟ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਟਰੱਸਟ ਦੇ ਲਾਭਪਾਤਰੀਆਂ ਵਿੱਚ ਸ਼ਾਮਲ ਹਨ।
ਅਨਿਲ ਅੰਬਾਨੀ ਨੂੰ ਕਰੋੜਾਂ ਦਾ ਟੈਕਸ ਦੇਣਾ ਪਵੇਗਾ
ਇਸ ਦੇ ਨਾਲ ਹੀ ਜੁਲਾਈ 2010 ਵਿੱਚ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਰਜਿਸਟਰਡ ਇੱਕ ਕੰਪਨੀ ਨੇ ਜ਼ਿਊਰਿਖ ਦੇ ਬੈਂਕ ਆਫ ਸਾਈਪ੍ਰਸ ਵਿੱਚ ਵੀ ਖਾਤਾ ਖੋਲ੍ਹਿਆ। ਵਿਭਾਗ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ ਇਸ ਕੰਪਨੀ ਅਤੇ ਕੰਪਨੀ ਦੇ ਫੰਡਾਂ ਦੇ ਅੰਤਮ ਲਾਭਕਾਰੀ ਮਾਲਕ ਹਨ। ਇਸ ਕੰਪਨੀ ਨੂੰ 2012 ਵਿੱਚ ਬਹਾਮਾਸ ਵਿੱਚ ਰਜਿਸਟਰਡ ਕੰਪਨੀ ਪੂਸਾ ਤੋਂ $100 ਮਿਲੀਅਨ ਪ੍ਰਾਪਤ ਹੋਏ। ਅਨਿਲ ਅੰਬਾਨੀ ਨੇ ਉਸ ਫੰਡ ਦਾ ਨਿਪਟਾਰਾ ਕੀਤਾ ਸੀ ਅਤੇ ਉਹ ਇਸ ਦੇ ਲਾਭਪਾਤਰੀ ਸਨ। ਟੈਕਸ ਅਧਿਕਾਰੀਆਂ ਮੁਤਾਬਕ ਦੋਵਾਂ ਸਵਿਸ ਬੈਂਕ ਖਾਤਿਆਂ 'ਚ ਜਮ੍ਹਾ ਕੁੱਲ ਰਕਮ 814 ਕਰੋੜ ਰੁਪਏ ਹੈ ਅਤੇ ਇਸ 'ਤੇ 420 ਕਰੋੜ ਰੁਪਏ ਦੀ ਟੈਕਸ ਦੇਣਦਾਰੀ ਬਣਦੀ ਹੈ।