Atta Price Hike: ਆਮ ਆਦਮੀ ਨੂੰ ਇੱਕ ਹੋਰ ਝਟਕਾ! ਹੁਣ ਰੋਟੀ ਖਾਣੀ ਵੀ ਹੋਈ ਮਹਿੰਗੀ, ਆਟੇ ਦੇ ਰੇਟ ਵਧੇ
ਹੁਣ ਆਮ ਆਦਮੀ ਦੀ ਥਾਲੀ 'ਚ ਰੋਟੀ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਰੋਟੀ ਵੀ ਮਹਿੰਗਾਈ ਦੀ ਮਾਰ ਹੇਠ ਹੈ। ਕਣਕ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਚੂਨ ਮੰਡੀ ਵਿੱਚ ਆਟਾ ਮਹਿੰਗਾ ਹੋ ਰਿਹਾ ਹੈ।
Atta Price Hike: ਹੁਣ ਆਮ ਆਦਮੀ ਦੀ ਥਾਲੀ 'ਚ ਰੋਟੀ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਰੋਟੀ ਵੀ ਮਹਿੰਗਾਈ ਦੀ ਮਾਰ ਹੇਠ ਹੈ। ਕਣਕ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਚੂਨ ਮੰਡੀ ਵਿੱਚ ਆਟਾ ਮਹਿੰਗਾ ਹੋ ਰਿਹਾ ਹੈ। ਪ੍ਰਚੂਨ ਬਾਜ਼ਾਰ 'ਚ ਆਟੇ ਦੀ ਔਸਤ ਕੀਮਤ 32.91 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਪਿਛਲੇ ਇੱਕ ਸਾਲ 'ਚ ਆਟਾ ਲਗਪਗ 13 ਫੀਸਦੀ ਮਹਿੰਗਾ ਹੋ ਗਿਆ ਹੈ। ਜਦੋਂਕਿ ਪਿਛਲੇ ਸਾਲ 8 ਮਈ ਨੂੰ ਆਟਾ 29.14 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ।
ਸਰਕਾਰੀ ਅੰਕੜਿਆਂ ਮੁਤਾਬਕ ਆਟਾ ਮਹਿੰਗਾ ਹੋਇਆ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਆਟੇ ਦੀ ਵੱਧ ਤੋਂ ਵੱਧ ਕੀਮਤ 59 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਜਦਕਿ ਘੱਟੋ-ਘੱਟ ਕੀਮਤ 22 ਰੁਪਏ ਪ੍ਰਤੀ ਕਿਲੋ ਹੈ। 9 ਮਈ ਨੂੰ ਮੈਸੂਰ 'ਚ ਆਟਾ 54 ਰੁਪਏ ਪ੍ਰਤੀ ਕਿਲੋ, ਮੁੰਬਈ 'ਚ 49 ਰੁਪਏ ਪ੍ਰਤੀ ਕਿਲੋ, ਚੇਨਈ 'ਚ 34 ਰੁਪਏ ਪ੍ਰਤੀ ਕਿਲੋ, ਕੋਲਕਾਤਾ 'ਚ 29 ਰੁਪਏ ਪ੍ਰਤੀ ਕਿਲੋ ਤੇ ਦਿੱਲੀ 'ਚ 27 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲ ਰਿਹਾ ਹੈ।
ਕਣਕ ਦੀ ਪੈਦਾਵਾਰ ਘਟਣ ਦੀ ਸੰਭਾਵਨਾ
ਆਉਣ ਵਾਲੇ ਦਿਨਾਂ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। 2021-22 ਦੇ ਹਾੜੀ ਸੀਜ਼ਨ ਵਿੱਚ ਕਣਕ ਦੇ ਉਤਪਾਦਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਸਰਕਾਰ ਨੇ ਖੁਦ ਉਤਪਾਦਨ ਦਾ ਅਨੁਮਾਨ ਘਟਾ ਦਿੱਤਾ ਹੈ। ਇਸ ਸਾਲ ਗਰਮੀਆਂ ਦਾ ਮੌਸਮ ਜਲਦੀ ਆਉਣ ਕਾਰਨ ਸਰਕਾਰ ਨੇ ਉਤਪਾਦਨ ਦਾ ਅਨੁਮਾਨ 111.32 ਮਿਲੀਅਨ ਟਨ ਤੋਂ ਘਟਾ ਕੇ 105 ਮਿਲੀਅਨ ਟਨ ਕਰ ਦਿੱਤਾ ਹੈ।
ਆਟਾ ਜ਼ਿਆਦਾ ਮਹਿੰਗਾ ਹੋ ਸਕਦਾ
ਭਾਰਤੀ ਖੁਰਾਕ ਨਿਗਮ (FCI) ਲੋੜ ਪੈਣ 'ਤੇ OMSS ਰਾਹੀਂ ਕਣਕ ਵੇਚਦਾ ਹੈ, ਤਾਂ ਜੋ ਮੰਡੀ ਵਿੱਚ ਕਣਕ ਦੀ ਕੋਈ ਕਮੀ ਨਾ ਰਹੇ। ਇਸ ਦੀ ਸਪਲਾਈ ਨਿਰੰਤਰ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਵਿਕਰੀ ਖਾਸ ਤੌਰ 'ਤੇ ਉਸ ਸੀਜ਼ਨ 'ਚ ਹੁੰਦੀ ਹੈ। ਜਦੋਂ ਮੰਡੀ ਵਿੱਚ ਕਣਕ ਦੀ ਆਮਦ ਘੱਟ ਹੋਈ ਹੈ।
ਐਫਸੀਆਈ ਦੇ ਇਸ ਕਦਮ ਨਾਲ ਮੰਡੀ ਵਿੱਚ ਕਣਕ ਦੀ ਕੋਈ ਕਮੀ ਨਹੀਂ ਹੈ ਅਤੇ ਰੇਟ ਵੀ ਮਹਿੰਗਾਈ ਤੋਂ ਪ੍ਰਭਾਵਿਤ ਨਹੀਂ ਹਨ। ਪਰ ਸਰਕਾਰ ਵੱਲੋਂ ਖੁੱਲ੍ਹੀ ਮੰਡੀ ਵਿੱਚ ਕਣਕ ਵੇਚਣ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। OMSS ਸਕੀਮ ਰਾਹੀਂ, ਸਰਕਾਰ ਖੁੱਲੇ ਬਾਜ਼ਾਰ ਵਿੱਚ ਸਪਲਾਈ ਅਤੇ ਕੀਮਤਾਂ ਨੂੰ ਨਿਯੰਤ੍ਰਿਤ ਕਰਦੀ ਹੈ। ਜੇਕਰ ਸਰਕਾਰ ਨੇ ਇਸ ਸਬੰਧੀ ਜਲਦ ਕੋਈ ਐਲਾਨ ਨਾ ਕੀਤਾ ਤਾਂ ਜੂਨ ਮਹੀਨੇ ਤੋਂ ਆਟਾ ਤੇ ਇਸ ਤੋਂ ਬਣੀਆਂ ਵਸਤਾਂ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।