Budget 2022: ਅੱਜ ਹੋਵੇਗੀ ਬਜਟ ਸੈਸ਼ਨ ਦੀ ਸ਼ੁਰੂਆਤ, ਇਸ ਵਾਰ ਵੀ ਖੂਬ ਹੰਗਾਮੇ ਦੇ ਆਸਾਰ
Budget 2022: ਸੰਸਦ ਦਾ ਬਜਟ ਸੈਸ਼ਨ ਅੱਜ 31 ਜਨਵਰੀ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਲ ਦਾ ਪਹਿਲਾ ਸੈਸ਼ਨ ਹੋਣ ਕਾਰਨ ਪਰੰਪਰਾ ਅਨੁਸਾਰ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਵੇਗੀ। ਕੋਰੋਨਾ ਦੇ ਲਗਾਤਾਰ ਵਧਦੇ ਖ਼ਤਰੇ
Budget 2022: ਸੰਸਦ ਦਾ ਬਜਟ ਸੈਸ਼ਨ ਅੱਜ 31 ਜਨਵਰੀ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਲ ਦਾ ਪਹਿਲਾ ਸੈਸ਼ਨ ਹੋਣ ਕਾਰਨ ਪਰੰਪਰਾ ਅਨੁਸਾਰ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਵੇਗੀ। ਕੋਰੋਨਾ ਦੇ ਲਗਾਤਾਰ ਵਧਦੇ ਖ਼ਤਰੇ ਵਿਚਕਾਰ ਸੰਸਦ ਦਾ ਇਹ ਬਜਟ ਸੈਸ਼ਨ ਕਈ ਪਾਬੰਦੀਆਂ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇੱਥੋਂ ਤਕ ਕਿ ਪਹਿਲੇ 2 ਦਿਨਾਂ ਨੂੰ ਛੱਡ ਕੇ ਸੰਸਦ ਦੇ ਦੋਵੇਂ ਸਦਨਾਂ- ਲੋਕ ਸਭਾ ਤੇ ਰਾਜ ਸਭਾ ਨੂੰ ਦੋ ਸ਼ਿਫ਼ਟਾਂ ਵਿੱਚ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਚੋਣ ਮਾਹੌਲ 'ਚ ਸ਼ੁਰੂ ਹੋ ਰਿਹੈ ਇਸ ਸਾਲ ਦਾ ਪਹਿਲਾ ਸੈਸ਼ਨ
ਕੋਰੋਨਾ ਦੌਰ ਦੇ ਨਾਲ ਹੀ ਇਹ ਸੈਸ਼ਨ ਵੀ ਚੋਣ ਮਾਹੌਲ 'ਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ 5 ਸੂਬਿਆਂ 'ਚ ਹੋ ਰਹੀਆਂ ਚੋਣਾਂ ਤੇ ਕਿਸਾਨ ਜੱਥੇਬੰਦੀਆਂ ਦੀ ਸਰਗਰਮੀ ਦਾ ਅਸਰ ਬਜਟ ਸੈਸ਼ਨ ਦੇ ਪਹਿਲੇ ਪੜਾਅ 'ਚ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਪਾਰਲੀਮੈਂਟ ਸੈਸ਼ਨ ਤੋਂ ਠੀਕ ਪਹਿਲਾਂ ਪੈਗਾਸਸ ਸੌਦੇ ਨੂੰ ਲੈ ਕੇ ਇਕ ਵਿਦੇਸ਼ੀ ਅੰਗਰੇਜ਼ੀ ਅਖਬਾਰ ਵੱਲੋਂ ਕੀਤੇ ਗਏ ਖੁਲਾਸੇ ਦਾ ਅਸਰ ਸੰਸਦ ਦੀ ਕਾਰਵਾਈ 'ਤੇ ਸਾਫ਼ ਨਜ਼ਰ ਆਵੇਗਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਯੁਕਤ ਬੈਠਕ ਨੂੰ ਕਰਨਗੇ ਸੰਬੋਧਨ
ਅੱਜ ਪਹਿਲੇ ਦਿਨ 31 ਜਨਵਰੀ ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਸੰਬੋਧਨ ਤੋਂ ਅੱਧੇ ਘੰਟੇ ਬਾਅਦ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ। ਰਾਜ ਸਭਾ ਦੀ ਕਾਰਵਾਈ ਸੋਮਵਾਰ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ। ਸਾਲ 2021-2022 ਦਾ ਆਰਥਿਕ ਸਰਵੇਖਣ ਸੋਮਵਾਰ ਨੂੰ ਹੀ ਸੰਸਦ ਦੇ ਦੋਹਾਂ ਸਦਨਾਂ 'ਚ ਪੇਸ਼ ਕੀਤਾ ਜਾਵੇਗਾ।
ਦੂਜੇ ਦਿਨ 1 ਫ਼ਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਲੋਕ ਸਭਾ 'ਚ ਬਜਟ ਪੇਸ਼ ਕਰਨਗੇ। ਲੋਕ ਸਭਾ 'ਚ ਵਿੱਤ ਮੰਤਰੀ ਦਾ ਬਜਟ ਭਾਸ਼ਣ ਖਤਮ ਹੋਣ ਤੋਂ 1 ਘੰਟੇ ਬਾਅਦ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਰਾਜ ਸਭਾ 'ਚ ਬਜਟ ਪੇਸ਼ ਕਰਨਗੇ।
ਕੋਵਿਡ ਪ੍ਰੋਟੋਕੋਲ ਦੇ ਮੱਦੇਨਜ਼ਰ 2 ਸ਼ਿਫ਼ਟਾਂ 'ਚ ਚੱਲਣਗੇ ਸੈਸ਼ਨ
2 ਫ਼ਰਵਰੀ ਤੋਂ ਕੋਵਿਡ ਪ੍ਰੋਟੋਕੋਲ ਦੇ ਤਹਿਤ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੋ ਸ਼ਿਫਟਾਂ 'ਚ ਚੱਲੇਗੀ। ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੀ ਕਾਰਵਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਸ਼ਾਮ 4 ਵਜੇ ਸ਼ੁਰੂ ਹੋਵੇਗੀ, ਜਿਸ ਨੂੰ ਰਾਤ 9 ਵਜੇ ਤੱਕ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਫਿਲਹਾਲ ਇਹ ਵਿਵਸਥਾ ਸਿਰਫ਼ ਬਜਟ ਸੈਸ਼ਨ ਦੇ ਪਹਿਲੇ ਪੜਾਅ ਮਤਲਬ 11 ਫਰਵਰੀ ਤੱਕ ਲਈ ਕੀਤੀ ਗਈ ਹੈ। ਦੱਸ ਦੇਈਏ ਕਿ ਸੰਸਦ ਦਾ ਇਹ ਬਜਟ ਸੈਸ਼ਨ 2 ਪੜਾਵਾਂ 'ਚ ਚੱਲੇਗਾ। ਪਹਿਲੇ ਪੜਾਅ 'ਚ ਸਦਨ ਦਾ ਸੈਸ਼ਨ 31 ਜਨਵਰੀ ਤੋਂ 11 ਫ਼ਰਵਰੀ ਤੱਕ ਸ਼ੁਰੂ ਹੋਵੇਗਾ ਅਤੇ ਦੂਜੇ ਪੜਾਅ 'ਚ ਇਹ 14 ਮਾਰਚ ਤੋਂ ਸ਼ੁਰੂ ਹੋ ਕੇ 8 ਅਪ੍ਰੈਲ ਤੱਕ ਚੱਲੇਗਾ।
ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਵੀ ਬਜਟ ਸੈਸ਼ਨ ਲਈ ਤਿਆਰ
ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਨੇ ਵੀ ਸੰਸਦ ਸੈਸ਼ਨ ਨੂੰ ਲੈ ਕੇ ਆਪਣੀਆਂ ਤਿਆਰੀਆਂ ਕਰ ਲਈਆਂ ਹਨ। ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਦੋਵਾਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਈ ਜਾਵੇ ਤਾਂ ਜੋ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕੇ ਅਤੇ ਸਰਕਾਰ ਸਦਨ ਰਾਹੀਂ ਆਪਣੀਆਂ ਪ੍ਰਾਪਤੀਆਂ ਪੂਰੇ ਦੇਸ਼ ਖ਼ਾਸ ਤੌਰ 'ਤੇ ਚੋਣ ਵਾਲੇ ਸੂਬਿਆਂ ਦੇ ਵੋਟਰਾਂ ਨੂੰ ਜਾਣੂ ਕਰਵਾ ਸਕੇ। ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਦੋਵੇਂ ਸਦਨਾਂ ਨੂੰ ਮਿਲਾ ਕੇ 2 ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਹੋ ਸਕਦਾ ਹੈ।
ਪੈਗਾਸਸ ਸੌਦੇ ਨੂੰ ਲੈ ਕੇ ਵਿਰੋਧੀ ਧਿਰ ਚੁੱਕ ਸਕਦੀ ਸਵਾਲ
ਦੂਜੇ ਪਾਸੇ ਵਿਰੋਧੀ ਧਿਰ ਕੋਲ ਮੁੱਦਿਆਂ ਦੀ ਭਰਮਾਰ ਹੈ, ਜਿਸ ਦੀ ਮਦਦ ਨਾਲ ਉਹ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ। ਪਾਰਲੀਮੈਂਟ ਸੈਸ਼ਨ ਤੋਂ ਠੀਕ ਪਹਿਲਾਂ ਪੈਗਾਸਸ ਸੌਦੇ ਬਾਰੇ ਇੱਕ ਵਿਦੇਸ਼ੀ ਅੰਗਰੇਜ਼ੀ ਅਖਬਾਰ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਵਿਰੁੱਧ ਦੋਵਾਂ ਸਦਨਾਂ 'ਚ ਮੋਰਚਾ ਖੋਲ੍ਹਦੀਆਂ ਨਜ਼ਰ ਆਉਣਗੀਆਂ। 5 ਸੂਬਿਆਂ 'ਚ ਹੋ ਰਹੀਆਂ ਚੋਣਾਂ ਅਤੇ ਕਿਸਾਨ ਜੱਥੇਬੰਦੀਆਂ ਦੀ ਸਰਗਰਮੀ ਦਾ ਅਸਰ ਬਜਟ ਸੈਸ਼ਨ ਦੇ ਪਹਿਲੇ ਪੜਾਅ 'ਚ ਵੀ ਤੈਅ ਮੰਨਿਆ ਜਾ ਰਿਹਾ ਹੈ।
5 ਸੂਬਿਆਂ 'ਚ ਹੋਣ ਜਾ ਰਹੀਆਂ ਹਨ ਵਿਧਾਨ ਸਭਾ ਚੋਣਾਂ
ਦਰਅਸਲ ਦੇਸ਼ ਦੇ 5 ਸੂਬਿਆਂ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ 'ਚ ਚੋਣ ਪਾਰਾ ਆਪਣੇ ਸਿਖਰ 'ਤੇ ਹੈ ਅਤੇ ਇਸ ਦਾ ਅਸਰ ਸੰਸਦ ਦੇ ਸੈਸ਼ਨ 'ਤੇ ਵੀ ਪੈਣਾ ਤੈਅ ਮੰਨਿਆ ਜਾ ਰਿਹਾ ਹੈ, ਕਿਉਂਕਿ ਸਰਕਾਰ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਵੀ ਸੂਬਿਆਂ ਦੇ ਵੋਟਰਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ। ਅਜਿਹੇ 'ਚ ਇਕ ਵਾਰ ਫਿਰ ਸੰਸਦ 'ਚ ਹੰਗਾਮਾ ਹੋਣ ਦੀ ਸੰਭਾਵਨਾ ਵੱਧ ਗਈ ਹੈ। ਉਂਜ ਵੀ ਸੰਸਦ ਦੇ ਪਿਛਲੇ ਕਈ ਸੈਸ਼ਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਟਕਰਾਅ ਕਾਰਨ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਹੈ।
ਇਹ ਵੀ ਪੜ੍ਹੋ: Budget 2022-23: ਇਸ ਕਾਰਨ 31 ਜਨਵਰੀ ਤੇ 1 ਫਰਵਰੀ ਨੂੰ ਨਹੀਂ ਹੋਵੇਗਾ ਜ਼ੀਰੋ ਆਵਰ, ਜਾਣੋ ਕੀ ਹੈ ਮਾਮਲਾ
ਸਰਦ ਰੁੱਤ ਸੈਸ਼ਨ 'ਚ ਹੋਇਆ ਸੀ ਹੰਗਾਮਾ
ਸੰਸਦ ਦੇ ਪਿਛਲੇ ਸਰਦ ਰੁੱਤ ਸੈਸ਼ਨ ਦੀ ਗੱਲ ਕਰੀਏ ਤਾਂ ਹੰਗਾਮੇ ਕਾਰਨ ਲੋਕ ਸਭਾ 'ਚ ਕੰਮ ਦੀ ਉਤਪਾਦਕਤਾ ਸਿਰਫ਼ 82 ਫ਼ੀਸਦੀ ਰਹੀ ਸੀ। ਕਾਰੋਬਾਰ ਦੇ ਲਿਹਾਜ਼ ਨਾਲ ਰਾਜ ਸਭਾ ਦਾ ਰਿਕਾਰਡ ਹੋਰ ਵੀ ਖ਼ਰਾਬ ਰਿਹਾ, ਜਿੱਥੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਖਿੱਚੋਤਾਣ ਸਦਨ ਦੀ ਕਾਰਵਾਈ 'ਚ ਵਿਘਨ ਪਾਉਂਦੀ ਰਹੀ ਤੇ ਇਸ ਕਾਰਨ ਉਪਰਲੇ ਸਦਨ 'ਚ ਸਿਰਫ਼ 48 ਫ਼ੀਸਦੀ ਹੀ ਕੰਮਕਾਜ ਹੀ ਹੋ ਸਕਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904