ED Raids Munjal: ਹੀਰੋ ਦੇ ਮਾਲਕ ਦੇ ਘਰ 'ਚ ਈਡੀ ਦਾ ਛਾਪਾ, 25 ਕਰੋੜ ਦਾ ਸੋਨਾ ਤੇ ਕੈਸ਼...ਵੇਖੋ ਕੀ-ਕੀ ਮਿਲਿਆ
ED Raids Hero MotoCorp MD: ਈਡੀ ਨੇ ਇਸ ਹਫ਼ਤੇ ਹੀਰੋ ਮੋਟੋਕਾਰਪ ਦੇ ਐਮਡੀ ਪਵਨ ਮੁੰਜਾਲ ਦੇ ਘਰ ਤੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਵੀ ਤਲਾਸ਼ੀ ਲੈ ਚੁੱਕਾ ਹੈ।
ED Raids Hero MotoCorp MD : ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀਆਂ ਵਿੱਚੋਂ ਇੱਕ ਹੀਰੋ ਮੋਟੋਕਾਰਪ ਸੁਰਖੀਆਂ ਵਿੱਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਚੰਗਾ ਨਹੀਂ ਹੈ। ਦਰਅਸਲ, ਈਡੀ ਨੇ ਹਾਲ ਹੀ 'ਚ ਹੀਰੋ ਮੋਟੋ ਦੇ ਐਮਡੀ ਪਵਨ ਮੁੰਜਾਲ ਸਣੇ ਕੁਝ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਵਿੱਚ ਈਡੀ ਨੂੰ ਪਵਨ ਮੁੰਜਾਲ ਦੇ ਘਰੋਂ ਕਰੋੜਾਂ ਦੇ ਗਹਿਣੇ ਅਤੇ ਨਕਦੀ ਮਿਲੀ ਹੈ।
ਇਸੇ ਹਫ਼ਤੇ ਈਡੀ ਨੇ ਕੀਤੀ ਸੀ ਕਾਰਵਾਈ
ਇਨਫੋਰਸਮੈਂਟ ਡਾਇਰੈਕਟੋਰੇਟ ਭਾਵ ਈਡੀ ਨੇ ਮੰਗਲਵਾਰ ਨੂੰ 69 ਸਾਲਾ ਅਰਬਪਤੀ ਪਵਨ ਮੁੰਜਾਲ ਅਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਵਿੱਚ ਚੱਲ ਰਹੀ ਜਾਂਚ ਨਾਲ ਸਬੰਧਤ ਹੈ। ਇਸ ਤਹਿਤ ਈਡੀ ਨੇ ਦਿੱਲੀ ਤੇ ਗੁਰੂਗ੍ਰਾਮ ਸਥਿਤ ਮੁੰਜਾਲ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ। ਦੱਸਣਯੋਗ ਹੈ ਕਿ ਇਸ ਸਬੰਧ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
ਕੰਪਨੀ ਨੇ ਕਿਹਾ-ਕਰ ਰਹੇ ਹਾਂ ਪੂਰਾ ਸਹਿਯੋਗ
ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਨੇ ਵੀ ਈਡੀ ਦੀ ਕਾਰਵਾਈ ਤੋਂ ਬਾਅਦ ਬਿਆਨ ਜਾਰੀ ਕੀਤਾ ਸੀ। ਉਹਨਾਂ ਕਿਹਾ, ਈਡੀ ਦੇ ਅਧਿਕਾਰੀ ਦਿੱਲੀ ਅਤੇ ਗੁਰੂਗ੍ਰਾਮ ਸਥਿਤ ਸਾਡੇ ਦਫ਼ਤਰਾਂ ਤੇ ਸਾਡੇ ਐਮਡੀ ਡਾਕਟਰ ਪਵਨ ਮੁੰਜਾਲ ਦੇ ਘਰ ਆਏ ਸਨ। ਅਸੀਂ ਏਜੰਸੀ ਦਾ ਲਗਾਤਾਰ ਸਹਿਯੋਗ ਕਰ ਰਹੇ ਹਾਂ। ਬਾਅਦ ਵਿੱਚ ਈਡੀ ਨੇ ਵੀ ਅਧਿਕਾਰਤ ਤੌਰ 'ਤੇ ਕਾਰਵਾਈ ਬਾਰੇ ਦੱਸਿਆ ਤੇ ਜ਼ਬਤ ਕਰਨ ਦੀ ਵੀ ਜਾਣਕਾਰੀ ਦਿੱਤੀ।
ਇਨਕਮ ਟੈਕਸ ਡਿਪਾਰਟਮੈਂਟ ਵੀ ਮਾਰ ਚੁੱਕਾ ਹੈ ਛਾਪਾ
ਈਡੀ ਮੁਤਾਬਕ ਇਸ ਛਾਪੇਮਾਰੀ ਵਿੱਚ ਉਸ ਨੂੰ ਕਰੋੜਾਂ ਰੁਪਏ ਦੀਆਂ ਸ਼ੱਕੀ ਵਸਤੂਆਂ ਮਿਲੀਆਂ ਹਨ, ਜਿਨ੍ਹਾਂ ਵਿੱਚ 25 ਕਰੋੜ ਰੁਪਏ ਦੀਆਂ ਵਿਦੇਸ਼ੀ ਅਤੇ ਭਾਰਤੀ ਕਰੰਸੀਆਂ, ਸੋਨੇ ਅਤੇ ਹੀਰੇ ਦੇ ਗਹਿਣੇ ਅਤੇ ਕੁਝ ਅਪਰਾਧਕ ਦਸਤਾਵੇਜ਼ ਸ਼ਾਮਲ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਆਮਦਨ ਕਰ ਵਿਭਾਗ ਨੇ ਵੀ ਟੈਕਸ ਚੋਰੀ ਦੇ ਮਾਮਲੇ 'ਚ ਮੁੰਜਾਲ ਤੇ ਉਸ ਦੀਆਂ ਇਮਾਰਤਾਂ ਦੀ ਤਲਾਸ਼ੀ ਲਈ ਸੀ। ਉਦੋਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ 800 ਕਰੋੜ ਰੁਪਏ ਦੇ ਕਾਰੋਬਾਰੀ ਖਰਚੇ ਗਲਤ ਤਰੀਕੇ ਨਾਲ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਦਿੱਲੀ ਵਿੱਚ ਜ਼ਮੀਨ ਖਰੀਦਣ ਲਈ 60 ਕਰੋੜ ਰੁਪਏ ਦੀ ਅਣਦੱਸੀ ਆਮਦਨ ਦੀ ਵਰਤੋਂ ਬਾਰੇ ਦਸਤਾਵੇਜ਼ਾਂ ਤੋਂ ਜਾਣਕਾਰੀ ਮਿਲੀ ਹੈ।