EPFO 3.0 ਜਲਦ ਹੋਣ ਵਾਲਾ ਲਾਂਚ, ATM ਤੋਂ ਪੈਸਾ ਕੱਢਵਾਉਣਾ, ਕਲੇਮ ਸੈਟਲਮੈਂਟ ਸਣੇ ਮਿਲਣਗੇ ਕਈ ਫਾਇਦੇ, ਡਿਟੇਲ 'ਚ ਜਾਣੋ
EPFO ਵੱਲੋਂ ਜਲਦ ਹੀ ਆਪਣਾ ਨਵਾਂ ਪਲੇਟਫਾਰਮ ਈਪੀਐਫਓ 3.0 ਲਾਂਚ ਕੀਤਾ ਜਾਵੇਗਾ। ਇਸ ਮਜ਼ਬੂਤ ਆਈਟੀ ਪਲੇਟਫਾਰਮ ਰਾਹੀਂ ਮੈਂਬਰਾਂ ਨੂੰ ਬੈਂਕ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇੱਥੇ ਜਾਣੋ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਜਲਦ ਹੀ ਆਪਣਾ ਨਵਾਂ ਪਲੇਟਫਾਰਮ ਈਪੀਐਫਓ 3.0 ਲਾਂਚ ਕੀਤਾ ਜਾਵੇਗਾ। ਇਸ ਮਜ਼ਬੂਤ ਆਈਟੀ ਪਲੇਟਫਾਰਮ ਰਾਹੀਂ ਮੈਂਬਰਾਂ ਨੂੰ ਬੈਂਕ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਕੇਂਦਰੀ ਮਜ਼ਦੂਰ ਤੇ ਰੋਜ਼ਗਾਰ ਮੰਤਰੀ ਮਨਸੁੱਖ ਮੰਡਾਵੀਆ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਨਵਾਂ ਸਿਸਟਮ ਮਈ ਤੋਂ ਜੂਨ 2025 ਦੇ ਦਰਮਿਆਨ ਸ਼ੁਰੂ ਹੋ ਜਾਵੇਗਾ।
ਉਹਨਾਂ ਕਿਹਾ ਸੀ ਕਿ EPFO 3.0 ਇਕ ਅਜਿਹਾ ਭਰੋਸੇਮੰਦ ਪਲੇਟਫਾਰਮ ਹੋਵੇਗਾ, ਜੋ ਆਪਣੇ 9 ਕਰੋੜ ਤੋਂ ਵੱਧ ਸਭਸਕ੍ਰਾਈਬਰਾਂ ਨੂੰ ਬਿਨਾਂ ਕਿਸੇ ਤਕਲੀਫ਼ ਦੇ ਕਈ ਨਵੀਆਂ ਸੁਵਿਧਾਵਾਂ ਦੇਵੇਗਾ। ਜਿਵੇਂ ਕਿ ਕਲੇਮ ਦਾ ਸੈਟਲਮੈਂਟ ਆਟੋਮੈਟਿਕ ਹੋ ਜਾਵੇਗਾ, ਡਿਜਿਟਲੀ ਗਲਤੀਆਂ ਸਹੀ ਕਰ ਦਿੱਤੀਆਂ ਜਾਣਗੀਆਂ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਆਪਣਾ ਪੀਐਫ ਦਾ ਪੈਸਾ ਏਟੀਐਮ ਤੋਂ ਸਿੱਧਾ ਕੱਢ ਸਕੋਗੇ, ਜਿਵੇਂ ਬੈਂਕ ਖਾਤੇ ਵਿੱਚ ਰੱਖਿਆ ਪੈਸਾ ਏਟੀਐਮ ਤੋਂ ਵੀਡਰਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਖ਼ਬਰ ਰਾਹੀਂ ਦੱਸਣ ਜਾ ਰਹੇ ਹਾਂ ਕਿ EPFO 3.0 ਵਿੱਚ ਕਿਹੜੇ ਨਵੇਂ ਬਦਲਾਅ ਹੋਣਗੇ।
- ਪੀਐਫ ਦਾ ਪੈਸਾ ਕੱਢਣ ਦਾ ਪ੍ਰੋਸੈਸ ਪਹਿਲਾਂ ਨਾਲੋਂ ਕਾਫ਼ੀ ਅਸਾਨ ਤੇ ਤੇਜ਼ ਹੋ ਜਾਵੇਗਾ। ਕਲੇਮ ਸੈਟਲਮੈਂਟ ਆਪਣੇ ਆਪ ਹੋ ਜਾਵੇਗਾ, ਮੈਨੁਅਲ ਕੰਮ ਕਰਨ ਦੀ ਲੋੜ ਨਹੀਂ ਰਹੇਗੀ।
- ਕਲੇਮ ਮਨਜ਼ੂਰ ਹੋਣ ਤੋਂ ਬਾਅਦ ਤੁਸੀਂ ਬੈਂਕ ਅਕਾਊਂਟ ਵਾਂਗ ਸਿੱਧਾ ਏਟੀਐਮ ਤੋਂ ਪੈਸਾ ਕੱਢ ਸਕੋਗੇ।
- ਤੁਸੀਂ ਘਰ ਬੈਠੇ ਹੀ ਆਪਣੇ ਅਕਾਊਂਟ ਵਿੱਚ ਦਿੱਤੀ ਕੋਈ ਵੀ ਜਾਣਕਾਰੀ ਆਨਲਾਈਨ ਸੁਧਾਰ ਸਕਦੇ ਹੋ, ਜਿਸ ਨਾਲ ਫਾਰਮ ਭਰਨ ਦਾ ਝੰਜਟ ਖ਼ਤਮ ਹੋ ਜਾਵੇਗਾ।
- ਈਪੀਐਫਓ ਹੁਣ ਅਟਲ ਪੈਨਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਵਰਗੀਆਂ ਹੋਰ ਸੋਸ਼ਲ ਸੁਰੱਖਿਆ ਸਕੀਮਾਂ ਨੂੰ ਆਪਣੇ ਸਿਸਟਮ ਵਿੱਚ ਸ਼ਾਮਿਲ ਕਰਨ ਦੀ ਸੋਚ ਰਿਹਾ ਹੈ, ਤਾਂ ਜੋ ਅਸੰਗਠਿਤ ਅਤੇ ਗੈਰ-ਰਸਮੀ ਖੇਤਰ ਦੇ ਮਜ਼ਦੂਰਾਂ ਨੂੰ ਵੀ ਪੈਨਸ਼ਨ ਤੇ ਸੁਰੱਖਿਆ ਦੇ ਵਧੀਆ ਫਾਇਦੇ ਮਿਲ ਸਕਣ।
- ਹੁਣ ਲੰਬੇ-ਚੌੜੇ ਫਾਰਮ ਭਰਨ ਦੀ ਥਾਂ ਓਟੀਪੀ ਰਾਹੀਂ ਤੇਜ਼ ਅਤੇ ਸੁਰੱਖਿਅਤ ਤਰੀਕੇ ਨਾਲ ਜ਼ਰੂਰੀ ਬਦਲਾਅ ਕਰ ਸਕੋਗੇ।
ਇਸਦੇ ਨਾਲ ਨਾਲ, EPFO ਨੇ ਪੈਨਸ਼ਨ ਲੈਣ ਵਾਲਿਆਂ ਨੂੰ ਵਧੀਆ ਸੁਵਿਧਾ ਦੇਣ ਲਈ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ (CPPS) ਵੀ ਸ਼ੁਰੂ ਕੀਤੀ ਹੈ। ਇਸਦੇ ਤਹਿਤ, ਦੇਸ਼ ਦੇ ਕਿਸੇ ਵੀ ਬੈਂਕ ਦੀ ਕਿਸੇ ਵੀ ਸ਼ਾਖਾ ਤੋਂ ਪੈਨਸ਼ਨ ਦੀ ਰਕਮ ਪ੍ਰਾਪਤ ਕੀਤੀ ਜਾ ਸਕੇਗੀ। ਇਸ ਕਦਮ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਬਹੁਤ ਸੁਵਿਧਾ ਮਿਲੇਗੀ।
ESIC ਸਿਹਤ ਸੇਵਾਵਾਂ
ਕਰਮਚਾਰੀ ਰਾਜ਼ੀ ਇੰਸ਼ੋਰੈਂਸ ਕਾਰਪੋਰੇਸ਼ਨ (ESIC) ਵੀ ਆਪਣੀਆਂ ਸੁਵਿਧਾਵਾਂ ਨੂੰ ਅਪਗ੍ਰੇਡ ਕਰ ਰਿਹਾ ਹੈ। ਜਲਦ ਹੀ ESIC ਦੇ ਲਾਭਾਰਥੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਰਕਾਰੀ, ਨਿੱਜੀ ਅਤੇ ਚੈਰਿਟੇਬਲ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਾ ਫਾਇਦਾ ਉਠਾ ਸਕਣਗੇ। ਇਸ ਸਮੇਂ ESIC 165 ਹਸਪਤਾਲਾਂ ਰਾਹੀਂ 18 ਕਰੋੜ ਲੋਕਾਂ ਨੂੰ ਚਿਕਿਤਸਾ ਸੁਵਿਧਾ ਪ੍ਰਦਾਨ ਕਰ ਰਿਹਾ ਹੈ।






















