Google-Airtel Deal: ਏਅਰਟੈੱਲ-ਗੂਗਲ ਦੀ ਡੀਲ ਦੇਵੇਗੀ ਡਿਜੀਟਲ ਇੰਡੀਆ ਨੂੰ ਉਡਾਣ, ਫੀਚਰ ਫੋਨ ਯੂਜ਼ਰਸ ਨੂੰ ਮਿਲਣਗੇ ਸਸਤੇ ਸਮਾਰਟਫੋਨ
ਗਲੋਬਲ ਟੈਕ ਕੰਪਨੀ ਗੂਗਲ ਨੇ ਦੇਸ਼ ਦੀ ਪ੍ਰਮੁੱਖ ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ ਨਾਲ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਗੂਗਲ ਭਾਰਤੀ ਏਅਰਟੈੱਲ 'ਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ।
Airtel-Google Deal: ਭਾਰਤ ਦਾ ਡਿਜੀਟਲ ਈਕੋਸਿਸਟਮ ਇੱਕ ਇਤਿਹਾਸਕ ਪੜਾਅ ਵਿੱਚੋਂ ਲੰਘ ਰਿਹਾ ਹੈ। ਦੁਨੀਆ ਦੀਆਂ ਵੱਡੀਆਂ ਕੰਪਨੀਆਂ ਇਸ ਬੇਮਿਸਾਲ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੀਆਂ ਹਨ। ਇਸ ਮੌਕੇ ਨੂੰ ਦੇਖਦੇ ਹੋਏ ਗਲੋਬਲ ਟੈਕ ਕੰਪਨੀ ਗੂਗਲ ਨੇ ਦੇਸ਼ ਦੀ ਪ੍ਰਮੁੱਖ ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ ਨਾਲ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਗੂਗਲ ਭਾਰਤੀ ਏਅਰਟੈੱਲ 'ਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ।
ਏਅਰਟੈੱਲ ਵਿੱਚ ਗੂਗਲ ਦਾ ਨਿਵੇਸ਼
ਇਹ ਰਣਨੀਤਕ ਭਾਈਵਾਲੀ ਭਾਰਤ ਵਿੱਚ ਕਫਾਇਤੀ ਸਮਾਰਟਫ਼ੋਨ ਤੇ 5ਜੀ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਇਸ ਸਾਂਝੇਦਾਰੀ ਤਹਿਤ ਗੂਗਲ ਭਾਰਤੀ ਏਅਰਟੈੱਲ 'ਚ 1 ਬਿਲੀਅਨ ਡਾਲਰ ਯਾਨੀ ਕਰੀਬ 7500 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਗੂਗਲ ਇਹ ਨਿਵੇਸ਼ ਗੂਗਲ ਫਾਰ ਇੰਡੀਆ ਡਿਜੀਟਾਈਜੇਸ਼ਨ ਫੰਡ ਦੇ ਹਿੱਸੇ ਵਜੋਂ ਕਰ ਰਿਹਾ ਹੈ। ਗੂਗਲ 70 ਮਿਲਿਅਨ ਡਾਲਰ (5,224.4 ਕਰੋੜ ਰੁਪਏ) ਦਾ ਨਿਵੇਸ਼ ਕਰਕੇ ਭਾਰਤੀ ਏਅਰਟੈੱਲ 'ਚ 1.28 ਫੀਸਦੀ ਹਿੱਸੇਦਾਰੀ ਖਰੀਦੇਗਾ। ਭਾਰਤੀ ਏਅਰਟੈੱਲ ਨੇ ਸਪੱਸ਼ਟ ਕੀਤਾ ਹੈ ਕਿ ਗੂਗਲ ਉਨ੍ਹਾਂ ਦੀ ਕੰਪਨੀ 'ਚ ਇਹ ਹਿੱਸੇਦਾਰੀ 734 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਖਰੀਦੇਗਾ।
ਡਿਜੀਟਲ ਇੰਡੀਆ ਲਈ ਮਹੱਤਵਪੂਰਨ ਸਾਂਝੇਦਾਰੀ
ਪੰਜ ਸਾਲਾਂ ਲਈ ਮਲਟੀ ਈਅਰ ਡੀਲ ਤਹਿਤ ਗੂਗਲ $300 ਮਿਲੀਅਨ ਦਾ ਨਿਵੇਸ਼ ਕਰੇਗਾ। ਵਰਤਮਾਨ ਵਿੱਚ, ਭਾਰਤ ਦੇ 1.3 ਬਿਲੀਅਨ ਲੋਕਾਂ ਵਿੱਚੋਂ ਲਗਪਗ 750 ਮਿਲੀਅਨ ਲੋਕਾਂ ਕੋਲ ਇੰਟਰਨੈਟ ਦੀ ਪਹੁੰਚ ਮੋਬਾਈਲ ਫੋਨਾਂ ਰਾਹੀਂ ਹੈ ਪਰ ਅਜੇ ਵੀ ਲਗਪਗ 350 ਮਿਲੀਅਨ ਫੀਚਰ ਫੋਨ ਜਾਂ ਬੇਸਿਕ ਫੋਨ ਉਪਭੋਗਤਾ ਹਨ ਜੋ ਮਹਿੰਗੇ ਹੋਣ ਕਾਰਨ ਸਮਾਰਟਫੋਨ ਖਰੀਦਣ ਵਿੱਚ ਅਸਮਰੱਥ ਹਨ। ਇਸ ਸੌਦੇ ਦੇ ਤਹਿਤ ਏਅਰਟੈੱਲ 350 ਮਿਲੀਅਨ ਮੋਬਾਈਲ ਫੋਨ ਗਾਹਕਾਂ ਨੂੰ ਕਫਾਇਤੀ ਅਤੇ ਸਸਤੇ ਸਮਾਰਟਫੋਨ ਮੁਹੱਈਆ ਕਰਵਾਏਗਾ। ਇਸ ਦੇ ਨਾਲ, ਫੀਚਰ ਫੋਨ ਦੀ ਵਰਤੋਂ ਕਰਨ ਵਾਲੇ ਉਪਭੋਗਤਾ ਵੀ ਸਮਾਰਟਫੋਨ ਨਾਲ ਕਨੈਕਟ ਕਰਕੇ ਇੰਟਰਨੈਟ ਸਰਫਿੰਗ ਸਮੇਤ ਹੋਰ ਡਿਜੀਟਲ ਸੇਵਾਵਾਂ ਤੱਕ ਪਹੁੰਚ ਕਰ ਸਕਣਗੇ।
#Airtel is thrilled to announce a long-term partnership with @Google to accelerate the growth of India’s #digitalecosystem.
— Bharti Airtel (@airtelnews) January 28, 2022
Read more: https://t.co/xOqDvQPYm0 pic.twitter.com/ZJs6Xau8KU
ਦੋਵੇਂ ਕੰਪਨੀਆਂ ਵੱਖ-ਵੱਖ ਕੀਮਤ ਰੇਂਜਾਂ ਵਿੱਚ ਕਿਫਾਇਤੀ ਸਮਾਰਟਫੋਨ ਪ੍ਰਦਾਨ ਕਰਨ ਲਈ ਸਮਾਰਟਫੋਨ ਨਿਰਮਾਤਾਵਾਂ ਨਾਲ ਸਾਂਝੇਦਾਰੀ ਕਰਨ ਦੇ ਮੌਕੇ ਦੀ ਖੋਜ ਕਰਨਗੀਆਂ। Google 5G ਲਈ ਸੰਭਾਵੀ ਤੌਰ 'ਤੇ ਭਾਰਤ-ਵਿਸ਼ੇਸ਼ ਨੈੱਟਵਰਕ ਡੋਮੇਨ ਵਿਕਸਿਤ ਕਰਨ ਲਈ ਏਅਰਟੈੱਲ ਦੇ ਨਾਲ ਸਹਿਯੋਗ ਕਰੇਗਾ। ਇਸ ਤੋਂ ਇਲਾਵਾ, ਦੋਵੇਂ ਕੰਪਨੀਆਂ ਉੱਦਮੀਆਂ ਵਲੋਂ ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਭਾਰਤ ਵਿੱਚ ਕਲਾਉਡ ਈਕੋਸਿਸਟਮ ਨੂੰ ਵਿਕਸਤ ਕਰਨ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਉੱਦਮਾਂ, ਖਾਸ ਤੌਰ 'ਤੇ ਛੋਟੇ ਅਤੇ ਮੱਧਮ ਉਦਯੋਗਾਂ ਨਾਲ ਸਹਿਯੋਗ ਕਰਨਗੀਆਂ।
Over the years, @airtelnews has played a pivotal role in helping Indians and SMBs gain from the benefits of digital transformation.
— Google India (@GoogleIndia) January 28, 2022
Know more about our investment in Bharti Airtel, as part of the #GoogleforIndia Digitization Fund ➡️ https://t.co/7PfVW3J1D9.
ਭਾਰਤੀ ਏਅਰਟੈੱਲ ਦੇ ਪ੍ਰੈਜ਼ੀਡੈਂਟ ਸੁਨੀਲ ਭਾਰਤੀ ਮਿੱਤਲ ਨੇ ਇਸ ਸੌਦੇ 'ਤੇ ਕਿਹਾ ਕਿ ਏਅਰਟੈੱਲ ਅਤੇ ਗੂਗਲ ਨਵੀਨਤਾਕਾਰੀ ਉਤਪਾਦਾਂ ਰਾਹੀਂ ਭਾਰਤ ਦੇ ਡਿਜੀਟਲ ਲਾਭਅੰਸ਼ ਨੂੰ ਵਧਾਉਣ ਲਈ ਇੱਕ ਸਾਂਝਾ ਵਿਜ਼ਨ ਸਾਂਝਾ ਕਰਦੇ ਹਨ। ਭਵਿੱਖ ਵਿੱਚ ਤਿਆਰ ਨੈੱਟਵਰਕ, ਡਿਜੀਟਲ ਪਲੇਟਫਾਰਮ, ਸ਼ਾਨਦਾਰ ਡਿਸਟ੍ਰੀਬਿਊਸ਼ਨ ਨੈੱਟਵਰਕ ਅਤੇ ਭੁਗਤਾਨ ਈਕੋਸਿਸਟਮ ਦੇ ਨਾਲ, ਅਸੀਂ ਭਾਰਤ ਦੇ ਡਿਜੀਟਲ ਈਕੋਸਿਸਟਮ ਦਾ ਹੋਰ ਵਿਸਤਾਰ ਕਰਨ ਲਈ Google ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਾਂ।
ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਦੋਵੇਂ ਕੰਪਨੀਆਂ ਕਨੈਕਟੀਵਿਟੀ ਦਾ ਵਿਸਤਾਰ ਕਰਨ ਅਤੇ ਹੋਰ ਭਾਰਤੀਆਂ ਤੱਕ ਇੰਟਰਨੈਟ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਾਂਝੇ ਵਿਜ਼ਨ ਲਈ ਸਾਂਝੇਦਾਰੀ ਕਰਨ 'ਤੇ ਮਾਣ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਏਅਰਟੈੱਲ ਵਿੱਚ ਗੂਗਲ ਦੇ ਵਪਾਰਕ ਅਤੇ ਇਕੁਇਟੀ ਨਿਵੇਸ਼ਾਂ ਦਾ ਮੁੱਖ ਉਦੇਸ਼ ਸਮਾਰਟਫੋਨ ਦੇ ਪ੍ਰਵੇਸ਼ ਨੂੰ ਵਧਾਉਣਾ, ਨਵੇਂ ਕਾਰੋਬਾਰੀ ਮਾਡਲ ਬਣਾਉਣਾ, ਕਨੈਕਟੀਵਿਟੀ ਨੂੰ ਵਧਾਉਣਾ ਅਤੇ ਕੰਪਨੀਆਂ ਨੂੰ ਉਨ੍ਹਾਂ ਦੇ ਡਿਜੀਟਲ ਪਰਿਵਰਤਨ ਵਿੱਚ ਮਦਦ ਕਰਨਾ ਹੈ।
ਗੂਗਲ ਨੂੰ ਆਪਣੇ ਸਰਚ ਇੰਜਣ ਲਈ ਹੋਰ ਇੰਟਰਨੈਟ ਉਪਭੋਗਤਾਵਾਂ ਦੀ ਲੋੜ ਹੈ। ਗੂਗਲ ਦੇਸ਼ ਦੀ 130 ਕਰੋੜ ਆਬਾਦੀ ਵਿੱਚ ਅਪਾਰ ਸੰਭਾਵਨਾਵਾਂ ਨੂੰ ਦੇਖਦਾ ਹੈ ਅਤੇ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਲੋਕ ਸਮਾਰਟਫ਼ੋਨ ਦੀ ਵਰਤੋਂ ਕਰਨ, ਜਿਸ ਨਾਲ ਡੇਟਾ ਦੀ ਖਪਤ ਵਧੇ ਅਤੇ ਕੰਪਨੀਆਂ ਦੇ ਮਾਲੀਏ ਵਿੱਚ ਵੀ ਵਾਧਾ ਹੋਵੇ। ਭਾਰਤੀ ਏਅਰਟੈੱਲ ਨੂੰ ਗੂਗਲ ਦੇ ਨਾਲ ਸਾਂਝੇਦਾਰੀ ਤੋਂ ਜੋ ਫੰਡ ਪ੍ਰਾਪਤ ਹੋਣਗੇ, ਉਹ 5ਜੀ ਸਪੈਕਟ੍ਰਮ ਲਈ ਬੋਲੀ ਦੇ ਨਾਲ-ਨਾਲ 5ਜੀ ਨੈੱਟਵਰਕ ਦੇ ਰੋਲਆਊਟ ਵਿੱਚ ਵੀ ਮਦਦ ਕਰਨਗੇ।
ਏਅਰਟੈੱਲ 5ਜੀ ਲਿਆਉਣ ਦੀ ਤਿਆਰੀ 'ਚ
ਭਾਰਤੀ ਏਅਰਟੈੱਲ ਨੇ 5ਜੀ ਸੇਵਾਵਾਂ ਸ਼ੁਰੂ ਕਰਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ। ਦੇਸ਼ 'ਚ ਕਈ ਥਾਵਾਂ 'ਤੇ ਲਾਈਵ ਡੇਮੋਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕਮਰਸ਼ੀਅਲ ਰੋਲਆਊਟ ਜਲਦੀ ਹੀ ਹੋਵੇਗਾ। 5ਜੀ ਟੈਕਨਾਲੋਜੀ ਟੈਸਟਿੰਗ ਦੌਰਾਨ, ਸਿਰਫ 30 ਸਕਿੰਟਾਂ ਵਿੱਚ ਇੱਕ 1GB ਫਾਈਲ ਨੂੰ ਡਾਊਨਲੋਡ ਕਰਨਾ ਸੰਭਵ ਹੋਇਆ। ਹਾਲ ਹੀ ਵਿੱਚ, ਨੋਕੀਆ ਦੇ ਨਾਲ ਏਅਰਟੈੱਲ ਨੇ ਕੋਲਕਾਤਾ ਸ਼ਹਿਰ ਦੇ ਬਾਹਰ 700 MHz ਸਪੈਕਟ੍ਰਮ ਬੈਂਡ ਵਿੱਚ ਪਹਿਲਾ 5G ਟ੍ਰਾਇਲ ਸਫਲਤਾਪੂਰਵਕ ਕੀਤਾ ਹੈ। ਭਾਰਤ ਵਿੱਚ ਪੇਂਡੂ ਖੇਤਰਾਂ ਵਿੱਚ ਕੀਤਾ ਜਾਣ ਵਾਲਾ ਇਹ ਪਹਿਲਾ 5G ਟ੍ਰਾਇਲ ਸੀ। ਭਾਰਤੀ ਏਅਰਟੈੱਲ ਦੇਸ਼ ਦੇ ਵਪਾਰ ਜਗਤ ਨੂੰ ਇੱਕ ਨਵਾਂ ਆਯਾਮ ਦੇਣ ਲਈ ਗਲੋਬਲ ਟੈਕਨਾਲੋਜੀ ਅਤੇ ਨਿਰਮਾਣ ਕੰਪਨੀਆਂ ਦੇ ਸਹਿਯੋਗ ਨਾਲ 5ਜੀ ਸਲਿਊਸ਼ਨ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਪਹਿਲ ਕਰ ਰਿਹਾ ਹੈ। ਨਾਲ ਹੀ, ਏਅਰਟੈੱਲ ਭਾਰਤ ਨੂੰ ਹਾਈਪਰਕਨੈਕਟਡ ਵਰਲਡ ਦੀ ਸ਼੍ਰੇਣੀ ਵਿੱਚ ਲਿਆਉਣ ਲਈ Intel, Qualcomm, CISCO, Accenture, Ericsson ਵਰਗੀਆਂ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
5ਜੀ ਦੇ ਆਉਣ ਨਾਲ ਮੋਬਾਈਲ ਟੈਲੀਫੋਨ ਦੀ ਦੁਨੀਆ ਬਦਲ ਜਾਵੇਗੀ। 5ਜੀ ਦੇ ਆਉਣ ਤੋਂ ਬਾਅਦ ਕਾਰੋਬਾਰ ਆਪਣੇ ਆਪ ਚੱਲਣਗੇ, ਆਟੋਮੇਸ਼ਨ ਵਧੇਗੀ। ਹੁਣ ਤੱਕ ਜੋ ਚੀਜ਼ਾਂ ਵੱਡੇ ਸ਼ਹਿਰਾਂ ਤੱਕ ਸੀਮਤ ਹਨ, ਉਹ ਪਿੰਡਾਂ ਤੱਕ ਪਹੁੰਚ ਜਾਣਗੀਆਂ, ਜਿਸ ਵਿੱਚ ਈ-ਦਵਾਈ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸਿੱਖਿਆ ਖੇਤਰ ਅਤੇ ਖੇਤੀਬਾੜੀ ਖੇਤਰ ਨੂੰ ਵੀ ਕਾਫੀ ਫਾਇਦਾ ਹੋਵੇਗਾ। 5ਜੀ ਸੇਵਾ ਦੀ ਸ਼ੁਰੂਆਤ ਡਿਜੀਟਲ ਕ੍ਰਾਂਤੀ ਨੂੰ ਨਵਾਂ ਆਯਾਮ ਦੇਵੇਗੀ। 5ਜੀ ਤਕਨੀਕ ਹੈਲਥਕੇਅਰ, ਵਰਚੁਅਲ ਰਿਐਲਿਟੀ, ਕਲਾਊਡ ਗੇਮਿੰਗ ਲਈ ਨਵੇਂ ਰਾਹ ਖੋਲ੍ਹੇਗੀ।
ਇਹ ਵੀ ਪੜ੍ਹੋ: Digital Land Record: ਜ਼ਮੀਨਾਂ ਦਾ ਡਿਜੀਟਲ ਰਿਕਾਰਡ ਬਣਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਜਾਣੋ ਪੂਰਾ ਪਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin