ਸਰਕਾਰ ਦੇਵੇਗੀ 15000 ਰੁਪਏ ਦੀ ਰਾਸ਼ੀ, ਕਿਸਨੂੰ ਤੇ ਕਿਵੇਂ ਮਿਲੇਗਾ ਲਾਭ... ਜਾਣੋ ਸਾਰੀ ਜਾਣਕਾਰੀ
ਸਕੀਮ ਦੇ ਤਹਿਤ ਪਹਿਲੀ ਵਾਰ ਨੌਕਰੀ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ₹15,000 ਦੀ ਰਕਮ ਦੋ ਕਿਸ਼ਤਾਂ 'ਚ ਮਿਲੇਗੀ। ਕੈਬਿਨੇਟ ਨੇ ਇਸ ਲਈ ₹1.07 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਲਗਭਗ 3.5 ਕਰੋੜ ਨਵੀਆਂ ਨੌਕਰੀਆਂ ਦੀ ਉਮੀਦ ਹੈ।

ਕੇਂਦਰ ਸਰਕਾਰ ਨੇ ਪਹਿਲੀ ਵਾਰ ਨੌਕਰੀ ਕਰਨ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਲਈ ਇੱਕ ਦੋਹਰੀ ਉਤਸ਼ਾਹਨ ਯੋਜਨਾ ਦਾ ਐਲਾਨ ਕੀਤਾ ਹੈ, ਜਿਸਦਾ ਮਕਸਦ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਅਤੇ ਹੁਨਰ ਵਿਕਾਸ ਨੂੰ ਹੱਲਾਸ਼ੇਰੀ ਦੇਣਾ ਹੈ। ਇਸ ਯੋਜਨਾ ਦਾ ਨਾਮ Employment Linked Incentive (ELI) Scheme ਰਖਿਆ ਗਿਆ ਹੈ। ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ 1.07 ਲੱਖ ਕਰੋੜ ਰੁਪਏ ਦੀ ਇਸ ਯੋਜਨਾ ਨੂੰ ਮਨਜ਼ੂਰੀ ਮਿਲੀ।
ਪਹਿਲੀ ਵਾਰ ਨੌਕਰੀ ਕਰਨ ਵਾਲਿਆਂ ਨੂੰ ਸਰਕਾਰ ਇੱਕ ਮਹੀਨੇ ਦੀ ਤਨਖ਼ਾਹ ਦੇ ਬਰਾਬਰ ਜਾਂ ਵੱਧ ਤੋਂ ਵੱਧ ₹15,000 ਦੀ ਰਕਮ ਦੋ ਕਿਸ਼ਤਾਂ ਵਿੱਚ ਦੇਵੇਗੀ। ਇਹ ਸਕੀਮ 1 ਅਗਸਤ 2025 ਤੋਂ ਲਾਗੂ ਹੋਵੇਗੀ ਅਤੇ 31 ਜੁਲਾਈ 2027 ਤੱਕ ਬਣਨ ਵਾਲੀਆਂ ਨੌਕਰੀਆਂ 'ਤੇ ਲਾਗੂ ਰਹੇਗੀ। ਇਸ ਰਾਹੀਂ ਲਗਭਗ 3.5 ਕਰੋੜ ਨਵੀਆਂ ਨੌਕਰੀਆਂ ਦੇ ਮੌਕੇ ਬਣਣ ਦੀ ਉਮੀਦ ਹੈ।
ਕੰਪਨੀਆਂ ਨੂੰ ਵੀ ਮਿਲੇਗਾ ਲਾਭ
ਸਰਕਾਰ ਇਸ ਯੋਜਨਾ ਦੇ ਤਹਿਤ ਉਹਨਾਂ ਕੰਪਨੀਆਂ ਨੂੰ ਵੀ ਉਤਸ਼ਾਹਨ ਦੇਵੇਗੀ ਜੋ ਨਵੀਆਂ ਨੌਕਰੀਆਂ ਦੇਣਗੀਆਂ।
50 ਤੋਂ ਘੱਟ ਕਰਮਚਾਰੀਆਂ ਵਾਲੀਆਂ ਕੰਪਨੀਆਂ ਨੂੰ ਘੱਟੋ-ਘੱਟ 2 ਨਵੀਆਂ ਨੌਕਰੀਆਂ ਦੇਣੀਆਂ ਪੈਣਗੀਆਂ।
50 ਤੋਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਨੂੰ ਘੱਟੋ-ਘੱਟ 5 ਨਵੀਆਂ ਨੌਕਰੀਆਂ ਦੇਣੀਆਂ ਹੋਣਗੀਆਂ।
ਕੰਪਨੀਆਂ ਨੂੰ ਨਵੇਂ ਕਰਮਚਾਰੀਆਂ ਦਾ ਪੀ.ਐੱਫ. ਛੇ ਮਹੀਨੇ ਤੱਕ ਨਿਯਮਤ ਤੌਰ 'ਤੇ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ।
ਤਨਖ਼ਾਹ ਦੇ ਅਧਾਰ 'ਤੇ ਕੰਪਨੀਆਂ ਨੂੰ ਮਿਲਣ ਵਾਲਾ ਉਤਸ਼ਾਹਨ:
₹10,000 ਤੱਕ ਤਨਖ਼ਾਹ: ₹1,000 ਪ੍ਰਤੀ ਮਹੀਨਾ
₹10,000 ਤੋਂ ₹20,000: ₹2,000 ਪ੍ਰਤੀ ਮਹੀਨਾ
₹20,000 ਤੋਂ ₹1 ਲੱਖ: ₹3,000 ਪ੍ਰਤੀ ਮਹੀਨਾ
ਇਹ ਉਤਸ਼ਾਹਨ ਕੰਪਨੀਆਂ ਨੂੰ 2 ਸਾਲਾਂ ਤੱਕ ਮਿਲੇਗਾ। ਹਾਲਾਂਕਿ ਨਿਰਮਾਣ ਖੇਤਰ ਲਈ ਇਹ ਮਿਆਦ 4 ਸਾਲ ਤੱਕ ਵਧਾਈ ਜਾ ਸਕਦੀ ਹੈ।
ਕਿਸਨੂੰ ਮਿਲੇਗਾ ਫਾਇਦਾ?
ਇਸ ਯੋਜਨਾ ਦਾ ਲਾਭ ਉਹੀ ਕਰਮਚਾਰੀ ਲੈ ਸਕਣਗੇ ਜਿਨ੍ਹਾਂ ਦੀ ਤਨਖ਼ਾਹ ₹1 ਲੱਖ ਤੋਂ ਘੱਟ ਹੈ ਅਤੇ ਜੋ EPFO (ਭਵਿੱਖ ਨਿਧੀ ਸੰਸਥਾ) ਵਿੱਚ ਰਜਿਸਟਰ ਹਨ।
ਉਨ੍ਹਾਂ ਨੂੰ ਪਹਿਲੀ ਕਿਸ਼ਤ 6 ਮਹੀਨੇ ਨੌਕਰੀ ਕਰਨ ਤੋਂ ਬਾਅਦ ਮਿਲੇਗੀ ਅਤੇ ਦੂਜੀ ਕਿਸ਼ਤ 12 ਮਹੀਨੇ ਦੇ ਬਾਅਦ, ਪਰ ਇਹ ਤਦ ਹੀ ਮਿਲੇਗੀ ਜਦੋਂ ਉਹ ਵਿੱਤੀ ਸਾਖਰਤਾ (financial literacy) ਕਾਰਜਕ੍ਰਮ ਪੂਰਾ ਕਰ ਲੈਣ।
ਕੁਝ ਰਕਮ ਕਰਮਚਾਰੀ ਦੇ ਬਚਤ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ, ਜਿਸਨੂੰ ਬਾਅਦ ਵਿੱਚ ਕੱਢਿਆ ਜਾ ਸਕੇਗਾ।
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲਗਭਗ 1.92 ਕਰੋੜ ਨੌਜਵਾਨ ਇਸ ਯੋਜਨਾ ਦਾ ਲਾਭ ਲੈ ਸਕਣਗੇ।
2024-25 ਵਿੱਚ ਕਿੰਨਿਆਂ ਨੂੰ ਮਿਲੀ ਪਹਿਲੀ ਨੌਕਰੀ?
ਸਰਕਾਰੀ ਅੰਕੜਿਆਂ ਮੁਤਾਬਕ, ਸਾਲ 2024-25 ਵਿੱਚ 1.13 ਕਰੋੜ ਲੋਕਾਂ ਨੂੰ ਪਹਿਲੀ ਨੌਕਰੀ ਮਿਲੀ। ਇਨ੍ਹਾਂ ਵਿੱਚੋਂ ਲਗਭਗ 96 ਲੱਖ ਕਰਮਚਾਰੀਆਂ ਦੀ ਤਨਖ਼ਾਹ ₹1 ਲੱਖ ਤੋਂ ਘੱਟ ਸੀ, ਜਿਸਦਾ ਅਰਥ ਹੈ ਕਿ ਇਹ ਸਾਰੇ ਲੋਕ ELI ਸਕੀਮ ਲਈ ਯੋਗ ਹਨ। ਜੇਕਰ 2025-26 ਵਿੱਚ ਵੀ ਇੰਨੇ ਹੀ ਨਵੇਂ ਰੋਜ਼ਗਾਰ ਬਣਦੇ ਹਨ, ਤਾਂ ਹੋਰ 96 ਲੱਖ ਨੌਜਵਾਨ ਵੀ ਇਸ ਯੋਜਨਾ ਦੇ ਦਾਇਰੇ ਵਿੱਚ ਆ ਜਾਣਗੇ।
ਬਜਟ ਨਾਲ ਜੁੜੀ ਯੋਜਨਾ
ELI ਯੋਜਨਾ ਸਾਲ 2024-25 ਦੇ ਕੇਂਦਰੀ ਬਜਟ ਵਿੱਚ ਐਲਾਨ ਕੀਤੀ ₹2 ਲੱਖ ਕਰੋੜ ਦੀ ਰੋਜ਼ਗਾਰ ਯੋਜਨਾ ਦਾ ਹਿੱਸਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਿਨੇਟ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ।






















