Union Budget 2023: ਮੋਦੀ ਸਰਕਾਰ ਦਾ 2047 ਨਿਸ਼ਾਨਾ, ਰਾਸ਼ਟਰਪਤੀ ਬੋਲੀ, 2047 ਦੇ ਭਾਰਤ 'ਚ ਗਰੀਬੀ ਨਹੀਂ ਹੋਏਗੀ ਤੇ ਮੱਧ ਵਰਗ ਖ਼ੁਸ਼ਹਾਲ ਹੋਵੇਗਾ...
President On Union Budget: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਦੇਸ਼ ਚ ‘ਸਥਿਰ, ਬੇਖੌਫ਼ ਤੇ ਫੈਸਲਾਕੁਨ’ ਸਰਕਾਰ ਹੈ, ਜਿਸ ਨੇ ਵਿਰਾਸਤ ਤੇ ਵਿਕਾਸ ’ਤੇ ਨਾਲੋ ਨਾਲ ਜ਼ੋਰ ਦਿਤਾ ਤੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਵਰਗਾਂ ਲਈ ਕੰਮ ਕਰ ਰਹੀ
Union Budget 2023: ਕੇਂਦਰ ਵਿਚਲੀ ਮੋਦੀ ਸਰਕਾਰ ਦਾ ਬਜਟ ਇਸ ਵਾਰ ਵੀ ਲੋਕਾਂ ਨੂੰ ਕੋਈ ਵੱਡੀ ਰਾਹਤ ਨਹੀਂ ਦੇਵੇਗਾ ਕਿਉਂਕਿ ਸਰਕਾਰ ਸਾਲ 2047 ਦਾ ਨਿਸ਼ਾਨਾ ਲੈ ਕੇ ਚੱਲ ਰਹੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਨੂੰ ਸਾਂਝੇ ਸੰਬੋਧਨ ਕਰਦਿਆਂ ਇਹ ਸਪਸ਼ਟ ਸੰਦੇਸ਼ ਦਿੱਤਾ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਦੇਸ਼ ਵਿੱਚ ‘ਸਥਿਰ, ਬੇਖੌਫ਼ ਤੇ ਫੈਸਲਾਕੁਨ’ ਸਰਕਾਰ ਹੈ, ਜਿਸ ਨੇ ਵਿਰਾਸਤ ਤੇ ਵਿਕਾਸ ’ਤੇ ਨਾਲੋ ਨਾਲ ਜ਼ੋਰ ਦਿੱਤਾ ਤੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਵਰਗਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੁੱਲ ਆਲਮ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸੁਝਾਅ ਰਹੀ ਹੈ ਤੇ ਅੱਜ ਹਰ ਦੇਸ਼ ਵਾਸੀ ਦਾ ਆਤਮਵਿਸ਼ਵਾਸ ਸਿਖਰ ’ਤੇ ਹੈ। ਮੁਰਮੂ ਨੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਨਿਰੰਤਰ ਲੜਾਈ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ: 11 ਵਜੇ ਲੋਕ ਸਭਾ ਵਿੱਚ ਪੜ੍ਹਿਆ ਜਾਵੇਗਾ ਦੇਸ਼ ਦਾ 75ਵਾਂ ਬਜਟ, ਜਾਣੋ ਹਰ ਅੱਪਡੇਟ
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ‘ਜਮਹੂਰੀਅਤ ਤੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ 2047 ਤੱਕ ਭਾਰਤ ਨੂੰ ਆਤਮ-ਨਿਰਭਰ ਮੁਲਕ ਬਣ ਕੇ ਆਪਣੀਆਂ ਮਾਨਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੋਵੇਗਾ। 2047 ਦੇ ਭਾਰਤ ਵਿੱਚ ਗਰੀਬੀ ਨਹੀਂ ਹੋਣੀ ਚਾਹੀਦੀ ਤੇ ਮੱਧ ਵਰਗ ਵੀ ਖ਼ੁਸ਼ਹਾਲ ਹੋਵੇ।
ਰਾਸ਼ਟਰਪਤੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕੌਮੀ ਹਿੱਤਾਂ ਨੂੰ ਹਮੇਸ਼ਾ ਸਿਖਰ ’ਤੇ ਰੱਖਿਆ ਹੈ। ਉਨ੍ਹਾਂ ਕਿਹਾ, ‘‘ਮੇਰੀ ਫੈਸਲਾਕੁਨ ਸਰਕਾਰ ਨੇ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉੱਤੇ ਰੱਖਿਆ ਹੈ ਅਤੇ ਲੋੜ ਪੈਣ ’ਤੇ ਨੀਤੀਆਂ ਤੇ ਰਣਨੀਤੀਆਂ ਦੇ ਮੁਕੰਮਲ ਕਾਇਆਕਲਪ ਦੀ ਇੱਛਾ ਸ਼ਕਤੀ ਵੀ ਵਿਖਾਈ ਹੈ।’’
ਰਾਸ਼ਟਰਪਤੀ ਨੇ ਕਿਹਾ, ‘‘ਸਰਜੀਕਲ ਹਮਲਿਆਂ ਤੋਂ ਅਤਿਵਾਦ ਖਿਲਾਫ਼ ਸਖ਼ਤ ਕਾਰਵਾਈ, ਕੰਟਰੋਲ ਰੇਖਾ ਤੋਂ ਅਸਲ ਕੰਟਰੋਲ ਰੇਖਾ ਤੱਕ ਕਿਸੇ ਵੀ ਹਿਮਾਕਤ ਦਾ ਮੂੰਹ ਤੋੜਵਾਂ ਜਵਾਬ, ਧਾਰਾ 379 ਨੂੰ ਮਨਸੂਖ ਕਰਨ ਤੋਂ ਤਿੰਨ ਤਲਾਕ ਤੱਕ, ਮੇਰੀ ਸਰਕਾਰ ਨੂੰ ਫੈਸਲਾਕੁਨ ਸਰਕਾਰ ਵਜੋਂ ਮਾਨਤਾ ਮਿਲੀ ਹੈ।’’ ਅੱਜ ਭਾਰਤ ਵਿੱਚ ਸਰਕਾਰ ਹੈ, ਜੋ ਇਮਾਨਦਾਰੀ ਦਾ ਸਤਿਕਾਰ ਕਰਦੀ ਹੈ। ਅੱਜ ਭਾਰਤ ਵਿੱਚ ਸਰਕਾਰ ਹੈ, ਜੋ ਗਰੀਬਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਕੰਮ ਕਰ ਰਹੀ ਹੈ।’’