ਕੰਮ ਦੀ ਗੱਲ: ਕਟੇ-ਫਟੇ ਨੋਟਾਂ ਨੂੰ ਬਦਲਵਾਉਣ 'ਚ ਨਹੀਂ ਹੋਵੇਗੀ ਪ੍ਰੇਸ਼ਾਨੀ, ਤੁਹਾਨੂੰ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ!
ਕਈ ਵਾਰ ਬਾਜ਼ਾਰ 'ਚ ਦੁਕਾਨਦਾਰ ਤੁਹਾਨੂੰ ਕਟੇ-ਫਟੇ ਨੋਟ ਦੇ ਦਿੰਦਾ ਹੈ। ਅਜਿਹੇ 'ਚ ਸਮੱਸਿਆ ਇਹ ਖੜ੍ਹੀ ਹੋ ਜਾਂਦੀ ਹੈ ਕਿ ਇਸ ਨੋਟ ਨੂੰ ਬਾਜ਼ਾਰ 'ਚ ਕਿਵੇਂ ਚਲਾਉਣਾ ਹੈ।
RBI Rules for Damaged Currency Exchange: ਕਈ ਵਾਰ ਬਾਜ਼ਾਰ 'ਚ ਦੁਕਾਨਦਾਰ ਤੁਹਾਨੂੰ ਕਟੇ-ਫਟੇ ਨੋਟ ਦੇ ਦਿੰਦਾ ਹੈ। ਅਜਿਹੇ 'ਚ ਸਮੱਸਿਆ ਇਹ ਖੜ੍ਹੀ ਹੋ ਜਾਂਦੀ ਹੈ ਕਿ ਇਸ ਨੋਟ ਨੂੰ ਬਾਜ਼ਾਰ 'ਚ ਕਿਵੇਂ ਚਲਾਉਣਾ ਹੈ। ਕਈ ਵਾਰ ਲੋਕ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ ਕਿ ਕਿਹੜੀ ਤਰਕੀਬ ਨਾਲ ਇਸ ਨੂੰ ਬਦਲਿਆ ਜਾਵੇ ਪਰ, ਅਜਿਹੀ ਸਥਿਤੀ 'ਚ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਤੇ ਨਾ ਹੀ ਕਟੇ-ਫਟੇ ਨੋਟ ਨੂੰ ਕਿਸੇ ਹੋਰ ਨੂੰ ਦੇਣ ਦੀ ਜ਼ਰੂਰਤ ਹੈ। ਤੁਸੀਂ ਇਸ ਨੂੰ ਆਸਾਨੀ ਨਾਲ ਬੈਂਕ 'ਚ ਬਦਲ ਸਕਦੇ ਹੋ।
ਬੈਂਕ ਕਟੇ-ਫਟੇ ਨੋਟਾਂ ਨੂੰ ਬਦਲਣ ਤੋਂ ਨਹੀਂ ਕਰ ਸਕਦਾ ਇਨਕਾਰ
ਆਰਬੀਆਈ ਦੇ ਨਿਯਮਾਂ ਅਨੁਸਾਰ ਤੁਸੀਂ ਕਿਸੇ ਵੀ ਬੈਂਕ 'ਚ ਕਟੇ-ਫਟੇ ਹੋਏ ਨੋਟਾਂ ਨੂੰ ਆਸਾਨੀ ਨਾਲ ਬਦਲਵਾ ਸਕਦੇ ਹੋ। ਕੋਈ ਵੀ ਬੈਂਕ ਕਟੇ-ਫਟੇ ਨੋਟਾਂ ਨੂੰ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ। ਅਜਿਹਾ ਕਰਨ 'ਤੇ ਆਰਬੀਆਈ ਬੈਂਕ 'ਤੇ ਕਾਰਵਾਈ ਕਰ ਸਕਦਾ ਹੈ। ਦੱਸ ਦੇਈਏ ਕਿ ਨੋਟ ਦੀ ਹਾਲਤ ਜਿੰਨੀ ਜ਼ਿਆਦਾ ਖ਼ਰਾਬ ਹੁੰਦੀ ਹੈ, ਉਸ ਦੀ ਕੀਮਤ ਵੀ ਓਨੀ ਹੀ ਘਟਦੀ ਹੈ। ਗਾਹਕਾਂ ਦੀ ਸਹੂਲਤ ਲਈ ਕੇਂਦਰੀ ਰਿਜ਼ਰਵ ਬੈਂਕ ਨੇ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਬਾਰੇ -
ਕਟੇ-ਫਟੇ ਨੋਟਾਂ 'ਚ ਇਹ ਚੀਜ਼ਾਂ ਸਾਫ਼ ਦਿਖਾਈ ਦੇਣੀ ਜ਼ਰੂਰੀ
ਜਦੋਂ ਵੀ ਕੋਈ ਗਾਹਕ ਕਟੇ-ਫਟੇ ਨੋਟ ਨੂੰ ਬੈਂਕ 'ਚ ਲੈ ਕੇ ਜਾਂਦਾ ਹੈ ਤਾਂ ਆਰਬੀਆਈ ਦੇ ਨਿਯਮਾਂ ਦੇ ਅਨੁਸਾਰ ਬੈਂਕ ਪਹਿਲਾਂ ਗਾਂਧੀ ਜੀ ਦੀ ਤਸਵੀਰ, ਆਰਬੀਆਈ ਗਵਰਨਰ ਦੇ ਹਸਤਾਖਰ, ਵਾਟਰਮਾਰਕ ਅਤੇ ਸੀਰੀਅਲ ਨੰਬਰ ਵਰਗੀਆਂ ਸਕਿਊਰਿਟੀ ਫੀਚਰਸ ਦੀ ਜਾਂਚ ਕਰਦਾ ਹੈ। ਇਸ ਤੋਂ ਬਾਅਦ ਜੇਕਰ ਇਹ ਸਾਰੀਆਂ ਚੀਜ਼ਾਂ ਸੁਰੱਖਿਅਤ ਹਨ ਤਾਂ ਬੈਂਕ ਨੋਟ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ। ਜੇਕਰ ਤੁਹਾਡੇ ਕੋਲ 5, 10, 20 ਅਤੇ 50 ਰੁਪਏ ਤੱਕ ਦੇ ਘੱਟ ਮੁੱਲ ਦੇ ਨੋਟ ਹਨ ਤੇ ਉੱਪਰ ਦੱਸੀਆਂ ਗਈਆਂ ਚੀਜ਼ਾਂ ਉਸ 'ਚ ਦਿਖਾਈ ਦਿੰਦੀਆਂ ਹਨ ਤੇ ਉਸ ਦਾ ਇੱਕ ਹਿੱਸਾ ਸੁਰੱਖਿਅਤ ਹੈ ਤਾਂ ਤੁਸੀਂ ਬੈਂਕ 'ਚ ਇਸ ਨੋਟ ਨੂੰ ਆਸਾਨੀ ਨਾਲ ਬਦਲਵਾ ਸਕਦੇ ਹੋ।
ਦੂਜੇ ਪਾਸੇ, ਜੇਕਰ ਤੁਹਾਡੇ ਕੋਲ ਫਟੇ ਹੋਏ ਨੋਟਾਂ ਦੀ ਗਿਣਤੀ 20 ਤੋਂ ਵੱਧ ਹੈ ਅਤੇ ਉਨ੍ਹਾਂ ਦੀ ਕੀਮਤ 5000 ਰੁਪਏ ਤੋਂ ਵੱਧ ਹੈ ਤਾਂ ਤੁਹਾਨੂੰ ਉਨ੍ਹਾਂ ਨੋਟਾਂ ਨੂੰ ਬਦਲਣ ਲਈ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਬੈਂਕ ਨੋਟ ਬਦਲੇਗਾ। ਇਸ ਦੇ ਨਾਲ ਹੀ 50 ਤੋਂ ਵੱਧ ਨੋਟਾਂ ਨੂੰ ਬਦਲਦੇ ਸਮੇਂ ਇਸ ਨੋਟ ਦੇ ਦੋ ਟੁਕੜੇ ਆਮ ਨੋਟ ਦੇ 40 ਫ਼ੀਸਦੀ ਤੱਕ ਹਨ ਤਾਂ ਵੀ ਤੁਹਾਡੇ ਨੋਟ ਆਸਾਨੀ ਨਾਲ ਬਦਲ ਦਿੱਤੇ ਜਾਣਗੇ।
ਟੁਕੜਿਆਂ 'ਚ ਫਟੇ ਨੋਟ ਵੀ ਬਦਲ ਸਕਦੇ ਹੋ
ਦੱਸ ਦੇਈਏ ਕਿ ਕਈ ਵਾਰ ਨੋਟ ਇਸ ਤਰ੍ਹਾਂ ਫਟ ਜਾਂਦੇ ਹਨ ਕਿ ਉਹ ਟੁਕੜਿਆਂ 'ਚ ਵੰਡ ਜਾਂਦੇ ਹਨ। ਅਜਿਹੇ 'ਚ ਵੀ ਨੋਟ ਬਦਲਿਆ ਜਾ ਸਕਦਾ ਹੈ ਪਰ, ਇਸ ਦੇ ਲਈ ਤੁਹਾਨੂੰ ਇਸ ਨੋਟ ਦੇ ਟੁਕੜੇ ਰਿਜ਼ਰਵ ਬੈਂਕ ਦੀ ਨਜ਼ਦੀਕੀ ਸ਼ਾਖਾ 'ਚ ਭੇਜਣੇ ਪੈਣਗੇ। ਇਸ ਦੇ ਨਾਲ ਹੀ ਤੁਹਾਨੂੰ ਬੈਂਕ ਖਾਤਾ ਨੰਬਰ, IFSC ਕੋਡ ਤੇ ਨੋਟ ਦੀ ਕੀਮਤ ਵੀ ਲਿਖ ਕੇ ਵੀ ਭੇਜਣੀ ਹੋਵੇਗੀ।