Rule Change: 1 ਜੂਨ ਤੋਂ ਦੇਖਣ ਨੂੰ ਮਿਲਣਗੇ ਇਹ 5 ਵੱਡੇ ਬਦਲਾਅ, ਜਾਣੋ ਕਿੰਨਾ ਵਧੇਗਾ ਤੁਹਾਡੀ ਜੇਬ 'ਤੇ ਬੋਝ
ਜੂਨ ਦਾ ਮਹੀਨਾ ਤੁਹਾਡੀ ਜੇਬ 'ਤੇ ਕਿਵੇਂ ਭਾਰੀ ਰਹਿਣ ਵਾਲਾ ਹੈ। ਇਨ੍ਹਾਂ 'ਚ ਬੈਂਕਿੰਗ ਨਿਯਮਾਂ ਤੋਂ ਲੈ ਕੇ ਸੋਨਾ ਖਰੀਦਣ ਤੱਕ ਦੇ ਕਈ ਨਿਯਮ ਬਦਲ ਜਾਣਗੇ।
Important Money Changes In June: ਮਈ ਦਾ ਮਹੀਨਾ ਖਤਮ ਹੋਣ ਵਾਲਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਇਸ ਲਈ ਇਸ ਵਾਰ ਵੀ ਤੁਹਾਡੇ ਲਈ ਜੂਨ ਦੀ ਸ਼ੁਰੂਆਤ 'ਚ ਹੋਣ ਵਾਲੇ ਬਦਲਾਅ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈਣ ਵਾਲਾ ਹੈ। ਇਨ੍ਹਾਂ 'ਚ ਬੈਂਕਿੰਗ ਨਿਯਮਾਂ ਤੋਂ ਲੈ ਕੇ ਸੋਨਾ ਖਰੀਦਣ ਤੱਕ ਦੇ ਕਈ ਨਿਯਮ ਬਦਲ ਜਾਣਗੇ। ਆਓ ਜਾਣਦੇ ਹਾਂ ਕਿ ਜੂਨ ਦਾ ਮਹੀਨਾ ਤੁਹਾਡੀ ਜੇਬ 'ਤੇ ਕਿਵੇਂ ਭਾਰੀ ਰਹਿਣ ਵਾਲਾ ਹੈ।
ਥਰਡ ਪਾਰਟੀ ਮਹਿੰਗਾ ਇੰਸ਼ੋਰੈਂਸ
ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹੈ ਜੇਬ ਦਾ ਖਰਚਾ ਵਧਾਉਣ ਵਾਲੇ ਬਦਲਾਵਾਂ ਦੀ। 1 ਜੂਨ 2022 ਤੋਂ ਵਾਹਨਾਂ ਦਾ ਥਰਡ ਪਾਰਟੀ ਬੀਮਾ ਮਹਿੰਗਾ ਹੋਣ ਜਾ ਰਿਹਾ ਹੈ। ਮਤਲਬ ਤੁਹਾਨੂੰ ਜ਼ਿਆਦਾ ਬੀਮਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਇਹ ਨਵੀਆਂ ਦਰਾਂ ਸਿਰਫ਼ ਚਾਰ ਪਹੀਆ ਵਾਹਨਾਂ 'ਤੇ ਹੀ ਨਹੀਂ, ਸਗੋਂ ਦੋ ਪਹੀਆ ਵਾਹਨ ਮਾਲਕਾਂ 'ਤੇ ਵੀ ਲਾਗੂ ਹੋਣਗੀਆਂ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਥਰਡ ਪਾਰਟੀ ਮੋਟਰ ਵਾਹਨ ਬੀਮੇ ਦੀ ਪ੍ਰੀਮੀਅਮ ਦਰ ਵਧਾ ਦਿੱਤੀ ਹੈ।
ਇੰਜਣ ਦੀ ਸਮਰੱਥਾ ਮੁਤਾਬਕ ਪ੍ਰੀਮੀਅਮ
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਕਾਰ ਦੇ ਇੰਜਣ ਦੇ ਹਿਸਾਬ ਨਾਲ ਬੀਮਾ ਕਰਵਾਉਣ ਲਈ ਮੋਟੀ ਰਕਮ ਅਦਾ ਕਰਨੀ ਪਵੇਗੀ। ਸੜਕ ਤੇ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਦੇ ਅਨੁਸਾਰ ਮੋਟਰ ਬੀਮੇ ਲਈ ਪ੍ਰੀਮੀਅਮ ਪਹਿਲੇ ਸਾਲ 2019-20 ਲਈ ਵਧਾਇਆ ਗਿਆ ਸੀ। ਮੰਤਰਾਲੇ ਦੇ ਅਨੁਸਾਰ ਹੁਣ 1000 ਸੀਸੀ ਤੋਂ ਘੱਟ ਇੰਜਣ ਦੀ ਸਮਰੱਥਾ ਵਾਲੇ ਵਾਹਨਾਂ ਨੂੰ ਥਰਡ ਪਾਰਟੀ ਬੀਮੇ ਲਈ 2094 ਰੁਪਏ ਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ, ਜੋ ਕਿ 2019-20 'ਚ 2072 ਰੁਪਏ ਸੀ।
ਇਸ ਤੋਂ ਇਲਾਵਾ 1000 ਸੀਸੀ ਤੋਂ 1500 ਸੀਸੀ ਤੱਕ ਦੀਆਂ ਕਾਰਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ 3221 ਰੁਪਏ ਤੋਂ ਵਧਾ ਕੇ 3416 ਰੁਪਏ ਕਰ ਦਿੱਤਾ ਗਿਆ ਹੈ। 1500 ਸੀਸੀ ਤੋਂ ਵੱਧ ਵਾਹਨਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ 7890 ਰੁਪਏ ਤੋਂ ਵਧਾ ਕੇ 7897 ਰੁਪਏ ਕੀਤਾ ਗਿਆ ਹੈ।
ਸਰਕਾਰ ਨੇ ਦੋ ਪਹੀਆ ਵਾਹਨਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਦੀ ਦਰ 'ਚ ਵੀ ਬਦਲਾਅ ਕੀਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ 1 ਜੂਨ 2022 ਤੋਂ 150 ਸੀਸੀ ਤੋਂ 350 ਸੀਸੀ ਤੱਕ ਦੀਆਂ ਬਾਈਕ ਲਈ ਪ੍ਰੀਮੀਅਮ 1366 ਰੁਪਏ ਚਾਰਜ ਕੀਤਾ ਜਾਵੇਗਾ, ਜਦਕਿ 350 ਸੀਸੀ ਤੋਂ ਵੱਧ ਇੰਜਣ ਸਮਰੱਥਾ ਵਾਲੇ ਦੋ ਪਹੀਆ ਵਾਹਨਾਂ ਲਈ ਬੀਮਾ ਪ੍ਰੀਮੀਅਮ 2804 ਰੁਪਏ ਤੈਅ ਕੀਤਾ ਗਿਆ ਹੈ।
ਗੋਲਡ ਹਾਲਮਾਰਕਿੰਗ ਦਾ ਅਗਲਾ ਪੜਾਅ
ਸੋਨੇ ਦੀ ਹਾਲਮਾਰਕਿੰਗ ਦਾ ਦੂਜਾ ਪੜਾਅ ਸਾਲ 2022 'ਚ 1 ਜੂਨ 2022 ਤੋਂ ਸ਼ੁਰੂ ਕੀਤਾ ਜਾਵੇਗਾ। ਪਿਛਲੇ ਦਿਨੀਂ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਜੂਨ ਦੇ ਸ਼ੁਰੂ ਤੋਂ ਸੋਨੇ ਦੀ ਹਾਲਮਾਰਕਿੰਗ ਦਾ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਸੋਨੇ ਦੀ ਸ਼ੁੱਧਤਾ ਨੂੰ ਸਾਬਤ ਕਰਨਾ ਜ਼ਰੂਰੀ ਹੋਵੇਗਾ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਲਾਜ਼ਮੀ ਹਾਲਮਾਰਕਿੰਗ ਦੇ ਦੂਜੇ ਪੜਾਅ 'ਚ ਸੋਨੇ ਦੇ ਗਹਿਣਿਆਂ ਦੇ ਤਿੰਨ ਵਾਧੂ 20, 23 ਅਤੇ 24 ਕੈਰੇਟ ਸੋਨੇ ਤੋਂ ਇਲਾਵਾ ਨਵੇਂ ਜ਼ਿਲ੍ਹੇ ਵੀ ਆਉਣਗੇ। ਜਿੱਥੇ ਪਹਿਲੇ ਪੜਾਅ ਦੇ ਲਾਗੂ ਹੋਣ ਤੋਂ ਬਾਅਦ ਇੱਕ ਪਰਖ ਅਤੇ ਹਾਲਮਾਰਕ ਸੈਂਟਰ (ਏਐਚਸੀ) ਦੀ ਸਥਾਪਨਾ ਕੀਤੀ ਜਾਵੇਗੀ। ਦੱਸ ਦੇਈਏ ਕਿ ਨੋਡਲ ਏਜੰਸੀ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਵੱਲੋਂ 23 ਜੂਨ 2021 ਤੋਂ ਦੇਸ਼ ਦੇ 256 ਜ਼ਿਲ੍ਹਿਆਂ 'ਚ ਲਾਜ਼ਮੀ ਸੋਨੇ ਦੀ ਹਾਲਮਾਰਕਿੰਗ ਨੂੰ ਲਾਗੂ ਕਰਕੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ।
ਹੋਮ ਲੋਨ ਮਹਿੰਗਾ
ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਜਾਂ ਤੁਸੀਂ SBI ਤੋਂ ਹੋਮ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਨਵੇਂ ਮਹੀਨੇ ਦੀ ਸ਼ੁਰੂਆਤ ਤੁਹਾਡੇ ਲਈ ਖਰਚੇ ਵੀ ਵਧਾ ਦੇਵੇਗੀ। ਦੱਸ ਦੇਈਏ ਕਿ SBI ਨੇ ਆਪਣੇ ਹੋਮ ਲੋਨ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ (EBLR) ਨੂੰ 40 ਬੇਸਿਸ ਪੁਆਇੰਟ ਵਧਾ ਕੇ 7.05 ਫ਼ੀਸਦੀ ਕਰ ਦਿੱਤਾ ਹੈ, ਜਦਕਿ ਆਰਐਲਐਲਆਰ 6.65 ਫ਼ੀਸਦੀ ਪਲੱਸ CRP ਹੋਵੇਗਾ। SBI ਦੀ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਵਧੀਆਂ ਵਿਆਜ ਦਰਾਂ 1 ਜੂਨ 2022 ਤੋਂ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਬੀਐਲਆਰ 6.65 ਫ਼ੀਸਦੀ ਸੀ, ਜਦਕਿ ਰੇਪੋ-ਲਿੰਕਡ ਉਧਾਰ ਦਰ (RLLR) 6.25 ਫ਼ੀਸਦੀ ਤੈਅ ਕੀਤੀ ਗਈ ਸੀ।
ਇੰਡੀਆ ਪੋਸਟ ਪੇਮੈਂਟਸ ਬੈਂਕ ਖਰਚਾ ਲਾਗੂ
ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨੇ ਕਿਹਾ ਹੈ ਕਿ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (AEPS) ਲਈ ਜਾਰੀਕਰਤਾ ਫੀਸ ਲਾਗੂ ਕਰ ਦਿੱਤੀ ਗਈ ਹੈ। ਇਹ ਫੀਸ 15 ਜੂਨ 2022 ਤੋਂ ਲਾਗੂ ਹੋਵੇਗੀ। ਇੰਡੀਆ ਪੋਸਟ ਪੇਮੈਂਟਸ ਬੈਂਕ ਭਾਰਤੀ ਡਾਕ ਵਿਭਾਗ ਦੀ ਇਕ ਸਹਾਇਕ ਕੰਪਨੀ ਹੈ, ਜੋ ਡਾਕ ਵਿਭਾਗ ਵੱਲੋਂ ਚਲਾਈ ਜਾਂਦੀ ਹੈ।
ਨਿਯਮਾਂ ਤਹਿਤ ਹਰ ਮਹੀਨੇ ਪਹਿਲੇ ਤਿੰਨ ਏਈਪੀਐਸ ਲੈਣ-ਦੇਣ ਮੁਫ਼ਤ ਹੋਣਗੇ, ਜਿਸ 'ਚ ਏਈਪੀਐਸ ਕੈਸ਼ ਕਢਵਾਉਣਾ, ਏਈਪੀਐਸ ਕੈਸ਼ ਡਿਪਾਜ਼ਿਟ ਤੇ ਏਈਪੀਐਸ ਮਿੰਨੀ ਸਟੇਟਮੈਂਟ ਸ਼ਾਮਲ ਹਨ। ਮੁਫ਼ਤ ਲੈਣ-ਦੇਣ ਤੋਂ ਬਾਅਦ ਹਰੇਕ ਨਕਦ ਨਿਕਾਸੀ ਜਾਂ ਨਕਦ ਜਮ੍ਹਾ 'ਤੇ 20 ਰੁਪਏ ਤੋਂ ਵੱਧ GST ਲੱਗੇਗੀ, ਜਦਕਿ ਇੱਕ ਮਿੰਨੀ ਸਟੇਟਮੈਂਟ ਲੈਣ-ਦੇਣ 'ਤੇ 5 ਰੁਪਏ ਅਤੇ ਜੀਐਸਟੀ ਲਾਗੂ ਹੋਵੇਗੀ।