Dollar vs Rupee: ਡਾਲਰ ਦੇ ਮੁਕਾਬਲੇ ਧੜੰਮ ਕਰਕੇ ਡਿੱਗਿਆ ਰੁਪਇਆ! ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਪਸੀ ਨੇ ਭਾਰਤੀ ਕਰੰਸੀ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਭਾਰਤੀ ਰੁਪਇਆ ਇਤਿਹਾਸਕ ਗਿਰਾਵਟ ਨਾਲ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 84.64 ਪ੍ਰਤੀ ਡਾਲਰ ਉਪਰ ਪਹੁੰਚ ਗਿਆ।
Dollar vs Rupee: ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਪਸੀ ਨੇ ਭਾਰਤੀ ਕਰੰਸੀ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਭਾਰਤੀ ਰੁਪਇਆ ਇਤਿਹਾਸਕ ਗਿਰਾਵਟ ਨਾਲ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 84.64 ਪ੍ਰਤੀ ਡਾਲਰ ਉਪਰ ਪਹੁੰਚ ਗਿਆ। ਬੇਸ਼ੱਕ ਬਾਅਦ ਵਿੱਚ ਰੁਪਇਆ ਕੁਝ ਸੰਭਲਿਆ। ਡੋਨਾਲਡ ਟਰੰਪ ਦੀਆਂ ਆਰਥਿਕ ਧਮਕੀਆਂ ਮਗਰੋਂ ਬਾਜ਼ਾਰ ਵਿੱਚ ਅਸਥਿਰਤਾ ਵੇਖਣ ਨੂੰ ਮਿਲ ਰਹੀ ਹੈ।
ਦਰਅਸਲ ਵਿਦੇਸ਼ੀ ਬਾਜ਼ਾਰ 'ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਲਗਾਤਾਰ ਨਿਕਾਸੀ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਡਿੱਗ ਕੇ 84.68 ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਬ੍ਰਿਕਸ ਮੁਦਰਾ 'ਤੇ ਬਿਆਨਬਾਜ਼ੀ, ਯੂਰੋਜ਼ੋਨ 'ਚ ਸਿਆਸੀ ਅਸਥਿਰਤਾ, ਕਮਜ਼ੋਰ ਘਰੇਲੂ ਆਰਥਿਕ ਸੂਚਕਾਂ ਤੇ ਵਿਦੇਸ਼ੀ ਪੋਰਟਫੋਲੀਓ 'ਚ ਲਗਾਤਾਰ ਨਿਕਾਸੀ ਕਾਰਨ ਰੁਪਏ 'ਚ ਗਿਰਾਵਟ ਆਈ। ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਬ੍ਰਿਕ ਸਮੂਹ ਦੇ ਦੇਸ਼ਾਂ 'ਤੇ 100 ਫੀਸਦੀ ਟੈਰਿਫ ਲਾ ਦੇਣਗੇ।
ਇਸ ਤੋਂ ਇਲਾਵਾ ਮਾਰਕੀਟ ਭਾਗੀਦਾਰ 6 ਦਸੰਬਰ ਨੂੰ ਆਉਣ ਵਾਲੀ ਆਰਬੀਆਈ ਦੀ ਮੁਦਰਾ ਨੀਤੀ ਤੋਂ ਵੀ ਸੰਕੇਤਾਂ ਦੀ ਉਡੀਕ ਕਰ ਰਹੇ ਹਨ, ਜਿਸ ਵਿੱਚ ਸੰਭਾਵਤ ਤੌਰ 'ਤੇ ਮਹਿੰਗਾਈ ਤੇ ਵਿਕਾਸ ਵਿਚਕਾਰ ਸੰਤੁਲਨ 'ਤੇ ਧਿਆਨ ਕੇਂਦਰਤ ਕੀਤਾ ਜਾਏਗਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 84.75 'ਤੇ ਖੁੱਲ੍ਹਿਆ ਤੇ ਇੱਕ ਸੀਮਤ ਦਾਇਰੇ ਵਿੱਚ ਘੁੰਮਦਾ ਹੋਇਆ 84.64 ਦੇ ਸਭ ਤੋਂ ਹੇਠਲੇ ਪੱਧਰ ਨੂੰ ਛੂਹ ਗਿਆ।
ਦੱਸ ਦਈਏ ਕਿ ਸੋਮਵਾਰ ਨੂੰ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਟੁੱਟ ਕੇ 84.72 ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ। ਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.07 ਫੀਸਦੀ ਵੱਧ ਕੇ 106.51 'ਤੇ ਕਾਰੋਬਾਰ ਕਰ ਰਿਹਾ ਸੀ।
ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ ਵਪਾਰ 0.18 ਫੀਸਦੀ ਵਧ ਕੇ 71.96 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਦੌਰਾਨ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਸੰਸਦ ਵਿੱਚ ਕਿਹਾ ਕਿ ਮੱਧ ਪੂਰਬ ਵਿੱਚ ਭੂ-ਰਾਜਨੀਤਕ ਤਣਾਅ ਤੇ ਹੋਰ ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ, ਰੁਪਿਆ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਏਸ਼ਿਆਈ ਮੁਦਰਾਵਾਂ ਵਿੱਚੋਂ ਇੱਕ ਹੈ, ਜੋ ਭਾਰਤ ਦੇ ਮਜ਼ਬੂਤ ਆਰਥਿਕ ਮੂਲ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਰੁਪਏ ਦੇ ਮੁੱਲ ਵਿੱਚ ਗਿਰਾਵਟ ਦਾ ਇੱਕ ਮੁੱਖ ਕਾਰਨ ਅਮਰੀਕੀ ਡਾਲਰ ਦਾ ਵਿਆਪਕ ਪੱਧਰ 'ਤੇ ਮਜ਼ਬੂਤ ਹੋਣਾ ਹੈ। ਉਨ੍ਹਾਂ ਨੇ ਕਿਹਾ, "ਸਾਲ 2024 ਦੌਰਾਨ, ਡਾਲਰ ਸੂਚਕਾਂਕ ਵਿੱਚ 19 ਨਵੰਬਰ, 2024 ਤੱਕ ਲਗਪਗ 4.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਹਾਲ ਹੀ ਵਿੱਚ ਡਾਲਰ ਸੂਚਕਾਂਕ 22 ਨਵੰਬਰ, 2024 ਨੂੰ 108.07 ਦੇ ਪੱਧਰ ਨੂੰ ਛੂਹ ਗਿਆ ਸੀ, ਜੋ ਇੱਕ ਸਾਲ ਦੇ ਸਮੇਂ ਵਿੱਚ ਸਭ ਤੋਂ ਵੱਧ ਸੀ। ਇਸ ਨਾਲ ਉਭਰਦੀਆਂ ਬਾਜ਼ਾਰ ਮੁਦਰਾਵਾਂ 'ਤੇ ਦਬਾਅ ਪੈ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਆਰਬੀਆਈ ਦੁਨੀਆ ਭਰ ਵਿੱਚ ਵਾਪਰ ਰਹੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ ਰੱਖਦਾ ਹੈ ਜਿਸ ਦਾ ਅਮਰੀਕੀ ਡਾਲਰ-ਰੁਪਏ ਦੀ ਵਟਾਂਦਰਾ ਦਰ 'ਤੇ ਅਸਰ ਪੈ ਸਕਦਾ ਹੈ। ਘਰੇਲੂ ਸਟਾਕ ਮਾਰਕੀਟ ਦੇ ਮੋਰਚੇ 'ਤੇ, 30 ਸ਼ੇਅਰਾਂ ਵਾਲਾ ਬੈਂਚਮਾਰਕ ਇੰਡੈਕਸ ਸੈਂਸੈਕਸ 192.33 ਅੰਕ ਜਾਂ 0.24 ਫੀਸਦੀ ਵਧ ਕੇ 80,440.41 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 53.10 ਅੰਕ ਜਾਂ 0.22 ਫੀਸਦੀ ਵਧ ਕੇ 24,329.15 'ਤੇ ਪਹੁੰਚ ਗਿਆ।