ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ, 1400 ਅੰਕ ਤੋਂ ਹੇਠਾਂ ਡਿੱਗਿਆ ਸੈਂਸੇਕਸ, ਨਿਵੇਸ਼ਕਾਂ ਦੇ 6.50 ਲੱਖ ਕਰੋੜ ਰੁਪਏ ਡੁੱਬੇ
Indian Stock Market: ਸਵੇਰੇ ਭਾਰੀ ਗਿਰਾਵਟ ਨਾਲ ਖੁੱਲ੍ਹਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਵਧਦੀ ਜਾ ਰਹੀ ਹੈ।
Indian Stock Market: ਸਵੇਰੇ ਭਾਰੀ ਗਿਰਾਵਟ ਨਾਲ ਖੁੱਲ੍ਹਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਵਧਦੀ ਜਾ ਰਹੀ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1400 ਅੰਕਾਂ ਦੀ ਗਿਰਾਵਟ ਨਾਲ 53,000 ਅੰਕਾਂ ਤੋਂ ਹੇਠਾਂ ਖਿਸਕ ਗਿਆ ਹੈ ਤੇ 52,805 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ 430 ਅੰਕਾਂ ਦੀ ਗਿਰਾਵਟ ਨਾਲ 15,825 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ 'ਚ ਇਸ ਗਿਰਾਵਟ ਕਾਰਨ ਅੱਜ ਨਿਵੇਸ਼ਕਾਂ ਨੂੰ 6.50 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੁੱਧਵਾਰ ਨੂੰ ਬਾਜ਼ਾਰ ਬੰਦ ਹੋਣ 'ਤੇ ਬੀਐੱਸਈ 'ਤੇ ਸੂਚੀਬੱਧ ਸ਼ੇਅਰਾਂ ਦਾ ਬਾਜ਼ਾਰ ਕੈਪ 256 ਲੱਖ ਕਰੋੜ ਰੁਪਏ ਦੇ ਨੇੜੇ ਸੀ, ਜੋ ਵੀਰਵਾਰ ਨੂੰ ਬਾਜ਼ਾਰ 'ਚ ਭਾਰੀ ਵਿਕਰੀ ਕਾਰਨ ਘੱਟ ਕੇ 249.56 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ।
ਯੂਰਪੀ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ
ਭਾਰਤੀ ਬਾਜ਼ਾਰ 'ਚ ਗਿਰਾਵਟ ਦੇ ਵਧਣ ਦਾ ਵੱਡਾ ਕਾਰਨ ਯੂਰਪੀ ਬਾਜ਼ਾਰ ਹਨ ਜੋ ਗਿਰਾਵਟ ਨਾਲ ਖੁੱਲ੍ਹੇ ਹਨ। ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 'ਚ ਆਈ ਵੱਡੀ ਗਿਰਾਵਟ ਦਾ ਅਸਰ ਯੂਰਪੀ ਬਾਜ਼ਾਰ 'ਤੇ ਦਿਖਾਈ ਦੇ ਰਿਹਾ ਹੈ। FTSE 1.60%, DAX 2,10% CAC 1.98% ਦੀ ਗਿਰਾਵਟ ਨਾਲ ਵਪਾਰ ਕਰ ਰਿਹਾ ਹੈ। ਏਸ਼ੀਆਈ ਬਾਜ਼ਾਰਾਂ 'ਚ ਸਵੇਰ ਤੋਂ ਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਕਿਉਂ ਡਿੱਗਿਆ ਭਾਰਤੀ ਬਾਜ਼ਾਰ?
ਦਰਅਸਲ, ਅਮਰੀਕਾ ਦੀਆਂ ਰਿਟੇਲ ਕੰਪਨੀਆਂ ਨੇ ਬਹੁਤ ਮਾੜੇ ਵਿੱਤੀ ਨਤੀਜੇ ਪੇਸ਼ ਕੀਤੇ ਹਨ। ਅਮਰੀਕੀ ਰਿਟੇਲ ਕੰਪਨੀ ਟਾਰਗੇਟ ਦੇ ਮਾੜੇ ਕਾਰਪੋਰੇਟ ਨਤੀਜਿਆਂ ਕਾਰਨ ਇਸ ਦੇ ਸਟਾਕ 'ਚ 25 ਫੀਸਦੀ ਦੀ ਗਿਰਾਵਟ ਆਈ, ਜਿਸ ਨਾਲ ਅਮਰੀਕੀ ਬਾਜ਼ਾਰ ਦੀ ਭਾਵਨਾ ਖਰਾਬ ਹੋ ਗਈ। ਇਸ ਕਾਰਨ ਇਹ ਡਰ ਡੂੰਘਾ ਹੋਣ ਲੱਗਾ ਹੈ ਕਿ ਇਸ ਦਾ ਮੁੱਖ ਕਾਰਨ ਵਧਦੀ ਮਹਿੰਗਾਈ ਹੈ। ਮਹਿੰਗਾਈ ਨਾਲ ਨਜਿੱਠਣ ਲਈ, ਯੂਐਸ ਫੈੱਡ ਰਿਜ਼ਰਵ ਵਿਆਜ ਦਰਾਂ ਨੂੰ ਦੁਬਾਰਾ ਵਧਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰਾਂ 'ਚ ਜ਼ਿਆਦਾ ਵਿਕਰੀ ਕਰ ਸਕਦੇ ਹਨ।