Black Monday: ਪੂਰੀ ਦੁਨੀਆ ਦੇ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ 'ਚ ਹਾਹਾਕਾਰ, ਅਰਬਾਂ-ਖਰਬਾਂ ਰੁਪਏ ਹੋਏ ਸੁਆਹ
Black Monday: ਦੁਨੀਆ ਭਰ ਵਿੱਚ ਅੱਜ ਬਲੈਕ ਮੰਡੇ ਵੇਖਣ ਨੂੰ ਮਿਲਿਆ। ਅਮਰੀਕਾ ਵੱਲੋਂ ਕਈ ਦੇਸ਼ਾਂ ਉਪਰ ਟੈਰਿਫ ਲਾਉਣ ਕਰਕੇ ਦੁਨੀਆ ਭਰ ਵਿੱਚ ਸ਼ੇਅਰ ਬਾਜ਼ਾਰ ਢਹਿ-ਢੇਰੀ ਹੋ ਗਏ। ਅੱਜ ਯਾਨੀ ਸੋਮਵਾਰ 7 ਅਪ੍ਰੈਲ ਨੂੰ ਭਾਰਤੀ ਸਟਾਕ

Black Monday: ਦੁਨੀਆ ਭਰ ਵਿੱਚ ਅੱਜ ਬਲੈਕ ਮੰਡੇ ਵੇਖਣ ਨੂੰ ਮਿਲਿਆ। ਅਮਰੀਕਾ ਵੱਲੋਂ ਕਈ ਦੇਸ਼ਾਂ ਉਪਰ ਟੈਰਿਫ ਲਾਉਣ ਕਰਕੇ ਦੁਨੀਆ ਭਰ ਵਿੱਚ ਸ਼ੇਅਰ ਬਾਜ਼ਾਰ ਢਹਿ-ਢੇਰੀ ਹੋ ਗਏ। ਅੱਜ ਯਾਨੀ ਸੋਮਵਾਰ 7 ਅਪ੍ਰੈਲ ਨੂੰ ਭਾਰਤੀ ਸਟਾਕ ਮਾਰਕੀਟ ਵਿੱਚ ਸਾਲ ਦੀ ਦੂਜੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 3000 ਅੰਕ (4%) ਤੋਂ ਵੱਧ ਡਿੱਗ ਗਿਆ ਤੇ ਲਗਪਗ 72,300 ਦੇ ਪੱਧਰ 'ਤੇ ਪਹੁੰਚ ਗਿਆ। ਨਿਫਟੀ 900 ਅੰਕ (4.50%) ਹੇਠਾਂ ਡਿੱਗ ਗਿਆ। ਇਹ 22,000 ਤੋਂ ਹੇਠਾਂ ਪਹੁੰਚ ਗਿਆ। ਇਸ ਤੋਂ ਪਹਿਲਾਂ 4 ਜੂਨ, 2024 ਨੂੰ ਬਾਜ਼ਾਰ 5.74% ਡਿੱਗਿਆ ਸੀ।
ਅੱਜ ਸੈਂਸੈਕਸ ਦੇ ਸਾਰੇ 30 ਸਟਾਕ ਹੇਠਾਂ ਕਾਰੋਬਾਰ ਕਰ ਰਹੇ ਹਨ। ਟਾਟਾ ਸਟੀਲ, ਟਾਟਾ ਮੋਟਰਜ਼ ਤੇ ਇਨਫੋਸਿਸ ਦੇ ਸ਼ੇਅਰ ਲਗਪਗ 10% ਡਿੱਗ ਗਏ। ਟੈਕ ਮਹਿੰਦਰਾ, ਐਚਸੀਐਲ ਟੈਕ ਤੇ ਐਲ ਐਂਡ ਟੀ ਦੇ ਸ਼ੇਅਰਾਂ ਵਿੱਚ ਵੀ 8% ਦੀ ਗਿਰਾਵਟ ਆਈ। NSE ਦੇ ਸੈਕਟਰਲ ਸੂਚਕਾਂਕਾਂ ਵਿੱਚੋਂ ਨਿਫਟੀ ਮੈਟਲ ਸਭ ਤੋਂ ਵੱਧ 8% ਡਿੱਗਿਆ। ਆਈਟੀ, ਤੇਲ ਤੇ ਗੈਸ ਤੇ ਸਿਹਤ ਸੰਭਾਲ ਲਗਪਗ 7% ਘਟੇ। ਆਟੋ, ਰੀਅਲਟੀ ਤੇ ਮੀਡੀਆ ਸੂਚਕਾਂਕ 5% ਡਿੱਗੇ। 2 ਅਪ੍ਰੈਲ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਵਿੱਚ 12.11% ਦੀ ਗਿਰਾਵਟ ਆਈ ਹੈ। ਅੱਜ, ਬ੍ਰੈਂਟ ਕਰੂਡ 4% ਡਿੱਗ ਗਿਆ ਤੇ $64 ਤੋਂ ਹੇਠਾਂ ਆ ਗਿਆ। ਇਹ ਪਿਛਲੇ 4 ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ।
ਬਾਜ਼ਾਰ ਵਿੱਚ ਗਿਰਾਵਟ ਦੇ ਵੱਡੇ ਕਾਰਨ
ਟਰੰਪ ਦਾ ਟੈਰਿਫ: ਅਮਰੀਕਾ ਨੇ ਭਾਰਤ 'ਤੇ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤ ਤੋਂ ਇਲਾਵਾ, ਚੀਨ 'ਤੇ 34%, ਯੂਰਪੀਅਨ ਯੂਨੀਅਨ 'ਤੇ 20%, ਦੱਖਣੀ ਕੋਰੀਆ 'ਤੇ 25%, ਜਾਪਾਨ 'ਤੇ 24%, ਵੀਅਤਨਾਮ 'ਤੇ 46% ਤੇ ਤਾਈਵਾਨ 'ਤੇ 32% ਟੈਰਿਫ ਲਗਾਇਆ ਜਾਵੇਗਾ।
ਉਧਰ, ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ 'ਤੇ 34% ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਨਵਾਂ ਟੈਰਿਫ 10 ਅਪ੍ਰੈਲ ਤੋਂ ਲਾਗੂ ਹੋਵੇਗਾ। 3 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੁਨੀਆ ਭਰ ਵਿੱਚ ਪਰਸਪਰ ਟੈਰਿਫ ਲਗਾਏ ਸੀ। ਇਸ ਵਿੱਚ ਚੀਨ 'ਤੇ 34% ਦਾ ਵਾਧੂ ਟੈਰਿਫ ਲਗਾਇਆ ਗਿਆ ਸੀ। ਹੁਣ ਚੀਨ ਨੇ ਅਮਰੀਕਾ 'ਤੇ ਵੀ ਉਹੀ ਟੈਰਿਫ ਲਗਾ ਦਿੱਤਾ ਹੈ।
ਆਰਥਿਕ ਮੰਦੀ ਬਾਰੇ ਚਿੰਤਾਵਾਂ: ਜੇਕਰ ਟੈਰਿਫ ਕਾਰਨ ਸਾਮਾਨ ਮਹਿੰਗਾ ਹੋ ਜਾਂਦਾ ਹੈ, ਤਾਂ ਲੋਕ ਘੱਟ ਖਰੀਦਣਗੇ, ਜਿਸ ਨਾਲ ਅਰਥਵਿਵਸਥਾ ਮੱਠੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਘੱਟ ਮੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ। ਇਹ ਕਮਜ਼ੋਰ ਆਰਥਿਕ ਗਤੀਵਿਧੀਆਂ ਦਾ ਸੰਕੇਤ ਹੈ। ਇਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਹਿੱਲ ਗਿਆ ਹੈ।
ਹਾਂਗ ਕਾਂਗ ਦਾ ਹੈਂਗ ਸੇਂਗ 10% ਡਿੱਗਿਆ, ਚੀਨੀ ਸੂਚਕਾਂਕ ਵੀ 6.50% ਡਿੱਗਿਆ
ਏਸ਼ਿਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਨਿੱਕੇਈ 6%, ਕੋਰੀਆ ਦਾ ਕੋਸਪੀ ਇੰਡੈਕਸ 4.50%, ਚੀਨ ਦਾ ਸ਼ੰਘਾਈ ਇੰਡੈਕਸ 6.50% ਹੇਠਾਂ ਹੈ। ਹਾਂਗ ਕਾਂਗ ਦਾ ਹੈਂਗ ਸੇਂਗ 10% ਹੇਠਾਂ ਹੈ। ਐਨਐਸਈ ਇੰਟਰਨੈਸ਼ਨਲ ਐਕਸਚੇਂਜ 'ਤੇ ਵਪਾਰ ਕੀਤਾ ਜਾਣ ਵਾਲਾ ਨਿਫਟੀ ਲਗਪਗ 800 ਅੰਕ (3.60%) ਡਿੱਗ ਗਿਆ ਤੇ 22180 ਦੇ ਪੱਧਰ 'ਤੇ ਵਪਾਰ ਕਰ ਰਿਹਾ ਹੈ।
3 ਅਪ੍ਰੈਲ ਨੂੰ ਅਮਰੀਕਾ ਦਾ ਡਾਓ ਜੋਨਸ 3.98% ਡਿੱਗ ਕੇ 40,545 'ਤੇ ਬੰਦ ਹੋਇਆ। ਐਸ ਐਂਡ ਪੀ 500 ਇੰਡੈਕਸ 4.84% ਡਿੱਗ ਗਿਆ। ਨੈਸਡੈਕ ਕੰਪੋਜ਼ਿਟ 5.97% ਡਿੱਗ ਗਿਆ। ਵਿੱਤੀ ਟਿੱਪਣੀਕਾਰ ਜਿਮ ਕਰੈਮਰ ਨੇ 1987 ਵਾਂਗ 'ਬਲੈਕ ਮੰਡੇ' ਆਉਣ ਦੀ ਭਵਿੱਖਬਾਣੀ ਕੀਤੀ ਸੀ। ਕਰੈਮਰ ਨੇ ਕਿਹਾ ਕਿ ਅਮਰੀਕੀ ਬਾਜ਼ਾਰ ਅੱਜ 22% ਡਿੱਗ ਸਕਦਾ ਹੈ।






















