Tomato Prices: ਮਹਿੰਗਾਈ ਦਾ ਝਟਕਾ! ਟਮਾਟਰ 100 ਰੁਪਏ ਕਿਲੋ ਤੋਂ ਪਾਰ, ਆਲੂ-ਪਿਆਜ਼ ਵੀ ਮਾਰ ਰਹੇ ਛੜੱਪੇ
ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਫਲਾਂ ਤੇ ਸਬਜ਼ੀਆਂ ਦੇ ਰੇਟ ਆਸਮਾਨੀਂ ਚੜ੍ਹਨ ਲੱਗੇ ਹਨ। ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਟਮਾਟਰ ਦਾ ਭਾਅ 100 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ।
Tomato Prices: ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਫਲਾਂ ਤੇ ਸਬਜ਼ੀਆਂ ਦੇ ਰੇਟ ਆਸਮਾਨੀਂ ਚੜ੍ਹਨ ਲੱਗੇ ਹਨ। ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਟਮਾਟਰ ਦਾ ਭਾਅ 100 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਇਸ ਕਰਕੇ ਲੋਕਾਂ ਦੀਆਂ ਜੇਬਾਂ 'ਤੇ ਸਿੱਧਾ ਅਸਰ ਪੈ ਰਿਹਾ ਹੈ।
ਕੀਮਤ 100-120 ਰੁਪਏ ਪ੍ਰਤੀ ਕਿਲੋ
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਕੱਲ੍ਹ ਮਦਰ ਡੇਅਰੀ ਦੇ ਰਿਟੇਲ ਆਊਟਲੈਟ ਸਫਲ 'ਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਇਸ ਦੇ ਨਾਲ ਹੀ ਸਫਲ ਆਊਟਲੈਟਸ ਤੋਂ ਇਲਾਵਾ ਗੈਰ-ਸੰਗਠਿਤ ਪ੍ਰਚੂਨ ਬਾਜ਼ਾਰ 'ਚ ਟਮਾਟਰ ਦੀ ਕੀਮਤ 100 ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ।
ਸਰਕਾਰੀ ਅੰਕੜਿਆਂ ਵਿੱਚ ਇੰਨਾ ਮੁੱਲ
ਹਾਲਾਂਕਿ ਸਰਕਾਰੀ ਅੰਕੜਿਆਂ ਮੁਤਾਬਕ ਟਮਾਟਰ ਦਾ ਭਾਅ ਅਜੇ 100 ਰੁਪਏ ਤੱਕ ਨਹੀਂ ਪਹੁੰਚਿਆ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ 20 ਜੁਲਾਈ ਨੂੰ ਦਿੱਲੀ 'ਚ ਟਮਾਟਰ ਦੀ ਰੋਜ਼ਾਨਾ ਔਸਤ ਪ੍ਰਚੂਨ ਕੀਮਤ 93 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਰਕਾਰੀ ਅੰਕੜਿਆਂ ਮੁਤਾਬਕ 20 ਜੁਲਾਈ ਨੂੰ ਟਮਾਟਰ ਦੀ ਰਾਸ਼ਟਰੀ ਔਸਤ ਕੀਮਤ 73.76 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਇਸ ਕਾਰਨ ਟਮਾਟਰ ਦੀ ਕੀਮਤ ਵਧੀ
ਟਮਾਟਰ ਦੇ ਭਾਅ ਵਧਣ ਲਈ ਖਰਾਬ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੀਟੀਆਈ ਦੀ ਰਿਪੋਰਟ ਵਿੱਚ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਤੋਂ ਬਾਅਦ ਭਾਰੀ ਮੀਂਹ ਕਾਰਨ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।
ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਤੋਂ ਪ੍ਰਚੂਨ ਮੰਡੀਆਂ ਵਿੱਚ ਟਮਾਟਰਾਂ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਇਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਦਿੱਲੀ 'ਚ ਟਮਾਟਰ ਤੋਂ ਇਲਾਵਾ ਆਲੂ ਤੇ ਪਿਆਜ਼ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।
ਪਿਛਲੇ ਸਾਲ ਕੀਮਤਾਂ ਇਸ ਪੱਧਰ ਤੱਕ ਪਹੁੰਚੀਆਂ
ਇਨ੍ਹਾਂ ਮਹੀਨਿਆਂ ਦੌਰਾਨ ਹਰ ਸਾਲ ਟਮਾਟਰ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਜਾਂਦਾ ਹੈ। ਪਿਛਲੇ ਸਾਲ ਤਾਂ ਸਥਿਤੀ ਕਾਫੀ ਖਰਾਬ ਹੋ ਗਈ ਸੀ। ਪ੍ਰਚੂਨ ਬਾਜ਼ਾਰ 'ਚ ਟਮਾਟਰ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਸਹਿਕਾਰੀ ਏਜੰਸੀਆਂ ਦੀ ਮਦਦ ਨਾਲ ਕਈ ਸ਼ਹਿਰਾਂ ਵਿੱਚ ਰਿਆਇਤੀ ਦਰਾਂ 'ਤੇ ਟਮਾਟਰ ਵੇਚ ਸੀ। ਦਿੱਲੀ-ਐਨਸੀਆਰ ਦੇ ਗਾਹਕਾਂ ਨੂੰ ਮਦਰ ਡੇਅਰੀ ਦੇ ਸਫਲ ਸਟੋਰ 'ਤੇ ਵੀ ਘੱਟ ਕੀਮਤ 'ਤੇ ਟਮਾਟਰ ਮਿਲੇ ਸੀ।
ਦਿੱਲੀ ਵਿੱਚ ਆਲੂ ਤੇ ਪਿਆਜ਼ ਦੀ ਤਾਜ਼ਾ ਸਥਿਤੀ
ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਪਿਆਜ਼ ਤੇ ਆਲੂ ਦੀਆਂ ਮੌਜੂਦਾ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸ਼ਨੀਵਾਰ ਨੂੰ ਪੱਛਮੀ ਦਿੱਲੀ 'ਚ ਮਦਰ ਡੇਅਰੀ ਦੇ ਆਊਟਲੇਟ 'ਤੇ ਪਿਆਜ਼ 46.90 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਆਲੂ 41.90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਪਿਆਜ਼ 50 ਰੁਪਏ ਕਿਲੋ ਤੇ ਆਲੂ 40 ਰੁਪਏ ਕਿਲੋ ਵਿਕਿਆ।