ਟੈਰਿਫ਼ 'ਤੇ ਬ੍ਰੇਕ ਨਾਲ ਏਸ਼ੀਆਈ ਬਾਜ਼ਾਰ ਖਿੜਿਆ, 24 ਸਾਲਾਂ 'ਚ ਪਹਿਲੀ ਵਾਰੀ Nasdaq 'ਚ ਰਿਕਾਰਡ ਉਛਾਲ
ਬਲੂਮਬਰਗ ਦੀ ਰਿਪੋਰਟ ਮੁਤਾਬਕ, ਨੈਸਡੈਕ 'ਚ 12.2% ਦੀ ਉਛਾਲ ਦੇ ਨਾਲ 100 ਅੰਕਾਂ ਦੀ ਵਾਧੂ ਬੜ੍ਹਤ ਦਰਜ ਹੋਈ। ਇਹ 3 ਜਨਵਰੀ 2001 ਤੋਂ ਬਾਅਦ ਪਹਿਲੀ ਵਾਰ ਅਤੇ ਕੁੱਲ ਮਿਲਾ ਕੇ ਦੂਜੀ ਵਾਰ ਐਸਾ ਰਿਕਾਰਡ ਬਣਿਆ ਹੈ।

US Stocks Skyrocket: ਡੋਨਾਲਡ ਟਰੰਪ ਵੱਲੋਂ ਉੱਚ ਟੈਰਿਫ਼ ਦਰਾਂ 'ਤੇ 90 ਦਿਨਾਂ ਲਈ ਬ੍ਰੇਕ ਲਗਾਉਣ ਅਤੇ ਚੀਨ ਦੀਆਂ ਵਸਤੂਆਂ 'ਤੇ 10 ਅਪਰੈਲ ਤੋਂ 104% ਦੀ ਥਾਂ 125% ਟੈਰਿਫ਼ ਲਗਾਉਣ ਦੇ ਐਲਾਨ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਨੇ ਉੱਚੀ ਉਡਾਣ ਭਰੀ। ਇਸਦੇ ਨਾਲ ਹੀ, ਏਸ਼ੀਆ-ਪੈਸੀਫਿਕ ਖੇਤਰ 'ਚ ਵੀ ਵੀਰਵਾਰ ਸਵੇਰ ਦੇ ਕਾਰੋਬਾਰ ਦੌਰਾਨ ਸ਼ਾਨਦਾਰ ਛਾਲ ਵੇਖਣ ਨੂੰ ਮਿਲੀ। ਅਮਰੀਕਾ ਦੇ ਸਟਾਕ ਮਾਰਕੀਟ 'ਚ ਨੈਸਡੈਕ ਨੇ 24 ਸਾਲਾਂ ਵਿੱਚ ਪਹਿਲੀ ਵਾਰ ਇੰਨੀ ਵੱਡੀ ਬੜ੍ਹਤ ਦਰਜ ਕੀਤੀ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਨੈਸਡੈਕ 'ਚ 12.2% ਦੀ ਉਛਾਲ ਦੇ ਨਾਲ 100 ਅੰਕਾਂ ਦੀ ਵਾਧੂ ਬੜ੍ਹਤ ਦਰਜ ਹੋਈ। ਇਹ 3 ਜਨਵਰੀ 2001 ਤੋਂ ਬਾਅਦ ਪਹਿਲੀ ਵਾਰ ਅਤੇ ਕੁੱਲ ਮਿਲਾ ਕੇ ਦੂਜੀ ਵਾਰ ਐਸਾ ਰਿਕਾਰਡ ਬਣਿਆ ਹੈ। S&P ਇੰਡੈਕਸ 9.5% ਵੱਧ ਕੇ ਬੰਦ ਹੋਇਆ, ਜੋ ਕਿ 2008 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਫੈਕਟਸੈਟ ਦੇ ਅਨੁਸਾਰ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ ਐਨੀ ਵੱਡੀ ਉਛਾਲ ਵੇਖਣ ਨੂੰ ਮਿਲੀ ਹੈ।
ਦੂਜੇ ਪਾਸੇ, ਡਾਉ ਜੋਨਸ ਇੰਡਸਟਰੀਅਲ ਐਵੇਰੇਜ 'ਚ ਵੀ ਲਗਭਗ 7.9% ਦੀ ਉਛਾਲ ਦਰਜ ਕੀਤੀ ਗਈ। ਇੱਕ ਹੀ ਦਿਨ 'ਚ ਲਗਭਗ 30 ਬਿਲੀਅਨ ਸ਼ੇਅਰਾਂ ਦਾ ਲੈਣ-ਦੇਣ ਹੋਇਆ, ਜੋ ਕਿ ਇੱਕ ਦਿਨ ਵਿੱਚ ਹੋਇਆ ਸਭ ਤੋਂ ਵੱਡਾ ਰਿਕਾਰਡ ਬਣ ਗਿਆ।
S&P ’ਚ ਸਭ ਤੋਂ ਵੱਡੀ ਉਛਾਲ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ, "ਮੈਂ 90 ਦਿਨਾਂ ਲਈ ਟੈਰਿਫ਼ ’ਤੇ ਬਰੇਕ ਲਗਾਉਣ ਦਾ ਹੁਕਮ ਦੇ ਰਿਹਾ ਹਾਂ ਅਤੇ ਇਸ ਦੌਰਾਨ ਤਤਕਾਲ ਪ੍ਰਭਾਵ ਨਾਲ 10% ਟੈਰਿਫ਼ ਲਾਗੂ ਰਹੇਗਾ।"
ਹਾਲਾਂਕਿ, ਇਹ ਬਰੇਕ ਚੀਨ ਉੱਤੇ ਲਾਗੂ ਨਹੀਂ ਹੋਏਗਾ, ਬਲਕਿ ਚੀਨ ਉੱਤੇ ਵ੍ਹਾਈਟ ਹਾਊਸ ਵੱਲੋਂ 125% ਟੈਰਿਫ਼ ਲਗਾਇਆ ਜਾਵੇਗਾ, ਕਿਉਂਕਿ ਚੀਨ ਨੇ ਅਮਰੀਕੀ ਸਮਾਨਾਂ ’ਤੇ 84% ਟੈਰਿਫ਼ ਲਾਇਆ ਹੈ।
S&P ਇੰਡੈਕਸ ’ਚ ਲੱਗਭਗ 11% ਦੀ ਉਛਾਲ ਵੇਖਣ ਨੂੰ ਮਿਲੀ, ਜੋ ਕਿ ਨਵੰਬਰ 2008 ਦੇ ਗਲੋਬਲ ਆਰਥਿਕ ਸੰਕਟ ਤੋਂ ਬਾਅਦ ਦੀ ਸਭ ਤੋਂ ਵੱਡੀ ਉਛਾਲ ਮੰਨੀ ਜਾ ਰਹੀ ਹੈ। ਇੱਥੋਂ ਤਕ ਕਿ 2010 ’ਚ ਹੋਏ ਫਲੈਸ਼ ਕਰੈਸ਼ ਨਾਲੋਂ ਵੀ ਇਹ ਵਧੇਰੇ ਸੀ।
ਰਿਪੋਰਟਾਂ ਮੁਤਾਬਕ, Goldman Sachs Group Inc. ਦੇ ਸ਼ੇਅਰਾਂ ’ਚ ਲੱਗਭਗ 17.34% ਦੀ ਵੱਡੀ ਉਛਾਲ ਦਰਜ ਕੀਤੀ ਗਈ, ਜੋ ਕਿ S&P ਦੀ ਰਿਕਾਰਡ ਉਛਾਲ ਨਾਲੋਂ ਵੀ ਕਾਫੀ ਵੱਧ ਸੀ। ਹਾਲਾਂਕਿ ਨਿਵੇਸ਼ਕਾਂ ਵਿੱਚ ਟੈਰਿਫ਼ ਨੂੰ ਲੈ ਕੇ ਲੰਬੇ ਸਮੇਂ ਦੀ ਯੋਜਨਾ ’ਤੇ ਅਜੇ ਵੀ ਅਣਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ।
ਜਪਾਨ ਦੇ Nikkei ਇੰਡੈਕਸ ਵਿੱਚ ਵੀ ਵੀਰਵਾਰ ਸਵੇਰੇ ਸ਼ੁਰੂਆਤੀ ਕਾਰੋਬਾਰ ਦੌਰਾਨ 8.3% ਦੀ ਵਾਧੂ ਉਛਾਲ ਦਰਜ ਕੀਤੀ ਗਈ, ਜਿਸ ਨਾਲ ਇਹ 225 ਅੰਕ ਚੜ੍ਹ ਗਿਆ। ਇਸੇ ਤਰ੍ਹਾਂ, ਦੱਖਣੀ ਕੋਰੀਆ ਦਾ ਕੋਸਪੀ (Kospi) ਵੀ 5% ਚੜ੍ਹ ਗਿਆ, ਜਦਕਿ ਆਸਟ੍ਰੇਲੀਆ ਦਾ ASX 200 ਇੰਡੈਕਸ ਲੱਗਭਗ 6% ਦੀ ਵਾਧੂ ਉਛਾਲ ਨਾਲ ਉੱਪਰ ਗਿਆ।
ਬੋਸਟਨ ਦੀ ਵੈਲਥ ਮੈਨੇਜਮੈਂਟ ਐਕਸਪਰਟ ਗੀਨਾ ਬੋਲਵਿਨ ਦਾ ਕਹਿਣਾ ਹੈ ਕਿ ਇਹ ਉਹ ਅਹਿਮ ਪਲ ਹੈ ਜਿਸਦੀ ਲੰਮੇ ਸਮੇਂ ਤੋਂ ਉਡੀਕ ਸੀ। ਕਈ ਕੰਪਨੀਆਂ ਦੇ ਮਾਲੀ ਨਤੀਜੇ ਆਉਣ ਵਾਲੇ ਹਨ, ਜਿਸ ਨਾਲ ਬਜ਼ਾਰ ਨੂੰ ਮਦਦ ਮਿਲੇਗੀ।
ਉਹਨਾਂ ਕਿਹਾ ਕਿ "90 ਦਿਨਾਂ ਮਗਰੋਂ ਕੀ ਹੋਵੇਗਾ, ਇਹ ਹਾਲੇ ਵੀ ਇੱਕ ਵੱਡਾ ਸਵਾਲ ਹੈ।" ਧਿਆਨਯੋਗ ਹੈ ਕਿ ਸ਼ੁੱਕਰਵਾਰ ਨੂੰ ਜੇਪੀ ਮੋਰਗਨ ਵਰਗੇ ਵੱਡੇ ਬੈਂਕਾਂ ਦੇ ਨਤੀਜੇ ਆਉਣ ਵਾਲੇ ਹਨ, ਜਿਸ ਨਾਲ ਕਾਰਪੋਰੇਟ ਅਮਰੀਕਾ ਦੀ ਅਸਲੀ ਹਾਲਤ ਦਾ ਪਤਾ ਲੱਗ ਸਕੇਗਾ।
ਇੱਥੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਭਰ ਦੇ ਨੇਤਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਲਈ ਬੇਤਾਬ ਹਨ। ਉਨ੍ਹਾਂ ਕਿਹਾ ਕਿ ਟੈਰਿਫ਼ ਘੋਸ਼ਣਾ 'ਤੇ ਸਮਝੌਤਾ ਕਰਨ ਲਈ ਉਹ ਹਰ ਕੀਮਤ ਉੱਤੇ ਤਿਆਰ ਹਨ।
ਟਰੰਪ ਨੇ ਮੰਗਲਵਾਰ ਰਾਤ ਨੇਸ਼ਨਲ ਰਿਪਬਲਿਕਨ ਕਾਂਗਰੈੱਸ ਕਮੇਟੀ ਦੇ ਰਾਤ ਦੇ ਭੋਜਨ ਸਮਾਗਮ ਦੌਰਾਨ ਕਿਹਾ: "ਮੈਂ ਤੁਹਾਨੂੰ ਦੱਸ ਰਿਹਾ ਹਾਂ, ਇਹ ਦੇਸ਼ ਸਾਡੇ ਨਾਲ ਸੰਪਰਕ ਕਰ ਰਹੇ ਹਨ। ਮੇਰੇ ਅੱਗੇ ਨੱਕ ਰਗੜ ਰਹੇ ਹਨ।"
ਗੌਰਤਲਬ ਹੈ ਕਿ ਟਰੰਪ ਨੇ ਪਿਛਲੇ ਕੁਝ ਦਿਨਾਂ ਦੌਰਾਨ ਕਈ ਦੇਸ਼ਾਂ 'ਤੇ ਵੱਖ-ਵੱਖ ਕਿਸਮ ਦੇ ਟੈਰਿਫ਼ ਲਾਗੂ ਕੀਤੇ ਹਨ, ਜਿਸ ਨਾਲ ਗਲੋਬਲ ਟਰੇਡ ਵਾਰ ਵਾਲੀ ਸਥਿਤੀ ਬਣ ਗਈ ਹੈ।






















