ਕਣਕ ਦੇ ਰੇਟ ਤੋੜਨ ਲੱਗੇ ਰਿਕਾਰਡ, 2500 ਰੁਪਏ ਪ੍ਰਤੀ ਕੁਇੰਟਲ ਤੋਂ ਟੱਪਿਆ ਭਾਅ
ਦਿੱਲੀ ਲਾਰੈਂਸ ਰੋਡ ਮੰਡੀ ਦੇ ਜੈ ਪ੍ਰਕਾਸ਼ ਜਿੰਦਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਅ ਰੋਜ਼ਾਨਾ ਵੱਧ ਰਹੇ ਹਨ। ਉਨ੍ਹਾਂ ਕਿਹਾ, “ਸ਼ਨੀਵਾਰ ਨੂੰ ਭਾਅ 30 ਰੁਪਏ ਵਧ ਗਿਆ ਤੇ ਹੁਣ ਇੱਥੇ ਭਾਅ 2,550 ਰੁਪਏ ਪ੍ਰਤੀ ਕੁਇੰਟਲ ਹੈ।
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੀਆਂ ਮੰਡੀਆਂ ਵਿੱਚ ਕਣਕ ਦੀਆਂ ਕੀਮਤਾਂ ਰਿਕਾਰਡ 2500 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਈਆਂ ਹਨ। ਅਜਿਹਾ ਘੱਟ ਸਪਲਾਈ ਤੇ ਵਧ ਮੰਗ ਕਾਰਨ ਹੋਇਆ ਹੈ। ਦਿੱਲੀ ਦੇ ਵਪਾਰੀਆਂ ਅਨੁਸਾਰ, ਗਰਮੀ ਕਾਰਨ ਇਸ ਸਾਲ ਕਣਕ ਦਾ ਉਤਪਾਦਨ ਘੱਟ ਹੋਇਆ, ਜਿਸ ਨਾਲ ਖੇਤੀਬਾੜੀ ਉਪਜ ਦੀ ਘਰੇਲੂ ਸਪਲਾਈ ਪ੍ਰਭਾਵਿਤ ਹੋਈ।
ਦਿੱਲੀ ਲਾਰੈਂਸ ਰੋਡ ਮੰਡੀ ਦੇ ਜੈ ਪ੍ਰਕਾਸ਼ ਜਿੰਦਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਅ ਰੋਜ਼ਾਨਾ ਵੱਧ ਰਹੇ ਹਨ। ਉਨ੍ਹਾਂ ਕਿਹਾ, “ਸ਼ਨੀਵਾਰ ਨੂੰ ਭਾਅ 30 ਰੁਪਏ ਵਧ ਗਿਆ ਤੇ ਹੁਣ ਇੱਥੇ ਭਾਅ 2,550 ਰੁਪਏ ਪ੍ਰਤੀ ਕੁਇੰਟਲ ਹੈ। ਹਰਿਆਣਾ ਵਿੱਚ ਇਹ 2,400 ਰੁਪਏ ਪ੍ਰਤੀ ਕੁਇੰਟਲ ਹੈ, ਜਦੋਂਕਿ ਰਾਜਸਥਾਨ ਵਿੱਚ ਇਹ ਕੀਮਤ 2,370 ਰੁਪਏ ਪ੍ਰਤੀ ਕੁਇੰਟਲ ਹੈ।” 14 ਮਈ, 2022 ਨੂੰ ਕਣਕ ਦੀ ਬਰਾਮਦ ‘ਤੇ ਪਾਬੰਦੀ ਲੱਗਣ ਤੋਂ ਬਾਅਦ ਮੰਡੀ ਵਿੱਚ ਕੀਮਤਾਂ 2,150 ਤੋਂ 2,175 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਹਨ।
ਜਿੰਦਲ ਨੇ ਕਿਹਾ ਕਿ ਇਸ ਵਰ੍ਹੇ ਉਤਪਾਦਨ ਘੱਟ ਹੋਇਆ ਤੇ ਸਰਕਾਰ ਨੇ ਸਹੀ ਸਮੇਂ ’ਤੇ ਬਰਾਮਦ ’ਤੇ ਰੋਕ ਨਹੀਂ ਲਗਾਈ। ਉਨ੍ਹਾਂ ਕਿਹਾ, “ਜਦੋਂ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਪਾਬੰਦੀ ਲਗਾਈ ਸੀ, ਉਦੋਂ ਤੱਕ ਬਹੁਤ ਸਾਰੀ ਕਣਕ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਸੀ।’’ ਉਨ੍ਹਾਂ ਕਿਹਾ ਕਿ ਅਕਤੂਬਰ ਤੇ ਨਵੰਬਰ ਦੇ ਮਹੀਨਿਆਂ ਵਿੱਚ ਤਿਉਹਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਣਕ ਦੀ ਦਰਾਮਦ ਦੀ ਲੋੜ ਪਵੇਗੀ।
ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਕਣਕ ਦੀ ਬਰਾਮਦ ਵਿੱਚ ਵਾਧਾ ਹੋਇਆ ਹੈ। ਸਾਲ 2021-22 ਵਿੱਚ 212.15 ਕਰੋੜ ਰੁਪਏ ਮੁੱਲ ਦੀ ਕਣਕ ਬਰਾਮਦ ਕੀਤੀ ਗਈ ਸੀ। 2022-23 (ਅਪਰੈਲ-ਜੁਲਾਈ) ਦੇ ਪਹਿਲੇ ਚਾਰ ਮਹੀਨਿਆਂ ਵਿੱਚ, 110 ਕਰੋੜ ਰੁਪਏ ਤੋਂ ਵਧ ਦੀ ਕਣਕ ਬਰਾਮਦ ਕੀਤੀ ਗਈ ਸੀ। ਕੌਮਾਂਤਰੀ ਮੰਗ ਤੇ ਸਪਲਾਈ ਦੀ ਸਥਿਤੀ, ਵਿਸ਼ਵਵਿਆਪੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ, ਯੂਕਰੇਨ ਤੇ ਰੂਸ ਵਰਗੇ ਵੱਡੇ ਕਣਕ ਬਰਾਮਦ ਕਰਨ ਵਾਲੇ ਮੁਲਕਾਂ ਵਿਚਾਲੇ ਟਕਰਾਅ ਆਦਿ ਕਾਰਨਾਂ ਕਰਕੇ ਬਰਾਮਦ ਵਿਚ ਵਾਧਾ ਹੋਇਆ ਹੈ।
ਹਾਲਾਂਕਿ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਮੰਗ ਦੀ ਪੂਰਤੀ ਅਤੇ ਕਣਕ ਦੀਆਂ ਵਧ ਰਹੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਕੁਝ ਕਦਮ ਚੁੱਕ ਸਕਦਾ ਹੈ। ਕੇਂਦਰ ਕਣਕ ‘ਤੇ 40 ਫੀਸਦੀ ਦਰਾਮਦ ਡਿਊਟੀ ਖਤਮ ਕਰ ਸਕਦਾ ਹੈ। ਇਸ ਤੋਂ ਇਲਾਵਾ ਕੇਂਦਰ ਸਟਾਕਿਸਟਾਂ ਤੇ ਵਪਾਰੀਆਂ ਵੱਲੋਂ ਰੱਖੇ ਗਏ ਕਣਕ ਦੇ ਸਟਾਕ ਦਾ ਸਵੈਇੱਛਤ ਖੁਲਾਸਾ ਕਰਨ ਤੇ ਕਣਕ ‘ਤੇ ਸਟਾਕ ਹੋਲਡਿੰਗ ਸੀਮਾ ਵੀ ਤੈਅ ਕਰ ਸਕਦਾ ਹੈ।