Crime news: ਗੁਆਂਢੀਆਂ ਨੇ ਪੈਸਿਆਂ ਲਈ 9 ਸਾਲ ਦੇ ਬੱਚੇ ਦਾ ਕੀਤਾ ਕਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
Crime news: ਬਦਲਾਪੁਰ ਦੇ ਵਾਂਗਾਨੀ 'ਚ ਫਿਰੌਤੀ ਦੇ ਲਈ 9 ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Crime news: ਬਦਲਾਪੁਰ ਦੇ ਵਾਂਗਾਨੀ 'ਚ ਫਿਰੌਤੀ ਦੇ ਲਈ 9 ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕੁਲਗਾਓਂ ਬਦਲਾਪੁਰ ਦਿਹਾਤੀ ਪੁਲਿਸ ਨੇ ਇੱਕੋ ਪਰਿਵਾਰ ਦੇ ਸੱਤ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਦਾ ਨਾਮ ਇਬਾਦ ਬੁਬੇਰੇ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਘਰ ਬਣਾਉਣ ਲਈ ਪੈਸਿਆਂ ਦੀ ਲੋੜ ਸੀ, ਜਿਸ ਕਰਕੇ ਉਨ੍ਹਾਂ ਨੇ ਮੁੰਡੇ ਨੂੰ ਅਗਵਾ ਕੀਤਾ ਸੀ।
ਇਸ ਤੋਂ ਬਾਅਦ ਜਦੋਂ ਇਬਾਦ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਲੱਭਣਾ ਸ਼ੁਰੂ ਕੀਤਾ ਤਾਂ ਅਗਵਾ ਕਰਨ ਵਾਲੇ ਪਿੰਡ ਦੇ ਦੋ ਨੌਜਵਾਨਾਂ ਸਲਮਾਨ ਮੌਲਵੀ ਅਤੇ ਉਸ ਦੇ ਭਰਾ ਸਫੁਆਨ ਮੌਲਵੀ ਨੇ ਇਬਾਦ ਦਾ ਕਤਲ ਕਰ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮ੍ਰਿਤਕ ਇਬਾਦ ਦਾ ਘਰ ਮੁਲਜ਼ਮ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੈ।
ਕੀ ਹੈ ਪੂਰਾ ਮਾਮਲਾ
ਬਦਲਾਪੁਰ ਦੇ ਨੇੜੇ ਵਾਂਗਾਨੀ ਇਲਾਕੇ ਵਿੱਚ ਗੋਰਗਾਓਂ ਹੈ। ਕਿਉਂਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ, ਇਸ ਲਈ ਪੂਰੇ ਪਿੰਡ ਦੇ ਲੋਕ ਨਮਾਜ਼ ਅਦਾ ਕਰਨ ਲਈ ਪਿੰਡ ਦੀ ਮਸਜਿਦ ਵਿੱਚ ਇਕੱਠੇ ਹੋਏ। ਮੁਸਲਿਮ ਭਰਾ ਰਾਤ ਦੀ ਨਮਾਜ਼ ਲਈ ਮਸਜਿਦ ਵਿੱਚ ਸਨ।
ਜਦੋਂ ਇਬਾਦ ਨਮਾਜ਼ ਅਦਾ ਕਰਨ ਤੋਂ ਬਾਅਦ ਮਸਜਿਦ ਤੋਂ ਬਾਹਰ ਆਇਆ ਤਾਂ ਉਹ ਲਾਪਤਾ ਹੋ ਗਿਆ। ਇਸ ਤੋਂ ਬਾਅਦ ਇਬਾਦ ਦੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸੇ ਸਮੇਂ, ਇਬਾਦ ਦੇ ਪਿਤਾ ਮੁਦੱਸੀਰ ਨੂੰ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਪੁੱਤ ਨੂੰ ਜ਼ਿਉਂਦਾ ਚਾਹੁੰਦੇ ਹੋ ਤਾਂ 23 ਲੱਖ ਰੁਪਏ ਦੇ ਦਿਓ।
ਇਸ ਤੋਂ ਬਾਅਦ ਫੋਨ ਕਰਨ ਵਾਲੇ ਦਾ ਫੋਨ ਬੰਦ ਹੋ ਗਿਆ। ਮੁਦੱਸੀਰ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਉਸ ਸਮੇਂ ਤੱਕ ਇਬਾਦ ਦੇ ਲਾਪਤਾ ਹੋਣ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਚੁੱਕੀ ਸੀ। ਇੱਕ ਪਾਸੇ ਪੁਲਿਸ ਇਬਾਦ ਦੀ ਭਾਲ ਕਰ ਰਹੀ ਸੀ।
ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਇਬਾਦ ਦੀ ਭਾਲ ਕੀਤੀ ਜਾ ਰਹੀ ਸੀ। ਉਸੇ ਵੇਲੇ ਅਗਵਾਕਾਰ ਨੇ ਆਪਣੇ ਮੋਬਾਈਲ ਫੋਨ ਵਿੱਚ ਇੱਕ ਹੋਰ ਸਿੰਮ ਪਾ ਕੇ ਕਾਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਤੱਕ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਸੀ।
ਪੁਲਿਸ ਤੁਰੰਤ ਪਿੰਡ ਦੇ ਰਹਿਣ ਵਾਲੇ ਸਲਮਾਨ ਮੌਲਵੀ ਨਾਂ ਦੇ ਨੌਜਵਾਨ ਦੇ ਘਰ ਪੁੱਜੀ। ਜਦੋਂ ਤਲਾਸ਼ੀ ਲਈ ਗਈ ਤਾਂ ਇਬਾਦ ਦੀ ਲਾਸ਼ ਘਰ ਦੇ ਪਿੱਛੇ ਇੱਕ ਬੋਰੀ ਵਿਚੋਂ ਮਿਲੀ। ਇਸ ਮਾਮਲੇ 'ਚ ਕੁਲਗਾਓਂ ਬਦਲਾਪੁਰ ਪੁਲਿਸ ਨੇ ਸਲਮਾਨ, ਸਫੁਆਨ ਸਮੇਤ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।