Crime News: ਦਿਲ ਦਹਿਲਾ ਦੇਣ ਵਾਲਾ ਮਾਮਲਾ! ਕਿਸੇ ਹੋਰ ਦੇ ਪਿਆਰ 'ਚ ਅੰਨ੍ਹੀ ਪਤਨੀ ਨੇ ਪਤੀ ਨੂੰ ਕੋਹ-ਕੋਹ ਮਾਰਿਆ
ਮੁਕਤਸਰ 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਨਾਜਾਇਜ਼ ਸਬੰਧਾਂ 'ਚ ਅੜਿੱਕਾ ਬਣੇ ਪਤੀ ਦਾ ਕਤਲ ਕਰ ਦਿੱਤਾ।
Crime News: ਮੁਕਤਸਰ 'ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਨਾਜਾਇਜ਼ ਸਬੰਧਾਂ 'ਚ ਅੜਿੱਕਾ ਬਣੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਪਹਿਲਾਂ ਆਪਣੇ ਪਤੀ ਨੂੰ ਨਸ਼ੀਲਾ ਪਦਾਰਥ ਖੁਆਇਆ ਤੇ ਫਿਰ ਸਿਰਹਾਣੇ ਨਾਲ ਮੂੰਹ ਦਬਾ ਕੇ ਉਸ ਦਾ ਦਮ ਘੁੱਟ ਦਿੱਤਾ। ਪੁਲਿਸ ਨੇ ਔਰਤ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ ਤੇ ਪ੍ਰੇਮੀ ਦੀ ਪਛਾਣ ਜਗਮੀਤ ਸਿੰਘ ਵਾਸੀ ਢੀਮਾਂਵਾਲੀ (ਫਾਜ਼ਿਲਕਾ) ਵਜੋਂ ਹੋਈ ਹੈ। ਜਗਮੀਤ ਸਿੰਘ ਦੀ ਔਰਤ ਦੇ ਪਤੀ ਜਸਕੌਰ ਸਿੰਘ ਨਾਲ ਦੋ ਮਹੀਨੇ ਪਹਿਲਾਂ ਹੀ ਦੋਸਤੀ ਹੋਈ ਸੀ। ਇਸ ਦੌਰਾਨ ਕੁਲਦੀਪ ਕੌਰ ਤੇ ਜਗਮੀਤ ਸਿੰਘ ਵਿਚਕਾਰ ਨਾਜਾਇਜ਼ ਸਬੰਧ ਬਣ ਗਏ। ਇਸ ਤੋਂ ਪਹਿਲਾਂ ਵੀ ਕੁਲਦੀਪ ਕੌਰ ਖ਼ਿਲਾਫ਼ ਦਸੰਬਰ 2023 ਵਿੱਚ ਆਬਕਾਰੀ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਭਗੀਰਥ ਮੀਨਾ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਜਸਕੌਰ ਸਿੰਘ ਉਰਫ ਸੋਨੀ ਵਾਸੀ ਆਲਮਵਾਲਾ ਦੀ ਲਾਸ਼ 17 ਅਪਰੈਲ ਨੂੰ ਮਿਲੀ ਸੀ। ਇਸ ’ਤੇ ਪੁਲਿਸ ਨੇ ਮ੍ਰਿਤਕ ਦੀ ਭੈਣ ਕਿਰਨਦੀਪ ਉਰਫ਼ ਕਿਰਨ ਵਾਸੀ ਫਿੱਡੇ ਕਲਾਂ (ਕੋਟਕਪੂਰਾ) ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਸੀ ਪਰ ਬਾਅਦ ਵਿੱਚ ਭੈਣ ਨੇ ਫਿਰ ਬਿਆਨ ਦਿੱਤਾ ਕਿ ਉਸ ਦੇ ਭਰਾ ਦਾ ਕਤਲ ਉਸ ਦੀ ਹੀ ਪਤਨੀ ਨੇ ਆਪਣੇ ਸਾਥੀ ਨਾਲ ਮਿਲ ਕੇ ਕੀਤਾ ਹੈ।
ਭੈਣ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਕੁਲਦੀਪ ਕੌਰ ਤੇ ਜਗਮੀਤ ਸਿੰਘ ਖ਼ਿਲਾਫ਼ ਥਾਣਾ ਕਬਰਵਾਲਾ ਵਿੱਚ ਆਈਪੀਸੀ ਦੀ ਧਾਰਾ 302, 34 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਕੁਲਦੀਪ ਕੌਰ ਦੇ ਜਗਮੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਉਹ ਜਸਕੌਰ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸੀ।
ਐਸਐਸਪੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਕਿਸੇ ਵੀ ਸ਼ੱਕ ਤੋਂ ਬਚਣ ਲਈ ਮ੍ਰਿਤਕ ਨੂੰ ਉਲਟਾ ਲੇਟਾ ਦਿੱਤਾ ਗਿਆ ਤੇ ਉਸ ਦੇ ਨੇੜੇ ਇੱਕ ਟੀਕਾ ਰੱਖ ਦਿੱਤਾ ਤਾਂ ਜੋ ਹਰ ਕਿਸੇ ਨੂੰ ਲੱਗੇ ਕਿ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮ੍ਰਿਤਕ ਦਾ ਗਲਾ ਘੁੱਟਣ ਕਾਰਨ ਉਸ ਦੇ ਕੰਨਾਂ 'ਚੋਂ ਖੂਨ ਨਿਕਲਿਆ ਸੀ ਜਿਸ ਕਾਰਨ ਦੋਸ਼ੀ ਨੇ ਉਸ ਦੇ ਕੱਪੜੇ ਬਦਲ ਕੇ ਉਨ੍ਹਾਂ ਨੂੰ ਨਹਿਰ 'ਚ ਸੁੱਟ ਦਿੱਤਾ। ਪੁਲਿਸ ਨੇ ਇਹ ਕੱਪੜੇ ਵੀ ਬਰਾਮਦ ਕਰ ਲਏ ਹਨ। ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਲਈ ਹੈ।