ਨਵਜੰਮੇ ਬੱਚੇ ਨੂੰ ਵੇਚਣ ਦਾ ਸਨਸਨੀਖੇਜ਼ ਮਾਮਲਾ, ਪਿਤਾ ਤੇ ਚਾਚੀ ਨੇ ਕੀਤਾ 1 ਲੱਖ 'ਚ ਸੌਦਾ, ਜਾਣੋ ਪੂਰਾ ਮਾਮਲਾ
ਰੋਹਿਣੀ ਵਿੱਚ ਨਵਜੰਮੇ ਬੱਚੇ ਦੇ ਅਗਵਾ ਹੋਣ ਦੇ ਕਰੀਬ ਚਾਰ ਦਿਨ ਬਾਅਦ ਦਿੱਲੀ ਪੁਲਿਸ ਨੇ ਬੱਚੇ ਨੂੰ ਫਰੀਦਾਬਾਦ ਤੋਂ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਉਸ ਦੇ ਪਿਤਾ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Six Arrested In Connection With Kidnapping Child: ਰੋਹਿਣੀ ਵਿੱਚ ਨਵਜੰਮੇ ਬੱਚੇ ਦੇ ਅਗਵਾ ਹੋਣ ਦੇ ਕਰੀਬ ਚਾਰ ਦਿਨ ਬਾਅਦ ਦਿੱਲੀ ਪੁਲਿਸ ਨੇ ਬੱਚੇ ਨੂੰ ਫਰੀਦਾਬਾਦ ਤੋਂ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਉਸ ਦੇ ਪਿਤਾ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਨਵਜੰਮੇ ਬੱਚੇ ਦੀ ਚਾਚੀ ਸਮੇਤ ਦੋ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਮਾਂ ਦੇ ਭੋਜਨ ਵਿੱਚ ਨਸ਼ੀਲੇ ਪਦਾਰਥ ਮਿਲਾ ਦਿੱਤੇ ਤੇ ਉਸ ਦੇ ਸੌਣ ਤੋਂ ਬਾਅਦ ਬੱਚਾ ਅਗਵਾ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਵੇਚਣ ਵਾਲੇ ਮੁਲਜ਼ਮਾਂ ਕੋਲੋਂ ਹੁਣ ਤੱਕ ਪੰਜ ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਉਨ੍ਹਾਂ ਨੇ ਇੱਕ ਅਣਪਛਾਤਾ ਬੱਚਾ ਵੀ ਬਰਾਮਦ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ 3.36 ਵਜੇ ਘਟਨਾ ਬਾਰੇ ਇੱਕ 28 ਸਾਲਾ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੰਜ ਦਿਨ ਦਾ ਬੱਚਾ ਦੁਪਹਿਰ 12.30 ਵਜੇ ਦੇ ਕਰੀਬ ਘਰੋਂ ਲਾਪਤਾ ਹੋ ਗਿਆ। ਡੀਸੀਪੀ (ਰੋਹਿਣੀ) ਪ੍ਰਣਵ ਤਾਇਲ ਨੇ ਕਿਹਾ, 'ਮਾਂ ਨੇ ਹਰ ਜਗ੍ਹਾ ਭਾਲ ਕੀਤੀ ਪਰ ਬੱਚਾ ਕਿਤੇ ਨਹੀਂ ਮਿਲਿਆ। ਅਸੀਂ ਜਾਂਚ ਲਈ ਟੀਮਾਂ ਭੇਜੀਆਂ ਤੇ ਅਗਵਾ ਦਾ ਮਾਮਲਾ ਦਰਜ ਕਰ ਲਿਆ। ਕਈ ਸੀਸੀਟੀਵੀ ਦੇਖੇ ਗਏ ਤੇ ਅਸੀਂ ਦੇਖਿਆ ਕਿ ਦੋ ਔਰਤਾਂ ਲਾਪਤਾ ਬੱਚੇ ਨੂੰ ਘਰ ਦੇ ਬਾਹਰ ਲੈ ਜਾ ਰਹੀਆਂ ਸਨ।
ਬੱਚੇ ਨੂੰ ਵੇਚਣਾ ਚਾਹੁੰਦਾ ਸੀ ਪਿਤਾ
ਇੰਸਪੈਕਟਰ ਰਾਜੀਵ ਰੰਜਨ ਦੀ ਅਗਵਾਈ ਵਾਲੀ ਟੀਮ ਨੇ ਔਰਤ ਦੀ ਪਛਾਣ ਬੱਚੇ ਦੀ 30 ਸਾਲਾ ਚਾਚੀ ਵਜੋਂ ਕੀਤੀ, ਜੋ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ। ਪੁਲਿਸ ਨੇ ਕਿਹਾ ਕਿ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤੇ ਮੰਨਿਆ ਕਿ ਉਸ ਨੇ ਆਪਣੇ ਸਟੋਰ 'ਤੇ ਮਿਲੀ ਕਿਸੇ ਹੋਰ ਔਰਤ ਦੀ ਮਦਦ ਨਾਲ ਬੱਚੇ ਨੂੰ ਅਗਵਾ ਕੀਤਾ ਸੀ। ਪੁਲਿਸ ਨੇ ਕਿਹਾ ਕਿ ਦੋਵੇਂ 'ਆਸਾਨ ਪੈਸਾ' ਕਮਾਉਣਾ ਚਾਹੁੰਦੇ ਸਨ, ਤੇ ਬੱਚੇ ਦੇ ਪਿਤਾ ਨੂੰ ਵੀ ਸ਼ਾਮਲ ਕੀਤਾ ਸੀ।
ਅਧਿਕਾਰੀ ਨੇ ਦੱਸਿਆ ਕਿ ਪਿਤਾ ਆਪਣੇ ਕਾਰੋਬਾਰ ਵਿੱਚ ਘਾਟੇ ਦਾ ਸਾਹਮਣਾ ਕਰ ਰਿਹਾ ਸੀ ਤੇ ਪੈਸੇ ਕਮਾਉਣ ਲਈ ਆਪਣੇ ਬੱਚੇ ਨੂੰ ਵੇਚਣਾ ਚਾਹੁੰਦਾ ਸੀ। ਉਸ ਨੂੰ ਕਰੀਬ ਇੱਕ ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਯੋਜਨਾ ਦੇ ਅਨੁਸਾਰ ਇੱਕ ਦੋਸ਼ੀ ਨੇ ਬੱਚੇ ਦੀ ਮਾਂ ਨੂੰ ਜਣੇਪੇ ਤੋਂ ਬਾਅਦ ਆਪਣੇ ਘਰ ਰਹਿਣ ਲਈ ਬੁਲਾਇਆ। ਉਥੇ ਉਸ ਨੇ ਮਾਂ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੱਚੇ ਨੂੰ ਅਗਵਾ ਕਰ ਲਿਆ।