ਕਪੂਰਥਲਾ 'ਚ ਸਾਈਬਰ ਧੋਖਾਧੜੀ ਦਾ ਪਰਦਾਫਾਸ਼! ਹੋਟਲ 'ਚੋਂ 38 ਮੁਲਜ਼ਮ ਗ੍ਰਿਫਤਾਰ, ਲੱਖਾਂ ਰੁਪਏ ਅਤੇ ਸਾਮਾਨ ਜ਼ਬਤ, ਇੰਝ ਲੋਕਾਂ ਨੂੰ ਬਣਾਉਂਦੇ ਸੀ ਆਪਣਾ ਸ਼ਿਕਾਰ
ਕਪੂਰਥਲਾ ਸਾਈਬਰ ਕ੍ਰਾਈਮ ਟੀਮ ਤੇ ਫਗਵਾੜਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਟੀਮ ਵੱਲੋਂ ਇੱਕ ਵੱਡੇ ਸਾਈਬਰ ਫਰਾਡ ਰੈਕੇਟ ਭਾਂਡਾ ਫੋੜ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਕੋਲੋ ਵੱਡੀ ਗਿਣਤੀ ਚ ਨਕਦੀ ਦੇ ਨਾਲ 40 ਲੈਪਟਾਪ, 67 ਮੋਬਾਈਲ

ਪੰਜਾਬ ਦੇ ਕਪੂਰਥਲਾ ਵਿੱਚ ਸਾਇਬਰ ਕਰਾਈਮ ਟੀਮ ਅਤੇ ਫਗਵਾੜਾ ਪੁਲਿਸ ਨੇ ਰਾਤ ਦੇ ਸਮੇਂ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਹੋਟਲ ਦੇ ਪਾਰਟੀ ਹਾਲ ਤੋਂ ਚਲ ਰਹੇ ਫਰਜ਼ੀ ਕੋਲ ਸੈਂਟਰ ‘ਤੇ ਛਾਪਾ ਮਾਰ ਕੇ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ 32 ਮਰਦ ਅਤੇ 6 ਔਰਤਾਂ ਸ਼ਾਮਲ ਹਨ।
ਆਰੋਪੀਆਂ ਦਾ ਨੈਟਵਰਕ ਕਈ ਰਾਜਾਂ ਤੱਕ ਫੈਲਿਆ ਹੋਇਆ ਸੀ, ਜਿਨ੍ਹਾਂ ਵਿੱਚ ਦਿੱਲੀ, ਹਰਿਆਣਾ, ਉੱਤਰਾਖੰਡ, ਝਾਰਖੰਡ, ਨਾਗਾਲੈਂਡ, ਜੰਮੂ-ਕਸ਼ਮੀਰ, ਮੇਘਾਲੇਅ, ਪੱਛਮੀ ਬੰਗਾਲ ਅਤੇ ਪੰਜਾਬ ਸ਼ਾਮਲ ਹਨ।
ਇਹ ਗੈਂਗ ਲੋਕਾਂ ਨੂੰ ਬੈਂਕ ਜਾਂ ਟੈਕ ਕੰਪਨੀ ਦੇ ਕਰਮਚਾਰੀ ਬਣ ਕੇ ਫੋਨ ਕਰਦਾ ਸੀ। ਫਿਰ ਸਕ੍ਰੀਨ ਸ਼ੇਅਰਿੰਗ ਐਪ ਰਾਹੀਂ ਮੋਬਾਈਲ ਜਾਂ ਕੰਪਿਊਟਰ ਹੈਕ ਕਰ ਲੈਂਦਾ ਸੀ। ਇਸ ਤੋਂ ਬਾਅਦ ਲੋਕਾਂ ਦੀਆਂ ਬੈਂਕ ਡੀਟੇਲ ਅਤੇ ਪਾਸਵਰਡ ਲੈ ਕੇ ਲੱਖਾਂ ਰੁਪਏ ਦੀ ਔਨਲਾਈਨ ਠੱਗੀ ਕਰਦਾ ਸੀ।
ਪੁਲਿਸ ਨੇ ਮੌਕੇ ਤੋਂ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਸਾਰੇ ਆਰੋਪੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਲੈਪਟਾਪ, ਮੋਬਾਈਲ ਅਤੇ ਨਕਦ ਜ਼ਬਤ
ਸਾਇਬਰ ਕਰਾਈਮ ਥਾਣਾ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਨੂੰ ਰਾਤ ਦੇ ਸਮੇਂ ਗੁਪਤ ਸੂਚਨਾ ਮਿਲੀ ਕਿ ਫਗਵਾੜਾ ਦੇ ਚਹਿਲ ਨਗਰ ਵਿੱਚ ਸਥਿਤ ਤਾਜ ਵਿਲਾਸ ਐਂਡ ਹੋਟਲ ਦੀ ਪਹਿਲੀ ਮੰਜਿਲ ‘ਤੇ ਪਾਰਟੀ ਹਾਲ ਵਿੱਚ ਫਰਜ਼ੀ ਕੋਲ ਸੈਂਟਰ ਚਲਾਇਆ ਜਾ ਰਿਹਾ ਹੈ। ਸੂਚਨਾ ਵਿੱਚ ਇਹ ਵੀ ਦੱਸਿਆ ਗਿਆ ਕਿ ਇੱਥੇ ਵੱਡੇ ਪੱਧਰ ਤੇ ਸਾਇਬਰ ਠੱਗੀ ਹੋ ਰਹੀ ਹੈ ਅਤੇ ਕਈ ਨੌਜਵਾਨ ਇਸ ਵਿੱਚ ਸ਼ਾਮਲ ਹਨ।
ਸੂਚਨਾ ਮਿਲਣ ਤੇ ਇੰਸਪੈਕਟਰ ਅਮਨਦੀਪ ਕੌਰ ਨੇ ਡੀਐਸਪੀ ਭਾਰਤ ਭੂਸ਼ਣ ਨੂੰ ਜਾਣੂ ਕਰਾਇਆ। ਫਗਵਾੜਾ ਪੁਲਿਸ ਅਤੇ ਸਾਇਬਰ ਕਰਾਈਮ ਟੀਮ ਨੂੰ ਅਲਰਟ ਕਰਕੇ ਸੰਯੁਕਤ ਕਾਰਵਾਈ ਦਾ ਫੈਸਲਾ ਕੀਤਾ ਗਿਆ। ਟੀਮ ਨੂੰ ਸਰਕਾਰੀ ਅਤੇ ਨਿੱਜੀ ਵਾਹਨਾਂ ਵਿੱਚ ਰਵਾਨਾ ਕੀਤਾ ਗਿਆ ਤਾਂ ਕਿ ਹੋਟਲ ‘ਤੇ ਅਚਾਨਕ ਛਾਪਾ ਮਾਰੀ ਜਾ ਸਕੇ।
ਛਾਪੇਮਾਰੀ ਦੌਰਾਨ ਹੜਕੰਪ ਮਚ ਗਿਆ। ਪੁਲਿਸ ਟੀਮ ਰਾਤ ਦੇ ਸਮੇਂ ਹੋਟਲ ਪਹੁੰਚੀ ਅਤੇ ਪਾਰਟੀ ਹਾਲ ਵਿੱਚ ਛਾਪੇਮਾਰੀ ਕੀਤੀ। ਅੰਦਰ ਲਗਭਗ 31 ਕੰਪਿਊਟਰ ਕੈਬਿਨਾਂ ਵਿੱਚ ਨੌਜਵਾਨ ਲੈਪਟਾਪ ‘ਤੇ ਕੰਮ ਕਰਦੇ ਮਿਲੇ। ਪੁਲਿਸ ਨੂੰ ਵੇਖਦੇ ਹੀ ਉੱਥੇ ਹਫੜਾ-ਦਫੜੀ ਮਚ ਗਈ।
ਛਾਪੇਮਾਰੀ ਦੌਰਾਨ ਪੁਲਿਸ ਨੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ। ਇਹ ਰੈਕੇਟ ਸਾਈਬਰ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਲੋਕ ਆਨਲਾਈਨ ਠੱਗੀ ਦੇ ਕਈ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਸਨ, ਜਿਸ ਵਿੱਚ ਲੋਕਾਂ ਨੂੰ ਬੇਕੂਫ ਬਣਾ ਕੇ ਠੱਗਿਆ ਜਾਂਦਾ ਸੀ।ਲੈਪਟਾਪ ਅਤੇ ਮੋਬਾਈਲਾਂ ਤੋਂ ਮਿਲੀ ਜਾਣਕਾਰੀ ਅਧਾਰ ‘ਤੇ ਪੁਲਿਸ ਹੁਣ ਹੋਰ ਸ਼ਖਸਾਂ ਅਤੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਹ ਕਾਰਵਾਈ ਸਾਈਬਰ ਜਗਤ ਵਿੱਚ ਵੱਧ ਰਹੀ ਠੱਗੀ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਹੈ।
ਆਈਟੀ ਐਕਟ ਅਧਾਰਾਂ 'ਤੇ ਕੇਸ ਦਰਜ, ਪੁਲਿਸ ਜਾਂਚ ਵਿੱਚ ਲੱਗੀ
ਇਹ ਕੇਸ ਕਪੂਰਥਲਾ ਸਾਇਬਰ ਕਰਾਈਮ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਆਰੋਪੀਆਂ ਖ਼ਿਲਾਫ਼ ਆਈਟੀ ਐਕਟ 2000 ਦੀਆਂ ਧਾਰਾਵਾਂ 66C ਅਤੇ 66D ਦੇ ਨਾਲ-ਨਾਲ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 111, 318(4) ਅਤੇ 61(2) ਅਧੀਨ ਕੇਸ ਦਰਜ ਕੀਤਾ ਹੈ।
ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਲੱਗੀ ਹੈ ਕਿ ਇਸ ਫਰਜ਼ੀ ਕੋਲ ਸੈਂਟਰ ਰਾਹੀਂ ਕਿੰਨੇ ਲੋਕਾਂ ਤੋਂ ਠੱਗੀ ਕੀਤੀ ਗਈ ਅਤੇ ਠੱਗੀ ਦਾ ਪੈਸਾ ਕਿਹੜੇ-ਕਿਹੜੇ ਖਾਤਿਆਂ ਵਿੱਚ ਟਰਾਂਸਫਰ ਹੋਇਆ।






















