ਜ਼ਬਰ ਜਨਾਹ ਦੇ ਮਾਮਲੇ 'ਚ ਪੰਜਾਬ ਪੁਲਿਸ ਦਾ SP ਗ੍ਰਿਫਤਾਰ
ਪੁਲਿਸ ਜ਼ਿਲ੍ਹਾ ਗੁਰਦਾਸਪੁਰ 'ਚ ਤਾਇਨਾਤ ਐਸਪੀ (ਹੈਡਕੁਆਰਟਰ) ਗੁਰਮੀਤ ਸਿੰਘ ਨੂੰ ਜ਼ਬਰ ਜਨਾਹ ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਗੁਰਦਾਸਪੁਰ: ਪੁਲਿਸ ਜ਼ਿਲ੍ਹਾ ਗੁਰਦਾਸਪੁਰ 'ਚ ਤਾਇਨਾਤ ਐਸਪੀ (ਹੈਡਕੁਆਰਟਰ) ਗੁਰਮੀਤ ਸਿੰਘ ਨੂੰ ਜ਼ਬਰ ਜਨਾਹ ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਇਸ ਹਾਈ ਪ੍ਰੋਫਾਈਲ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਮੋਗਾ ਪੁਲਿਸ ਵਲੋਂ ਗੁਰਮੀਤ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਅਦਾਲਤ ਵਿੱਚ ਕਿਸੇ ਪੇਸ਼ੀ 'ਤੇ ਗਿਆ ਸੀ।
ਜਾਣਕਾਰੀ ਅਨੁਸਾਰ ਦੀਨਾਨਗਰ ਦੀ ਇੱਕ ਔਰਤ ਵੱਲੋਂ ਐਸਪੀ ਉੱਪਰ ਜ਼ਬਰ ਜਨਾਹ ਦਾ ਦੋਸ਼ ਲਾਇਆ ਗਿਆ ਸੀ। ਇਸ ਸ਼ਿਕਾਇਤ ਦੇ ਅਧਾਰ 'ਤੇ ਐੱਸਪੀ ਗੁਰਮੀਤ ਸਿੰਘ ਖਿਲਾਫ਼ ਗੁਰਦਾਸਪੁਰ ਸਿਟੀ ਥਾਣੇ ਵਿਚ 2 ਜੁਲਾਈ ਨੂੰ ਧਾਰਾ 376 (2) (ਇੱਕ ਪੁਲਿਸ ਅਧਿਕਾਰੀ ਵੱਲੋਂ ਆਪਣੇ ਸਰਕਾਰੀ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਜ਼ਬਰ ਜਨਾਹ ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਕੱਤਰ ਜਾਣਕਾਰੀ ਅਨੁਸਾਰ ਇਹ ਮਾਮਲਾ ਅਪਰੈਲ ਤੋਂ ਜਾਂਚ ਅਧੀਨ ਸੀ ਜਦੋਂ ਔਰਤ ਨੇ ਪਹਿਲੀ ਵਾਰ ਦਾਅਵਾ ਕੀਤਾ ਸੀ ਕਿ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ ਹੈ। ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਜਿਸਦੀ ਜਾਂਚ ਦੇ ਸਿਲਸਿਲੇ ਵਿੱਚ ਉਕਤ ਐਸਪੀ ਉਸਦੇ ਸੰਪਰਕ ਵਿੱਚ ਸੀ।
ਔਰਤ ਵੱਲੋਂ ਗੁਰਮੀਤ ਸਿੰਘ 'ਤੇ ਲਾਏ ਦੋਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਦੇ ਨਿਰਦੇਸ਼ਾਂ 'ਤੇ ਵਿਸ਼ੇਸ਼ ਜਾਂਚ ਟੀਮ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ।ਐਸਆਈਟੀ ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐਸਐਸਪੀ ਸਵਰਨਦੀਪ ਸਿੰਘ ਕਰ ਰਹੇ ਸਨ।
ਮੁਢਲੀ ਜਾਂਚ ਉਪਰੰਤ ਐਸਪੀ ਖ਼ਿਲਾਫ਼ 2 ਜੁਲਾਈ ਨੂੰ ਥਾਣਾ ਸਿਟੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ।ਅੱਜ ਸਵੇਰੇ ਉਸਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿੱਥੇ ਉਹ ਅਦਾਲਤ ਵਿੱਚ ਪੇਸ਼ੀ ਲਈ ਗਿਆ ਸੀ। ਇਸ ਗ੍ਰਿਫ਼ਤਾਰੀ ਵਿੱਚ ਅੰਮ੍ਰਿਤਸਰ (ਦਿਹਾਤੀ) ਅਤੇ ਮੋਗਾ ਪੁਲੀਸ ਦੀ ਸਾਂਝੀ ਟੀਮ ਨੇ ਅਹਿਮ ਯੋਗਦਾਨ ਪਾਇਆ।
ਡੀਐਸਪੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਕੌਰ, ਜੋ ਦੋਵੇਂ ਐਸਆਈਟੀ ਦੇ ਮੈਂਬਰ ਸਨ, ਇਸ ਅਧਿਕਾਰੀ ਨੂੰ ਹਿਰਾਸਤ ਵਿੱਚ ਲੈਣ ਉਚੇਚੇ ਤੌਰ 'ਤੇ ਮੋਗਾ ਗਏ ਸੀ।