Crime News: ਜੰਗਲ ਰਾਜ! ਆਪਣੀ ਜ਼ਮੀਨ ’ਚੋਂ ਰੁੱਖ ਵੱਢਣੋਂ ਰੋਕਿਆ ਤਾਂ ਕੱਟ ਦਿੱਤਾ ਦਲਿਤ ਨੌਜਵਾਨ ਦਾ ਗੁਪਤ ਅੰਗ
ਜਾਣਕਾਰੀ ਮੁਤਾਬਕ ਘਟਨਾ ਤੋਂ ਦੋ ਦਿਨ ਬਾਅਦ 16 ਜੂਨ ਨੂੰ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਅਤੇ ਐਸਸੀ/ਐਸਟੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਦੋ ਮੁਲਜ਼ਮਾਂ ਵਿਕਰਮ ਸਿੰਘ ਠਾਕੁਰ ਤੇ ਭੂਰੇ ਠਾਕੁਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ
Crime News: ਉੱਤਰ ਪ੍ਰਦੇਸ਼ ਵਿੱਚੋਂ ਇੱਕ ਹੋਰ ਜੰਗਲ ਰਾਜ ਦੀ ਮਿਸਾਲ ਸਾਹਮਣੇ ਆਈ ਹੈ। ਏਟਾ ਜ਼ਿਲ੍ਹੇ ਵਿੱਚ 32 ਸਾਲਾ ਦਲਿਤ ਵਿਅਕਤੀ ਦੇ ਗੁਪਤ ਅੰਗ ਨੂੰ ਉੱਚ ਜਾਤੀ ਦੇ ਲੋਕਾਂ ਨੇ ਕਥਿਤ ਤੌਰ ’ਤੇ ਉਸ ਵੇਲੇ ਕੱਟ ਦਿੱਤਾ, ਜਦੋਂ ਉਸ ਨੇ ਆਪਣੀ ਜ਼ਮੀਨ ’ਚੋਂ ਦਰੱਖਤ ਵੱਢਣ ਤੋਂ ਉਨ੍ਹਾਂ ਰੋਕਿਆ। ਇਸ ਬਾਰੇ ਪੀੜਤ ਸਤੇਂਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਚਾਰ ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਵੀ ਕੁਹਾੜੀ ਨਾਲ ਮਾਰਿਆ ਗਿਆ ਤੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਸ਼ਿਕਾਇਤਕਰਤਾ ਸਦਮੇ ਵਿੱਚ ਹੈ। ਉੱਤਰ ਪ੍ਰਦੇਸ਼ ਦਲਿਤਾਂ ਉੱਪਰ ਅੱਤਿਆਚਾਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਘਟਨਾ ਤੋਂ ਦੋ ਦਿਨ ਬਾਅਦ 16 ਜੂਨ ਨੂੰ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਅਤੇ ਐਸਸੀ/ਐਸਟੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਦੋ ਮੁਲਜ਼ਮਾਂ ਵਿਕਰਮ ਸਿੰਘ ਠਾਕੁਰ ਤੇ ਭੂਰੇ ਠਾਕੁਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਥਾਣਾ ਕੋਤਵਾਲੀ ਦੇਹਾਤ ਦੇ ਐਸਐਚਓ ਸ਼ੰਭੂਨਾਥ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫਰਾਰ ਹਨ। ਪੀੜਤ ਦੋ ਬੱਚਿਆਂ ਦੇ ਪਿਤਾ ਹੈ।
ਪੀੜਕ ਨੇ ਦੱਸਿਆ, ‘ਉੱਚ ਜਾਤੀ ਦੇ ਲੋਕ 14 ਜੂਨ ਨੂੰ ਮੇਰੀ ਜ਼ਮੀਨ 'ਤੇ ਦਰੱਖਤ ਕੱਟ ਰਹੇ ਸਨ। ਜਦੋਂ ਮੈਂ ਇਤਰਾਜ਼ ਕੀਤਾ ਤਾਂ ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਤੇ ਜਾਤੀ ਸੂਚਕ ਗਾਲਾਂ ਕੱਢੀਆਂ। ਵਿਕਰਮ ਤੇ ਭੂਰੇ ਨੇ ਮੈਨੂੰ ਫੜ ਲਿਆ ਤੇ ਬੇਰਹਿਮੀ ਨਾਲ ਕੁੱਟਿਆ। ਵਿਕਰਮ ਨੇ ਚਾਕੂ ਕੱਢਿਆ ਤੇ ਮੇਰੇ ਗੁਪਤ ਅੱਗ ਕੱਟਣ ਦਿੱਤਾ ਤੇ ਜ਼ਖ਼ਮ 'ਤੇ 12 ਟਾਂਕੇ ਲੱਗੇ ਹਨ।
ਉਸ ਨੇ ਦੱਸਿਆ ਕਿ ਮਦਦ ਲਈ ਮੇਰੀਆਂ ਚੀਕਾਂ ਸੁਣ ਕੇ ਚਾਰ ਮਹੀਨਿਆਂ ਦੀ ਗਰਭਵਤੀ ਪਤਨੀ ਦੌੜ ਆਈ। ਭੂਰੇ ਨੇ ਉਸ 'ਤੇ ਕੁਹਾੜੀ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੇ ਖੱਬੇ ਗੁੱਟ 'ਤੇ ਸੱਟ ਲੱਗ ਗਈ। ਜਦੋਂ ਅਸੀਂ ਉਨ੍ਹਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਘਰ ਵਿਚ ਵੜ ਕੇ ਮੇਰੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ।’
ਪੀੜਤ ਦੀ ਪਤਨੀ ਪੂਜਾ ਨੇ ਕਿਹਾ, ‘ਅਸੀਂ ਪੁਲਿਸ ਕੋਲ ਪਹੁੰਚ ਕੀਤੀ ਪਰ ਸਾਡੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਅਸੀਂ ਆਪਣੀ ਐਫਆਈਆਰ ਦਰਜ ਕਰਵਾਉਣ ਲਈ ਵਕੀਲ ਨਾਲ ਸੰਪਰਕ ਕੀਤਾ। ਹੁਣ ਅਸੀਂ ਪਿੰਡ ਵਿੱਚ ਨਹੀਂ ਰਹਿ ਰਹੇ। ਮੁਲਜ਼ਮ ਦੇ ਰਿਸ਼ਤੇਦਾਰ ਸਾਨੂੰ ਧਮਕੀਆਂ ਦੇ ਰਹੇ ਹਨ ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ। ਡੀਐਸਪੀ ਵਿਕਰਾਂਤ ਦਿਵੇਦੀ ਨੇ ਕਿਹਾ ਕਿ ਗੁਪਤ ਅੰਗ ਨੂੰ ਚਾਕੂ ਨਾਲ ਵੱਢਣ ਦਾ ਦੋਸ਼ ਗਲਤ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।