Amritsar News: ਸਜ਼ਾ ਪੂਰੀ ਹੋਣ ਮਗਰੋਂ ਵੀ ਜੇਲ੍ਹਾਂ 'ਚ ਬੰਦ 22 ਸਿੱਖ, ਸੰਘਰਸ਼ ਦੇ ਬਾਵਜੂਦ ਕੇਂਦਰ ਤੇ ਪੰਜਾਬ ਸਰਕਾਰ ਖਾਮੋਸ਼
ਬੰਦੀ ਸਿੱਖਾਂ ਦੀ ਰਿਹਾਈ ਲਈ ਹੁਣ ਹਵਾਰਾ ਕਮੇਟੀ ਸਣੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਲਾਇਆ ਗਿਆ ਹੈ। ਹਾਲ ਹੀ ਵਿੱਚ ਇਸ ਧਰਨੇ ਦੌਰਾਨ ਹਿੰਸਕ ਘਟਨਾ ਵੀ ਵਾਪਰ ਚੁੱਕੀ ਹੈ
Amritsar News: ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਪੰਜਾਬ ਵਿੱਚ ਦੋ ਵੱਖ-ਵੱਖ ਮੁਹਿੰਮਾਂ ਚੱਲ ਰਹੀਆਂ ਹਨ ਪਰ ਇਸ ਮਾਮਲੇ ਵਿੱਚ ਹੁਣ ਤੱਕ ਕੇਂਦਰ ਜਾਂ ਕਿਸੇ ਸੂਬਾ ਸਰਕਾਰ ਵੱਲੋਂ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ 22 ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਨੌਂ ਨੇ 25 ਤੋਂ 30 ਸਾਲ ਜੇਲ੍ਹਾਂ ਵਿੱਚ ਬਿਤਾਏ ਹਨ ਤੇ ਬਾਕੀ 6 ਤੋਂ 10 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਹੁਣ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸ਼੍ਰੋਮਣੀ ਕਮੇਟੀ ਲੋਕਾਂ ਕੋਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਵਾਲੇ 16 ਲੱਖ ਤੋਂ ਵੱਧ ਪ੍ਰੋਫਾਰਮੇ ਭਰਵਾ ਚੁੱਕੀ ਹੈ ਜੋ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਮੰਗ ਦੇ ਸਬੰਧ ਵਿੱਚ ਬੰਦੀ ਸਿੱਖਾਂ ਦੇ ਵੇਰਵੇ ਵਾਲੇ ਪੱਤਰ ਵੀ ਕੇਂਦਰ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੰਗ ਦੇ ਸਬੰਧ ਵਿਚ ਕੇਂਦਰ ਸਰਕਾਰ ਤੋਂ ਇਲਾਵਾ ਦਿੱਲੀ ਤੇ ਕਰਨਾਟਕ ਸਰਕਾਰ ਨੂੰ ਵੀ ਪੱਤਰ ਭੇਜੇ ਗਏ ਸਨ ਪਰ ਉਨ੍ਹਾਂ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਨਾਲ ਹੀ ਕਾਨੂੰਨੀ ਚਾਰਾਜੋਈ ਵੀ ਜਾਰੀ ਹੈ।
ਬੰਦੀ ਸਿੱਖਾਂ ਦੀ ਰਿਹਾਈ ਲਈ ਹੁਣ ਹਵਾਰਾ ਕਮੇਟੀ ਸਣੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਲਾਇਆ ਗਿਆ ਹੈ। ਹਾਲ ਹੀ ਵਿੱਚ ਇਸ ਧਰਨੇ ਦੌਰਾਨ ਹਿੰਸਕ ਘਟਨਾ ਵੀ ਵਾਪਰ ਚੁੱਕੀ ਹੈ ਪਰ ਇਸ ਧਰਨੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧ ਰਹੀ ਹੈ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਆਖਿਆ ਕਿ ਹੁਣ ਤੱਕ ਭਾਵੇਂ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਹੈ ਪਰ ਮੋਰਚੇ ਵੱਲੋਂ ਜਲਦੀ ਹੀ ਸਿੱਖ ਸ਼ਕਤੀ ਇਕਜੁੱਟ ਕਰਨ ਲਈ ਯਤਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਨੌਂ ਬੰਦੀ ਸਿੱਖਾਂ ਦੀ ਸੂਚੀ ਵਿੱਚ ਸ਼ਾਮਲ ਗੁਰਦੀਪ ਸਿੰਘ ਖੇੜਾ ਨੂੰ ਪੈਰੋਲ ਛੁੱਟੀ ’ਤੇ ਰਿਹਾਅ ਕੀਤਾ ਗਿਆ ਹੈ। ਇਸ ਮਗਰੋਂ ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਸਿਆਸੀ ਪੱਧਰ ’ਤੇ ਹੀ ਹੋ ਸਕਦੀ ਹੈ।