ਨਕੋਦਰ ਬੇਅਦਬੀ ਮਾਮਲੇ ਦਾ 37 ਸਾਲ ਬਾਅਦ ਵੀ ਨਹੀਂ ਮਿਲਿਆ ਇਨਸਾਫ, ਪੀੜਤਾਂ ਨੇ ਸੀਐਮ ਭਗਵੰਤ ਮਾਨ ਨੂੰ ਮੁੜ ਲਿਖਿਆ ਪੱਤਰ
ਦੱਸ ਦਈਏ ਕਿ ਨਕੋਦਰ ਗੋਲੀ ਕਾਂਡ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਸਾਢੇ 19 ਸਾਲ ਦੇ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ 10 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਪੱਤਰ ਲਿਖਿਆ ਸੀ
Jalandhar News: ਨਕੋਦਰ ਵਿੱਚ 37 ਸਾਲ ਪਹਿਲਾਂ ਬੇਅਦਬੀ ਕਾਰਨ ਵਾਪਰੇ ਗੋਲੀਕਾਂਡ ’ਚ ਇਨਸਾਫ ਮੰਗ ਰਹੇ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਪੱਤਰ ਲਿਖਿਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਭੇਜਿਆ ਪੱਤਰ ਬਿਨਾਂ ਪੜ੍ਹੇ ਹੀ ਗ੍ਰਹਿ ਸਕੱਤਰ ਨੂੰ ਭੇਜ ਦਿੱਤਾ ਹੈ।
ਦੱਸ ਦਈਏ ਕਿ ਨਕੋਦਰ ਗੋਲੀ ਕਾਂਡ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਨੌਜਵਾਨਾਂ ਵਿੱਚ ਸ਼ਾਮਲ ਸਾਢੇ 19 ਸਾਲ ਦੇ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ 10 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਪੱਤਰ ਲਿਖਿਆ ਸੀ। ਇਸ ਸਬੰਧੀ ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਸਰਕਾਰ ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਵਿੱਚ ਇਨਸਾਫ਼ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਪਰ ਨਕੋਦਰ ਦੇ ਪੀੜਤ ਪਰਿਵਾਰਾਂ ਨੇ ਹਾਲ ਹੀ ਵਿੱਚ ਮਾਨ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਇਨਸਾਫ਼ ਲਈ ਮਦਦ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ 13 ਹਜ਼ਾਰ 520 ਦਿਨਾਂ ਤੋਂ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਉਡੀਕ ਕਰ ਰਹੇ ਹਨ, ਪਰ ਅਜੇ ਤੱਕ ਇਨਸਾਫ ਲਈ ਉਨ੍ਹਾਂ ਦੀਆਂ ਅਪੀਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯਕੀਨੀ ਬਣਾਉਣਾ ਮੁੱਖ ਮੰਤਰੀ ਦੀ ਜ਼ਿੰਮੇਵਾਰ ਬਣਦੀ ਹੈ ਕਿ ਇਸ ਕੇਸ ਵੱਲ ਓਨਾ ਧਿਆਨ ਦਿੱਤਾ ਜਾਵੇ ਜਿਸ ਦਾ ਉਹ ਹੱਕਦਾਰ ਹੈ ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਲਿੱਤਰਾਂ ਨੇ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਸਾੜ ਦਿੱਤੇ ਗਏ ਸਨ। ਇਸ ਦੇ ਰੋਸ ਵਜੋਂ ਸਿੱਖ ਸੰਗਤਾਂ 4 ਫਰਵਰੀ 1986 ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਪੁਲੀਸ ਨੇ ਚਿਤਾਵਨੀ ਦਿੱਤੇ ਬਗੈਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚਾਰ ਨਿਹੱਥੇ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆ ਤੇ ਹਰਮਿੰਦਰ ਸਿੰਘ ਰਾਏਪੁਰ ਚਾਲੂਪਰ ਸ਼ਹੀਦ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਰਿਪੋਰਟ ਦੇ ਦੋ ਹਿੱਸੇ ਸਨ। ਇੱਕ ਹਿੱਸਾ ਤਾਂ ਉਨ੍ਹਾਂ ਨੂੰ ਮਿਲ ਗਿਆ ਹੈ ਪਰ ਦੂਜਾ ਹਿੱਸਾ ਜਿਸ ਵਿੱਚ ਐਸਐਸਪੀ ਤੇ ਡਿਪਟੀ ਕਮਿਸ਼ਨਰ ਵਿਰੁੱਧ ਹਲਫੀਆ ਬਿਆਨ ਸਨ, ਉਹ ਹਿੱਸਾ ਗਾਇਬ ਕਰ ਦਿੱਤਾ ਗਿਆ ਹੈ।