Amritsar News: ਆਧਾਰ ਕਾਰਡ ਬਣਾਉਣ ਵਾਲੇ ਵਿਭਾਗ ਦੀ ਉੱਪ ਮਹਾਨਿਰਦੇਸ਼ਕ ਭਾਵਨਾ ਗਰਗ ਨੇ ਕਿਹਾ ਕਿ 10 ਸਾਲ ਪਹਿਲਾਂ (2015 ਤੋਂ ਪਹਿਲਾਂ) ਬਣੇ ਆਧਾਰ ਕਾਰਡ ਨੂੰ ਸ਼ਨਾਖ਼ਤ ਤੇ ਘਰ ਦੇ ਪਤੇ ਦੇ ਦਸਤਾਵੇਜ਼ ਨਾਲ ਅਪਡੇਟ ਕਰਨਾ ਲਾਜ਼ਮੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ।


ਜ਼ਿਲ੍ਹਾ ਨਿਗਰਾਨ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ’ਚ 0-5 ਤੇ 6-15 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਸਮੀਖਿਆ ਕਰਨ ਪੁੱਜੇ ਉੱਪ ਮਹਾਂਨਿਰਦੇਸ਼ਕ ਆਧਾਰ ਨੇ ਕਿਹਾ ਕਿ ਸਰਕਾਰੀ ਅਦਾਰਿਆਂ ’ਚ ਆਧਾਰ ਦੀ ਵਰਤੋਂ ਕਰਨ ਵੇਲੇ ਸਬੰਧਤ ਅਧਿਕਾਰੀ ਕਿਊ ਆਰ ਕੋਡ ਐਪ ਰਾਹੀਂ ਆਧਾਰ ਦੇ ਅਸਲੀ/ਨਕਲੀ ਹੋਣ ਦੀ ਜ਼ਰੂਰ ਜਾਂਚ ਕਰ ਲੈਣ। ਜੇਕਰ ਕਿਊ ਆਰ ਕੋਡ ਐਪ ਨਾਲ ਜਾਂਚ ਕਰਨ ’ਤੇ ਆਧਾਰ ਕਾਰਡ ਫ਼ਰਜ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਤੁਰੰਤ ਜਾਅਲਸਾਜ਼ੀ ਦਾ ਪਰਚਾ ਦਰਜ ਕਰਵਾਇਆ ਜਾਵੇ।


ਉਨ੍ਹਾਂ ਜ਼ਿਲ੍ਹੇ ’ਚ ਨਵਜੰਮੇ ਬੱਚਿਆਂ ਦੇ ਆਧਾਰ ਪੰਜੀਕਰਣ ਲਈ ਸਿਹਤ ਸੰਸਥਾਂਵਾਂ ’ਚ ਹੀ ਪੰਜੀਕਰਣ ਦੇ ਪ੍ਰਬੰਧ ਕਰਨ ਲਈ ਆਖਿਆ। 6-15 ਸਾਲ ਉੁਮਰ ਵਰਗ ਦੇ 100 ਫ਼ੀਸਦੀ ਪੰਜੀਕਰਣ ਲਈ ਮੀਟਿੰਗ ’ਚ ਮੌਜੂਦ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਤੇਜ਼ੀ ਲਿਆਉਣ ਲਈ ਆਖਿਆ। ਜੇਕਰ ਕਿਸੇ ਦਾ 0-5 ਸਾਲ ਵਰਗ ’ਚ ਪਹਿਲਾਂ ਹੀ ਆਧਾਰ ਪੰਜੀਕਰਣ ਹੋਇਆ ਹੈ ਤਾਂ 6-15 ਸਾਲ ਵਰਗ ’ਚ ਉਸ ਦੇ ਬਾਇਓਮੈਟਿਰਕ ਵੀ ਅਪਡੇਟ ਕੀਤੇ ਜਾਣ।


ਉਨ੍ਹਾਂ ਕਿਹਾ ਕਿ ਆਧਾਰ ਕਾਰਡ ਦੀ ਕਾਪੀ ਦਫ਼ਤਰੀ ਰਿਕਾਰਡ ’ਚ ਨਾ ਲਾਈ ਜਾਵੇ ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ ਅਤੇ ਉੁਸ ਦੀ ਥਾਂ ਆਧਾਰ ਦੇ ਆਖਰੀ ਚਾਰ ਅੰਕ ਜਾਂ ‘ਵਰਚੂਅਲ ਆਧਾਰ’ ਵਰਤਿਆ ਜਾ ਸਕਦਾ ਹੈ। ਪ੍ਰਵਾਸੀ ਭਾਰਤੀਆਂ ਦੇ ਮਾਮਲੇ ਬਾਰੇ ਗੱਲ ਕਰਦਿਆ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪ੍ਰਵਾਸੀ ਭਾਰਤੀਆਂ ਕੋਲ ਭਾਰਤੀ ਪਾਸਪੋਰਟ ਹੈ, ਦਾ ਆਧਾਰ ਪੰਜੀਕਰਣ ਫ਼ਾਰਮ 23 ਭਰਵਾਉਣ ਤੇ ਵਿਦੇਸ਼ੀ ਪਾਸਪੋਰਟ ਧਾਰਕ ਭਾਰਤੀ ਨਾਗਰਿਕ ਦਾ ਪਾਸਪੋਰਟ, ਉਸ ਦੇ ਘੱਟੋ-ਘੱਟ 180 ਦਿਨ ਭਾਰਤ ’ਚ ਰਹਿਣ ਵਾਲੇ ਪਤੇ ਦੇ ਆਧਾਰ ’ਤੇ ਹੀ ਬਣ ਸਕਣਗੇ। 


ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਆਖਿਆ ਕਿ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਆਧਾਰ ਕਾਰਡ ਬਣਾਉਣ ਲਈ ਪੁਲਿਸ ਜਾਂਚ ਕੀਤੀ ਜਾਵੇਗੀ। ਮੀਟਿੰਗ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।