ਆਗੂ ਪ੍ਰਿਤਪਾਲ ਬੱਲ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ:ਮਜੀਠੀਆ
ਮਜੀਠੀਆ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਖਾਸ ਤੌਰ ’ਤੇ ਨਾਬਾਲਗ ਲੜਕੀ ਨਾਲ ਛੇੜਖਾਨੀ ਵਿਚ ਪ੍ਰਿਤਪਾਲ ਦੀ ਭੂਮਿਕਾ ਦੀ ਜਾਂਚ ਵਾਸਤੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਜਾਵੇ।

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ 15 ਸਾਲਾਂ ਦੀ ਨਾਬਾਲਗ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮਜੀਠਾ ਬਲਾਕ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਬੱਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਮਜੀਠੀਆ ਨੇ ਕਿਹਾ ਕਿ ਬਜਾਏ ਪ੍ਰਿਤਪਾਲ ਸਿੰਘ ਬੱਲ ਨੂੰ ਨਾਬਾਲਗ ਲੜਕੀ ਦੀ ਸ਼ਿਕਾਇਤ ਮੁਤਾਬਕ ਕੇਸ ਵਿਚ ਮੁਲਜ਼ਮ ਬਣਾਉਣ ਦੀ ਥਾਂ ਮਜੀਠਾ ਪੁਲਿਸ ਉਸਨੂੰ ਮੁਲਜ਼ਮ ਦਾ ਸਾਥੀ ਬਣਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਆਮ ਆਦਮੀ ਪਾਰਟੀ ਦਾ ਅਸਲ ਚੇਹਰਾ ਨੰਗਾ ਹੋ ਗਿਆ ਹੈ।ਜੇ ਆਪ ਦੇ ਆਗੂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਅਕਾਲੀ ਦਲ ਅਤੇ ਮਜੀਠਾ ਹਲਕੇ ਦੇ ਲੋਕ ਕੇਸ ਵਿਚ ਨਿਆਂ ਲੈਣ ਵਾਸਤੇ ਸੰਘਰਸ਼ ਵਿੱਢਣਗੇ।
ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸੂਬਾ ਪੁਲਿਸ ਨੂੰ ਸਪਸ਼ਟ ਹਦਾਇਤਾਂ ਦੇਣ ਕਿ ਜਿਹਨਾਂ ਨੇ ਔਰਤਾਂ ਦੀ ਇੱਜ਼ਤ ਰੋਲੀ, ਉਹਨਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਅਜਿਹੇ ਅਪਰਾਧੀਆਂ ਦੇ ਸਿਆਸੀ ਸੰਬੰਧਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਜੋਂ ਪ੍ਰਚਾਰਦੀ ਹੈ ਪਰ ਇਸ ਕੇਸ ਵਿਚ ਪਾਰਟੀ ਦੇ ਸਾਰੇ ਹੀ ਆਗੂ ਪ੍ਰਿਤਪਾਲ ਨਾਲ ਨਰਮੀ ਨਾਲ ਪੇਸ਼ ਆਉਣ ਵਾਸਤੇ ਪੁਲਿਸ ’ਤੇ ਦਬਾਅ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਤੇ ਮਜੀਠਾ ਹਲਕੇ ਦੇ ਲੋਕ ਔਰਤਾਂ ਪ੍ਰਤੀ ਅਜਿਹੇ ਮਾੜੇ ਵਿਹਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜੇ ਪ੍ਰਿਤਪਾਲ ਸਿੰਘ ਬੱਲ ਤੇ ਉਸਦੇ ਸਾਥੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਲੋਕ ਸਰਕਾਰ ਨੂੰ ਕਰੜੇ ਹੱਥੀਂ ਲੈਣਗੇ।
ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਖਾਸ ਤੌਰ ’ਤੇ ਨਾਬਾਲਗ ਲੜਕੀ ਨਾਲ ਛੇੜਖਾਨੀ ਵਿਚ ਪ੍ਰਿਤਪਾਲ ਦੀ ਭੂਮਿਕਾ ਦੀ ਜਾਂਚ ਵਾਸਤੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਜਾਵੇ। ਆਪ ਦੇ ਅਹੁਦੇਦਾਰ ਮਜੀਠਾ ਪੁਲਿਸ ’ਤੇ ਦਬਾਅ ਬਣਾ ਰਹੇ ਹਨ ਕਿ ਪ੍ਰਿਤਪਾਲ ਨੂੰ ਛੱਡ ਦਿੱਤਾ ਜਾਵੇ ਤੇ ਸਿਰਫ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਹੀ ਕੇਸ ਵਿਚ ਨਿਆਂ ਦੁਆ ਸਕਦੀਹੈ।





















