Amritsar News: ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਤੇ ਅਪਰਾਧੀਆਂ ਦਾ ਧੰਦਾ ਠੱਪ! ਹੁਣ ਹਾਰਮੋਨੀਅਸ ਟੈਲੀ ਕਾਲ ਬਲਾਕਿੰਗ ਸਿਸਟਮ ਦਾ ਐਕਸ਼ਨ
ਜੇਲ੍ਹਾਂ ਵਿੱਚ ਬੈਠ ਕੇ ਅਪਰਾਧੀਆਂ ਵੱਲੋਂ ਮੋਬਾਈਲ ਫੋਨ ਦੀ ਕੀਤੀ ਜਾ ਰਹੀ ਵਰਤੋਂ ਨੂੰ ਰੋਕਣ ਲਈ ਇਹ ਪ੍ਰਣਾਲੀ ਅੰਮ੍ਰਿਤਸਰ ਤੋਂ ਇਲਾਵਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਸਥਾਪਤ ਕੀਤੀ ਗਈ ਹੈ। ਇਹ ਹਾਰਮੋਨੀਅਸ ਕਾਲ ਬਲਾਕਿੰਗ ਪ੍ਰਣਾਲੀ ਨੂੰ ਹਾਲ ਹੀ ਵਿੱਚ ਸਥਾਪਤ ਕੀਤਾ ਗਿਆ ਹੈ ਤੇ ਫਿਲਹਾਲ ਇਸ ਦਾ ਟਰਾਇਲ ਚੱਲ ਰਿਹਾ ਹੈ।
Amritsar News: ਹੁਣ ਗੈਂਗਸਟਰ ਤੇ ਅਪਰਾਧੀ ਜੇਲ੍ਹਾਂ ਅੰਦਰੋਂ ਮੋਬਾਈਲ ਫੋਨ ਰਾਹੀਂ ਆਪਣਾ ਧੰਦਾ ਨਹੀਂ ਚਲਾ ਸਕਣਗੇ। ਜੇਲ੍ਹਾਂ ਵਿੱਚ ਹਾਰਮੋਨੀਅਸ ਟੈਲੀ ਕਾਲ ਬਲਾਕਿੰਗ ਸਿਸਟਮ ਸਥਾਪਤ ਕੀਤਾ ਜਾ ਰਿਹਾ ਹੈ। ਜੇਲ੍ਹਾਂ ਵਿੱਚ ਬੈਠ ਕੇ ਅਪਰਾਧੀਆਂ ਵੱਲੋਂ ਮੋਬਾਈਲ ਫੋਨ ਦੀ ਕੀਤੀ ਜਾ ਰਹੀ ਵਰਤੋਂ ਨੂੰ ਰੋਕਣ ਲਈ ਇਹ ਪ੍ਰਣਾਲੀ ਅੰਮ੍ਰਿਤਸਰ ਤੋਂ ਇਲਾਵਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਸਥਾਪਤ ਕੀਤੀ ਗਈ ਹੈ। ਇਹ ਹਾਰਮੋਨੀਅਸ ਕਾਲ ਬਲਾਕਿੰਗ ਪ੍ਰਣਾਲੀ ਨੂੰ ਹਾਲ ਹੀ ਵਿੱਚ ਸਥਾਪਤ ਕੀਤਾ ਗਿਆ ਹੈ ਤੇ ਫਿਲਹਾਲ ਇਸ ਦਾ ਟਰਾਇਲ ਚੱਲ ਰਿਹਾ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦੀ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਤੇ ਅਪਰਾਧੀਆਂ ਵੱਲੋਂ ਜੇਲ੍ਹ ਵਿੱਚ ਬੈਠ ਕੇ ਮੋਬਾਈਲ ਫੋਨ ਨਾਲ ਸਰਹੱਦ ਪਾਰ ਤਸਕਰਾਂ ਤੇ ਗੈਂਗਸਟਰਾਂ ਨਾਲ ਨੈੱਟਵਰਕ ਚਲਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਇੱਥੇ ਜੇਲ੍ਹ ਵਿੱਚ ਹਾਰਮੋਨੀਅਸ ਟੈਲੀ ਕਾਲ ਬਲਾਕਿੰਗ ਸਿਸਟਮ ਸਥਾਪਤ ਕੀਤਾ ਗਿਆ ਹੈ। ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੇ ਆਖਿਆ ਕਿ ਇਹ ਪ੍ਰਣਾਲੀ ਜੇਲ੍ਹ ਵਿੱਚ ਬੰਦ ਅਪਰਾਧੀਆਂ ਦੇ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣ ਵਿੱਚ ਸਹਾਈ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਅਪਰਾਧੀ ਜੇਲ੍ਹ ਅੰਦਰ ਬੈਠ ਕੇ ਹੀ ਮੋਬਾਈਲ ਰਾਹੀਂ ਜੇਲ੍ਹ ਤੋਂ ਬਾਹਰ ਨੈੱਟਵਰਕ ਚਲਾ ਰਹੇ ਸਨ।
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਬਣੀ ਹੋਈ ਹੈ। ਇੱਥੇ ਅਕਸਰ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਦੇ ਬਾਹਰੋਂ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਗਰਟਾਂ ਆਦਿ ਸਾਮਾਨ ਸੁੱਟਿਆ ਜਾਂਦਾ ਹੈ। ਇਹ ਘਟਨਾਵਾਂ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਹੈ। ਪਿਛਲੇ ਕੁਝ ਸਾਲਾਂ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਤੇ ਹੋਰ ਇਤਰਾਜ਼ਯੋਗ ਸਾਮਾਨ ਜ਼ਬਤ ਕੀਤਾ ਹੈ। ਮਿਲੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਕੰਪਲੈਕਸ ਵਿੱਚੋਂ 927 ਮੋਬਾਈਲ ਜ਼ਬਤ ਕੀਤੇ ਸਨ ਜਦੋਂਕਿ ਇਸ ਸਾਲ ਹੁਣ ਤੱਕ 300 ਮੋਬਾਈਲ ਫੋਨ ਜ਼ਬਤ ਕੀਤੇ ਜਾ ਚੁੱਕੇ ਹਨ ਤੇ ਜੇਲ੍ਹ ਪ੍ਰਸ਼ਾਸਨ ਵਲੋਂ ਹੋਰ ਵੀ ਸਖਤੀ ਨਾਲ ਤਸਕਰੀ ਰੋਕਣ ਲਈ ਕਦਮ ਚੁੱਕੇ ਜਾਣਗੇ।
ਜੇਲ੍ਹ ਮਹਿਕਮੇ ਦੇ ਸੂਤਰਾਂ ਮੁਤਾਬਕ ਇਸ ਪ੍ਰਣਾਲੀ ਦੀ ਸਥਾਪਨਾ ਨਾਲ ਕਈ ਪ੍ਰਮੁੱਖ ਟੈਲੀਕਾਮ ਕੰਪਨੀਆਂ ਦੇ ਮੋਬਾਈਲ ਫੋਨ ਸਿਗਨਲਾਂ ਨੂੰ ਰੋਕਣ ਵਿੱਚ ਮਦਦ ਮਿਲੀ ਹੈ। ਜੇਲ੍ਹ ਅਧਿਕਾਰੀ ਮੁਤਾਬਕ ਹੁਣ ਮੋਬਾਈਲ ਫੋਨ ਦੀ ਵਰਤੋਂ ਵਿੱਚ ਭਾਵੇਂ ਕਮੀ ਆਈ ਹੈ ਪਰ ਇਸ ਦਾ ਵੱਡਾ ਪ੍ਰਭਾਵ ਜੇਲ੍ਹ ਕੰਪਲੈਕਸ ਵਿੱਚੋਂ ਸਾਰੇ ਮੋਬਾਈਲ ਫੋਨਾਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਰਮੋਨੀਅਸ ਕਾਲ ਬਲਾਕਿੰਗ ਪ੍ਰਣਾਲੀ 2 ਜੀ ਤੋਂ ਲੈ ਕੇ 5 ਜੀ ਤਕ ਦੇ ਮੋਬਾਈਲ ਨੈਟਵਰਕ ਦੇ ਸਾਰੇ ਸਿਗਨਲਾਂ ਨੂੰ ਰੋਕਦੀ ਹੈ। ਇਸ ਸਮੇਂ ਇਹ ਸਿਸਟਮ ਅਜ਼ਮਾਇਸ਼ ਅਧੀਨ ਹੈ ਤੇ ਜਲਦੀ ਹੀ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ।