Amritsar News: ਨਿਤਿਨ ਗਡਕਰੀ ਨੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
Punjab news: ਅੰਮ੍ਰਿਤਸਰ 'ਚ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ, ਨਿਤਿਨ ਗਡਕਰੀ ਨੇ ਕਿਹਾ- 'ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ'...
Highest National Flag: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਗਡਕਰੀ ਨੇ ਆਈਸੀਪੀ ਅਟਾਰੀ ਵਿਖੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ। ਇਸ ਤਿਰੰਗੇ ਦੀ ਉਚਾਈ 418 ਫੁੱਟ ਹੈ। ਇਹ ਤਿਰੰਗਾ ਪਾਕਿਸਤਾਨ ਤੱਕ ਸਾਫ਼ ਨਜ਼ਰ ਆਵੇਗਾ। ਦੱਸ ਦਈਏ ਗਡਕਰੀ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਕੇ ’ਤੇ ਮੌਜੂਦ ਸਨ।
ਅੱਜ ਭਾਰਤ-ਪਾਕਿਸਤਾਨ ਸਰਹੱਦ 'ਤੇ ਗੋਲਡਨ ਗੇਟ ਨੇੜੇ ਭਾਰਤ ਨੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅੱਜ 418 ਫੁੱਟ ਉੱਚੇ ਤਿਰੰਗੇ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੰਤਰੀ ਅਤੇ ਬੀ.ਐੱਸ.ਐੱਫ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਜਦੋਂ ਭਾਰਤ ਨੇ ਇਸ ਤੋਂ ਪਹਿਲਾਂ ਅਟਾਰੀ ਸਰਹੱਦ 'ਤੇ ਝੰਡਾ ਲਹਿਰਾਇਆ ਸੀ ਤਾਂ ਪਾਕਿਸਤਾਨ ਨੇ ਵੀ 400 ਫੁੱਟ ਉੱਚਾ ਪਾਕਿਸਤਾਨੀ ਝੰਡਾ ਲਹਿਰਾਇਆ ਸੀ ਅਤੇ ਅੱਜ ਭਾਰਤ ਨੇ 418 ਫੁੱਟ ਉੱਚਾ ਤਿਰੰਗਾ ਲਹਿਰਾਇਆ ਹੈ। ਪਾਕਿਸਤਾਨ ਤੋਂ ਵੀ ਉੱਚਾ ਤਿਰੰਗਾ ਲਹਿਰਾਉਣ ਵਾਲੇ ਇਸ ਤਿਰੰਗੇ ਨੂੰ ਦੇਖਣ ਲਈ ਦੇਸ਼ ਵਾਸੀ ਵੱਡੀ ਗਿਣਤੀ ਦੇ ਵਿੱਚ ਰੀਟਰੀਟ ਸਮਾਰੋਹ ਵਿੱਚ ਪਹੁੰਚੇ ਹੋਏ ਸਨ।
ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਵੇਂ ਉਹ ਟਰਾਂਸਪੋਰਟ ਮੰਤਰੀ ਹੁੰਦੇ ਹੋਏ, ਉਨ੍ਹਾਂ ਨੇ ਕਈ ਰਿਕਾਰਡ ਬਣਾਏ ਨੇ ਪਰ ਅੱਜ ਸਰਹੱਦ 'ਤੇ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ, ਉਨ੍ਹਾਂ ਕਿਹਾ ਕਿ ਮੈਂ ਇੱਥੇ ਆਉਣਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਭਾਵੇਂ ਮੈਂ ਇੱਥੇ ਪਹਿਲੀ ਵਾਰ ਆਇਆ ਹਾਂ ਪਰ ਇੱਥੇ ਆ ਕੇ ਦੇਸ਼ ਭਗਤੀ ਦੀ ਭਾਵਨਾ ਕਈ ਗੁਣਾ ਵਧ ਜਾਂਦੀ ਹੈ, ਉਨ੍ਹਾਂ ਕਿਹਾ ਕਿ ਬੀ.ਐਸ.ਐਫ ਦੇ ਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦੇਖ ਕੇ ਮੈਨੂੰ ਖੁਸ਼ੀ ਦੇ ਨਾਲ-ਨਾਲ ਮਾਣ ਵੀ ਮਹਿਸੂਸ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਸੁਰੱਖਿਅਤ ਹੈ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਦਾ ਕਹਿਣਾ ਹੈ ਕਿ ਰੀਟਰੀਟ ਸਮਾਰੋਹ ਨੂੰ ਦੇਖ ਕੇ ਦੇਸ਼ ਭਗਤੀ ਦਾ ਪੱਧਰ ਵਧਦਾ ਹੈ ਅਤੇ ਅੱਜ ਉਹ ਪਾਕਿਸਤਾਨ ਤੋਂ ਉੱਚੇ ਤਿਰੰਗਾ ਝੰਡੇ ਨੂੰ ਦੇਖ ਕੇ ਮਾਣ ਮਹਿਸੂਸ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਇਸ ਉੱਚੇ ਤਿਰੰਗੇ ਵਾਂਗ ਦੇਸ਼ ਵੀ ਨਵੀਆਂ ਬੁਲੰਦੀਆਂ ਨੂੰ ਛੂੰਹਦਾ ਰਹੇ।