Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਧਮਾਕਿਆਂ ਮਗਰੋਂ ਸੁਰੱਖਿਆ ਏਜੰਸੀਆਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੀ ਅਲਰਟ, ਸੁਰੱਖਿਆ ਲਈ ਚੁੱਕੇ ਵੱਡੇ ਕਦਮ
ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੇੜੇ ਵਾਪਰੀਆਂ ਧਮਾਕਿਆਂ ਦੀਆਂ ਘਟਨਾਵਾਂ ਮਗਰੋਂ ਸੁਰੱਖਿਆ ਏਜੰਸੀਆਂ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਲਰਟ ਹੋ ਗਈ ਹੈ।
Amritsar News: ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੇੜੇ ਵਾਪਰੀਆਂ ਧਮਾਕਿਆਂ ਦੀਆਂ ਘਟਨਾਵਾਂ ਮਗਰੋਂ ਸੁਰੱਖਿਆ ਏਜੰਸੀਆਂ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਲਰਟ ਹੋ ਗਈ ਹੈ। ਸ਼੍ਰੋਮਣੀ ਕਮੇਟੀ ਇਸ ਨੂੰ ਲੈ ਕੇ ਵੱਡੇ ਪੱਧਰ ਉੱਪਰ ਕਦਮ ਉਠਾ ਰਹੀ ਹੈ। ਇਸ ਲਈ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਗੁਰਦੁਆਰੇ ਦੇ ਸਾਰੇ ਪ੍ਰਵੇਸ਼ ਦੁਆਰਾਂ ’ਤੇ ਹਾਈਟੈੱਕ ਸਕੈਨਰ ਲਾਉਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਰਮਾ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵਾਕੀ-ਟਾਕੀ ਸੈੱਟ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਸਾਰਿਆਂ ਦਾ ਆਪਸ ਵਿੱਚ ਸੰਪਰਕ ਬਣਿਆ ਰਹੇ। ਇਸੇ ਤਰ੍ਹਾਂ ਦਰਬਾਰ ਸਾਹਿਬ ਕੈਂਪਸ ਵਿੱਚ ਪਹਿਲਾਂ ਹੀ ਸੈਂਕੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਹੁਣ ਜਲਦੀ ਹੀ ਆਲੇ-ਦੁਆਲੇ ਬਣੇ ਗਲਿਆਰੇ ਤੇ ਸਾਰਾਗੜੀ ਨਿਵਾਸ ਤੋਂ ਲੈ ਕੇ ਹੈਰੀਟੇਜ ਸਟਰੀਟ ’ਚ ਵੀ ਸੀਸੀਟੀਵੀ ਕੈਮਰੇ ਲਾਉਣ ਦੀ ਯੋਜਨਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤਿੰਨ ਧਮਾਕੇ ਹੋਏ ਸਨ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਦਰਬਾਰ ਸਾਹਿਬ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਇਹ ਫ਼ੈਸਲਾ ਲਿਆ ਸੀ। ਇਸ ਤਹਿਤ ਪਿਛਲੇ ਕੁਝ ਦਿਨਾਂ ਤੋਂ ਨਾਮੀ ਕੰਪਨੀਆਂ ਵੱਲੋਂ ਆਪਣੇ ਸਕੈਨਰ ਦਰਬਾਰ ਸਾਹਿਬ ਲਿਆ ਕੇ ਟਰਾਇਲ ਦਿੱਤੇ ਜਾ ਰਹੇ ਹਨ। ਇਨ੍ਹਾਂ ਟਰਾਇਲਾਂ ਦੌਰਾਨ ਸਾਮਾਨ ’ਚੋਂ ਚੱਪਲਾਂ ਤੇ ਤੰਬਾਕੂ ਆਦਿ ਵੀ ਬਰਾਮਦ ਹੋਇਆ ਹੈ। ਇਹ ਟਰਾਇਲ ਫਿਲਹਾਲ ਘੰਟਾ ਘਰ ਵਾਲੇ ਪਾਸੇ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਮਲਾ ਵਿਚਾਰਨ ਲਈ ਬਣਾਈ ਗਈ ਸਬ-ਕਮੇਟੀ ਦੇ ਮੈਂਬਰਾਂ ਅਤੇ ਹੋਰਨਾਂ ਨੇ ਵੀ ਅੱਜ ਇਨ੍ਹਾਂ ਵੱਖ-ਵੱਖ ਕੰਪਨੀਆਂ ਦੇ ਸਕੈਨਰਾਂ ਦੇ ਟਰਾਇਲ ਦੇਖੇ। ਇਸ ਮਾਮਲੇ ’ਚ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਹ ਸਕੈਨਰ ਹੋਰ ਪ੍ਰਵੇਸ਼ ਦੁਆਰਾਂ ’ਤੇ ਸਥਾਪਤ ਕੀਤੇ ਜਾਣਗੇ।
ਸਬ-ਕਮੇਟੀ ਦੀ ਅਗਵਾਈ ਕਰ ਰਹੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ 5-6 ਕੰਪਨੀਆਂ ਨੇ ਆਪਣੇ ਸਕੈਨਰਾਂ ਦੀ ਕਾਰਗੁਜ਼ਾਰੀ ਦਿਖਾਈ ਹੈ। ਦੋ ਕੰਪਨੀਆਂ ਨੇ ਤਾਂ ਆਪਣੇ ਸਕੈਨਰ ਇੱਥੇ ਸਥਾਪਤ ਕਰ ਕੇ ਟਰਾਇਲ ਕੀਤੇ ਹਨ ਜਦੋਂਕਿ ਬਾਕੀ ਕੰਪਨੀਆਂ ਨੇ ਕੰਪਿਊਟਰ ਰਾਹੀਂ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ ਹੈ। ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਕੰਪਨੀਆਂ ਕੋਲੋਂ ਸਕੈਨਰਾਂ ਦੀ ਕੀਮਤ ਤੇ ਇਸ ਦੀ ਤਕਨੀਕ ਬਾਰੇ ਲਿਖਤੀ ਜਾਣਕਾਰੀ ਮੰਗੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਟਰਾਇਲ ਦੇਣ ਵਾਲੀਆਂ ਕੰਪਨੀਆਂ ਦੇ ਸਕੈਨਰਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਲੱਗੀ ਹੈ। ਇਨ੍ਹਾਂ ਕੰਪਨੀਆਂ ਵੱਲੋਂ ਕਈ ਹੋਰ ਧਾਰਮਿਕ ਸਥਾਨਾਂ ਤੇ ਵੀ ਅਜਿਹੇ ਸਕੈਨਰ ਸਥਾਪਤ ਕੀਤੇ ਗਏ ਹਨ। ਸਬ-ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਸੰਗਤ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਿਆ ਜਾਵੇਗਾ। ਸਬ-ਕਮੇਟੀ ਰਿਪੋਰਟ ਜਲਦੀ ਹੀ ਅੰਤ੍ਰਿੰਗ ਕਮੇਟੀ ਨੂੰ ਸੌਂਪ ਦੇਵੇਗੀ ਅਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ।