Punjab News: 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਤੇ ਉਸ ਦੇ ਸਾਥੀਆਂ ਖਿਲਾਫ ਪੁਲਿਸ ਕਾਰਵਾਈ ਜਾਰੀ ਹੈ। ਅੰਮ੍ਰਿਤਪਾਲ ਤੇ ਉਸ ਦੇ ਸਮਰਥਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਅਜਨਾਲਾ ਕਾਂਡ ਦੇ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਪਾਲ ਦੇ 27 ਸਾਥੀਆਂ ਖ਼ਿਲਾਫ਼ ਅਜਨਾਲਾ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਅਹਿਮ ਗੱਲ ਹੈ ਕਿ ਇਹ ਚਲਾਨ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਨਹੀਂ ਹੈ। ਕੁਝ ਸਮੇਂ ਬਾਅਦ ਅੰਮ੍ਰਿਤਪਾਲ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਕਰੀਬ 9 ਸਾਥੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।



23 ਫਰਵਰੀ ਨੂੰ ਅਜਨਾਲਾ ਥਾਣੇ 'ਤੇ ਹੋਇਆ ਸੀ ਹਮਲਾ


 
ਦੱਸ ਦਈਏ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਲਈ ਆਪਣੇ ਸਮਰਥਕਾਂ ਨਾਲ ਥਾਣਾ ਅਜਨਾਲਾ ਪਹੁੰਚੇ ਸਨ। ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੀ ਅਗਵਾਈ ਹੇਠ ਹਜ਼ਾਰਾਂ ਸਮਰਥਕਾਂ ਨਾਲ ਪਿੰਡ ਜੱਲੂਖੇੜਾ ਤੋਂ ਇੱਕ ਜਥਾ ਕੱਢਿਆ ਤੇ ਫਿਰ ਅਜਨਾਲਾ ਥਾਣੇ ਵੱਲ ਚਾਲੇ ਪਾ ਦਿੱਤੇ। ਇਸ ਦੌਰਾਨ ਪੁਲਿਸ ਨਾਲ ਹੋਈ ਝੜਪ 'ਚ 6 ਪੁਲਿਸ ਕਰਮਚਾਰੀ ਜ਼ਖਮੀ ਹੋਏ ਸਨ। ਇਸ ਮਗਰੋਂ 24 ਫਰਵਰੀ 2023 ਨੂੰ ਸਥਾਨਕ ਅਦਾਲਤ ਨੇ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਸਨ। ਪੁਲਿਸ ਨੇ ਉਸ ਸਮੇਂ ਦੇ ਮਾਹੌਲ ਨੂੰ ਦੇਖਦੇ ਹੋਏ ਅੰਮ੍ਰਿਤਪਾਲ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ।

18 ਮਾਰਚ ਨੂੰ ਗ੍ਰਿਫ਼ਤਾਰੀ ਲਈ ਪਹੁੰਚੀ ਸੀ ਪੁਲਿਸ

 
ਅਜਨਾਲਾ ਥਾਣੇ ‘ਤੇ ਹੋਏ ਹਮਲੇ ਦੇ ਮਾਮਲੇ ‘ਚ 18 ਮਾਰਚ ਨੂੰ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਪਰ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਤੇ ਅੰਮ੍ਰਿਤਪਾਲ ਨੂੰ ਫੜਨ ਲਈ ਸੂਬੇ ਭਰ ਵਿੱਚ ਮੁਹਿੰਮ ਚਲਾਈ ਗਈ। ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਰੂਪੋਸ਼ ਰਿਹਾ।

ਇਸ ਦੌਰਾਨ ਪੁਲਿਸ ਨੂੰ ਅੰਮ੍ਰਿਤਪਾਲ ਦੇ ਨੇਪਾਲ ਜਾਂ ਪਾਕਿਸਤਾਨ ਭੱਜਣ ਦਾ ਵੀ ਸ਼ੱਕ ਸੀ। ਉਸ ਦੀ ਭਾਲ ਵਿੱਚ ਪੰਜਾਬ ਤੋਂ ਲੈ ਕੇ ਹਰਿਆਣਾ, ਰਾਜਸਥਾਨ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਵੀ ਛਾਪੇ ਮਾਰੇ ਗਏ ਪਰ ਅੰਮ੍ਰਿਤਪਾਲ 35 ਦਿਨਾਂ ਤੱਕ ਪੁਲਿਸ ਲਈ ਸਿਰਦਰਦੀ ਬਣਿਆ ਰਿਹਾ। ਅਖੀਰ 36 ਦਿਨਾਂ ਬਾਅਦ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਾਰੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।