BJP vs Akali Dal: ਬਟਾਲਾ ’ਚ ਭਾਜਪਾ ਦਾ ਹੋਇਆ ਮੁਕੰਮਲ ਸਫਾਇਆ, ਸਮੁੱਚੀ ਲੀਡਰਸ਼ਿਪ ਅਕਾਲੀ ਦਲ ’ਚ ਹੋਈ ਸ਼ਾਮਲ
BJP wiped out in Batala: ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ ਦੀ ਅਗਵਾਈ ਹੇਠ 9 ਸਾਬਕਾ ਕੌਂਸਲਰ, 2 ਮੌਜੂਦਾ ਕੌਂਸਲਰ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮੰਡਲ ਮੀਤ ਪ੍ਰਧਾਨ ਅਕਾਲੀ ਦਲ ਵਿਚ ਹੋਏ ਸ਼ਾਮਲ
BJP wiped out in Batala: ਭਾਰਤੀ ਜਨਤਾ ਪਾਰਟੀ ਦਾ ਅੱਜ ਬਟਾਲਾ ਵਿਚ ਉਸ ਵੇਲੇ ਮੁਕੰਮਲ ਸਫਾਇਆ ਹੋ ਗਿਆ ਜਦੋਂ ਇਸਦੀ ਸਾਰੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਈ।
ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ, 9 ਸਾਬਕਾ ਕੌਂਸਲਰ, ਦੋ ਮੌਜੂਦਾ ਕੌਂਸਲਰ ਸੁਮਨ ਹਾਂਡਾ ਤੇ ਸੁਧਾ ਮਹਾਜਨ, ਬਟਾਲਾ ਭਾਜਪਾ ਮੰਡਲ ਦੇ ਸਾਬਕਾ ਮੀਤ ਪ੍ਰਧਾਨ, ਸਾਬਕਾ ਜ਼ਿਲ੍ਹਾ ਪ੍ਰਧਾਨ, ਵਪਾਰ ਮੰਡਲ, ਯੁਵਾ ਮੋਰਚਾ, ਓ ਬੀ ਸੀ ਸੈਲ ਦੇ ਅਹੁਦੇਦਾਰ, ਸੀਨੀਅਰ ਸਿਟੀਜ਼ਨ ਸੈਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਟਰੱਕ ਯੂਨੀਅਨ ਦੇ ਅਹੁਦੇਦਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਭਾਜਪਾ ਦੀ ਬਟਾਲਾ ਇਕਾਈ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਉਹ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ-ਨਾਲ ਤੇਜ਼ ਰਫਤਾਰ ਵਿਕਾਸ ਅਤੇ ਸਮਾਜ ਭਲਾਈ ਸਕੀਮਾਂ ਦਾ ਲਾਭ ਹਰ ਇਕ ਤੱਕ ਪਹੁੰਚਾਉਣ ਵਾਸਤੇ ਦ੍ਰਿੜ੍ਹ ਸੰਕਲਪ ਹਨ। ਉਹਨਾਂ ਨੇ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਇਆ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਵਿਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਬਟਾਲਾ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਤਸੱਲੀ ਹੈ ਕਿ ਅਕਾਲੀ ਦਲ ਧਰਮ ਨਿਰਪੱਖ ਹੈ ਤੇ ਉਹ ਮਹਿਸੂਸ ਕਰਦੇ ਹਨ ਕਿ ਸਿਰਫ ਅਕਾਲੀ ਦਲ ਹੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਨੂੰ ਮੋਹਰੀ ਬਣਾ ਸਕਦਾ ਹੈ।
ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਵਿਚ ਹਿੰਦੂ-ਸਿੱਖ ਏਕਤਾ ਕਾਇਮ ਕਰਨ ਵਾਸਤੇ ਸ਼ਾਂਤੀ ਤੇ ਫਿਰਕੂ ਸਦਭਾਵਨਾਂ ਦੇ ਚਲਾਏ ਦੌਰ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਕੰਮ ਨੂੰ ਅੱਗੇ ਤੋਰ ਰਹੇ ਹਨ ਤੇ ਇਹੀ ਕਾਰਨ ਹੈ ਕਿ ਬਟਾਲਾ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਨੇ ਉਹਨਾਂ ’ਤੇ ਭਰੋਸਾ ਪ੍ਰਗਟਾਇਆ ਹੈ।
ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿਵੇਂ ਪੰਜਾਬ ਆਮ ਆਦਮੀ ਪਾਰਟੀ (ਆਪ) ਤੋਂ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਹੁਣ ਉਹਨਾਂ ਫੈਸਲਾ ਲਿਆ ਹੈ ਕਿ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇ ਤਾਂ ਜੋ ਸ਼ਾਂਤੀ ਤੇ ਤੇਜ਼ ਰਫਤਾਰ ਵਿਕਾਸ ਦਾ ਯੁੱਗ ਵਾਪਸ ਲਿਆਂਦਾ ਜਾ ਸਕੇ। ਉਹਨਾਂ ਨੇ ਬਟਾਲਾ ਭਾਜਪਾ ਇਕਾਈ ਦਾ ਧੰਨਵਾਦ ਕੀਤਾ ਜੋ ਅੱਜ ਵੱਡੀ ਗਿਣਤੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਈ ਤੇ ਉਹਨਾਂ ਨੇ ਨਵੀਂ ਪਾਰਟੀ ਵਿਚ ਉਹਨਾਂ ਦਾ ਸਵਾਗਤ ਕੀਤਾ।