ਸੜਕਾਂ ਉਤੇ ਨਾਜਾਇਜ਼ ਕਬਜ਼ੇ ਅਤੇ ਗਲਤ ਪਾਰਕਿੰਗ ਬਰਦਾਸ਼ਤ ਨਾ ਕੀਤੀ ਜਾਵੇ - ਔਜਲਾ
Amritsar News: ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੀ ਮੌਜੂਦਾ ਟਰੈਫਿਕ ਵਿਵਸਥਾ ਉਤੇ ਨਾ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚੱਲਦੇ ਰੱਖਣ ਲਈ ਜਰੂਰੀ ਹੈ
Amritsar News: ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੀ ਮੌਜੂਦਾ ਟਰੈਫਿਕ ਵਿਵਸਥਾ ਉਤੇ ਨਾ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚੱਲਦੇ ਰੱਖਣ ਲਈ ਜਰੂਰੀ ਹੈ ਕਿ ਸੜਕਾਂ ਤੋਂ ਨਾਜਾਇਜ਼ ਕਬਜ਼ੇ ਅਤੇ ਗਲ਼ਤ ਸਥਾਨਾਂ ਉਤੇ ਖੜਦੀਆਂ ਗੱਡੀਆਂ ਹਟਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟਰੈਫਿਕ ਵਿੱਚ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਾਡਾ ਸ਼ਹਿਰ ਸੈਲਾਨੀਆਂ ਦੇ ਆਮਦ ਉਤੇ ਚੱਲ ਰਿਹਾ ਹੈ ਤੇ ਲੱਖਾਂ ਲੋਕਾਂ ਨੂੰ ਰੋਟੀ ਸੈਲਾਨੀ ਦੇ ਰਹੇ ਹਨ। ਇਸ ਲਈ ਸੜਕਾਂ ਨੂੰ ਨਿਰੰਤਰ ਚਾਲੂ ਰੱਖਣਾ ਜਰੂਰੀ ਹੈ ਅਤੇ ਉਸ ਲਈ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਔਜਲਾ ਨੇ ਇਸ ਲਈ ਸੜਕਾਂ ਦੀ ਮੁਰੰਮਤ, ਟਰੈਫਿਕ ਲਾਇਟਾਂ, ਰਿੱਫਲੈਕਟਰਾਂ ਦੀ ਲੋੜ, ਪਾਰਕਿੰਗ ਸਥਾਨਾਂ ਵਰਗੇ ਅਹਿਮ ਮੁੱਦੇ ਅਧਿਕਾਰੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਲਈ ਇੰਤਜ਼ਾਮ ਕਰਨ ਵਾਸਤੇ ਜੇਕਰ ਪੈਸੇ ਦੀ ਲੋੜ ਹੈ ਤਾਂ ਉਹ ਆਪਣੇ ਇਖਤਿਆਰੀ ਫੰਡ ਵਿੱਚੋਂ ਵੀ ਦੇਣ ਨੂੰ ਤਿਆਰ ਹਨ।
ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਗਲਤ ਪਾਰਕਿੰਗ ਦਾ ਰੁਝਾਨ ਰੋਕਣ ਲਈ ਗੱਡੀਆਂ ਖਿੱਚਣ ਵਾਲੀਆਂ ਵੈਨ ਸ਼ੁਰੂ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਇਹ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਟਰੈਫਿਕ ਲਾਇਟਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਖਤ ਜੁਰਮਾਨੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਰੋਕਣ ਲਈ ਵੀ ਅਸੀਂ ਕਾਰਪੋਰੇਸ਼ਨ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ ਅਤੇ ਇਹ ਕੰਮ ਵੀ ਛੇਤੀ ਸ਼ੁਰੂ ਕਰਨ ਦੀ ਲੋੜ ਹੈ।
ਕਾਰਪੋਰੇਸ਼ਨ ਕਮਿਸ਼ਨਰ ਕੁਮਾਰ ਸੌਰਭ ਰਾਜ ਜਿੰਨਾ ਨੇ ਦਰਬਾਰ ਸਾਹਿਬ ਨੂੰ ਜਾਂਦੀ ਵਿਰਾਸਤੀ ਗਲੀ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਨੇ ਦੱਸਿਆ ਕਿ ਸਾਡੀਆਂ ਟੀਮਾਂ ਇਸ ਲਈ ਕੰਮ ਸ਼ੁਰੂ ਕਰ ਚੁੱਕੀਆਂ ਹਨ ਅਤੇ ਇਕ ਇਕ ਕਰਕੇ ਅਸੀਂ ਸਾਰੀਆਂ ਸੜਕਾਂ ਰੇਹੜੀਆਂ ਤੋਂ ਮੁੱਕਤ ਕਰ ਕੇ ਰਹਾਂਗੇ। ਉਨ੍ਹਾਂ ਦੱਸਿਆ ਕਿ ਰਹੇੜੀ ਮਾਰਕੀਟ ਬਨਾਉਣ ਦੀ ਯੋਜਨਾ ਵੀ ਨਾਲ ਨਾਲ ਚਲ਼ ਰਹੀ ਹੈ ਤਾਂ ਜੋ ਸ਼ਹਿਰ ਦੀ ਹਰੇਕ ਨੁੱਕਰ ਉਤੇ ਇੰਨਾ ਨੂੰ ਵਿਸੇਸ ਸਥਾਨ ਦਿੱਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਚੌਕਾਂ ਵਿੱਚ ਟਰੈਫਿਕ ਲਾਇਟਾਂ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਦਾ ਚੁੱਕਾ ਹੈ। ਕੁਮਾਰ ਸੌਰਭ ਨੇ ਟਰੈਫਿਕ ਦੀ ਯੋਜਨਾਬੰਦੀ ਕਰਨ ਲਈ ਵਿਸ਼ੇਸ਼ ਮਾਹਿਰ ਦੀਆਂ ਸੇਵਾਵਾਂ ਲੈਣ ਦਾ ਸੁਝਾਅ ਵੀ ਦਿੱਤਾ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸੁਚਾਰੂ ਪ੍ਬੰਧਨ ਲਈ ਪੁਲਿਸ ਅਤੇ ਕਾਰਪੋਰੇਸ਼ਨ ਨੂੰ ਇਕ ਟੀਮ ਵਜੋਂ ਕੰਮ ਕਰਨ ਦੀ ਸਲਾਹ ਦਿੰਦੇ ਕਿਹਾ ਕਿ ਪੁਲਿਸ ਦੀ ਸਲਾਹ ਟਰੈਫਿਕ ਮੈਨੇਜਮੈਂਟ ਲਈ ਲੈ ਕੇ ਹੀ ਸਹੀ ਯੋਜਨਾਬੰਦੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸੜਕ ਉਤੇ ਲੱਗੀਆਂ ਗਰਿਲਾਂ ਉਤੇ ਰਿਫਲੈਕਟਰ ਲਗਾਉਣ ਅਤੇ ਲਿੰਕ ਸੜਕਾਂ ਉਤੇ ਜੀ ਟੀ ਰੋਡ ਵਾਲੇ ਪਾਸੇ ਸਪੀਡ ਬਰੇਕਰ ਬਨਾਉਣ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿੱਚ ਆਰ ਟੀ ਏ ਸ ਅਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ ਸਿਮਰਨਦੀਪ ਸਿੰਘ, ਐਸ ਪੀ ਮਤੀ ਜਸਵੰਤ ਕੌਰ ਅਤੇ ਅਮਨਦੀਪ ਕੌਰ, ਟਰੈਫਿਕ ਇੰਚਾਰਜ ਅਨੂਪ ਸੈਣੀ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।