Punjab Politics: ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪ ਵਿਧਾਇਕ ਦਾ ਯੂ-ਟਰਨ, ਕਿਹਾ- ਮੈਂ ਸਰਕਾਰ ਦੇ ਨਹੀਂ ਸਿਸਟਮ ਦੇ ਖ਼ਿਲਾਫ਼ ਬੋਲਿਆ
ਅਜੇ ਗੁਪਤਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਜੋ ਗੱਲ ਕੀਤੀ, ਉਹ ਪੁਰਾਣੀਆਂ ਸਰਕਾਰਾਂ ਬਾਰੇ ਸੀ
Amritsar News: ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਆਪਣੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵੀਂ ਵੀਡੀਓ ਪੋਸਟ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਆਪਣੀ ਵੀਡੀਓ ਵਿੱਚ ਕਹੀਆਂ ਗੱਲਾਂ ਨੂੰ ਪੁਰਾਣੀਆਂ ਸਰਕਾਰਾਂ 'ਤੇ ਥੋਪਿਆ ਹੈ ਤੇ ਆਪਣੀ ਸਰਕਾਰ ਨੂੰ ਉਨ੍ਹਾਂ ਦੇ ਕੰਮ ਵਿਚ ਸੁਧਾਰਨ ਵਾਲੀ ਕਹਿ ਦਿੱਤਾ।
ਦਰਅਸਲ ਅਜੇ ਗੁਪਤਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਜੋ ਗੱਲ ਕੀਤੀ, ਉਹ ਪੁਰਾਣੀਆਂ ਸਰਕਾਰਾਂ ਬਾਰੇ ਸੀ। 'ਆਪ' ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਬੰਨ੍ਹੀਆਂ ਗੰਢਾਂ ਨੂੰ ਖੋਲ੍ਹਣ ਲਈ ਸਮਾਂ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨਸ਼ੇ ਦੇ ਖਾਤਮੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਨਸ਼ਾ ਅਤੇ ਭ੍ਰਿਸ਼ਟਾਚਾਰ ਪੰਜਾਬ ਦੀਆਂ ਜੜ੍ਹਾਂ ਵਿੱਚ ਚਲਾ ਗਿਆ ਹੈ, ਜਿਸ ਨੂੰ ਖ਼ਤਮ ਕਰਨ ਵਿੱਚ ਸਮਾਂ ਲੱਗੇਗਾ।
ਡਾ: ਅਜੇ ਗੁਪਤਾ ਨੇ ਕਿਹਾ ਕਿ ਕੱਲ੍ਹ ਜਾਰੀ ਵੀਡੀਓ ਵਿੱਚ ਉਨ੍ਹਾਂ ਨਾ ਤਾਂ ਆਪਣੀ ਪਾਰਟੀ ਬਾਰੇ ਬੋਲਿਆ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਖ਼ਿਲਾਫ਼ ਬਾਰੇ। ਉਹ ਇਸ ਖ਼ਰਾਬ ਹੋਏ ਸਿਸਟਮ ਦੇ ਖ਼ਿਲਾਫ਼ ਹੀ ਬੋਲਿਆ ਹੈ। ਉਹ ਸੀਐਮ ਭਗਵੰਤ ਮਾਨ ਨਾਲ ਬੈਠ ਕੇ ਇਸ ਸਿਸਟਮ ਨੂੰ ਖਤਮ ਕਰਨ ਬਾਰੇ ਗੱਲਬਾਤ ਕਰਨਗੇ। ਡਾ: ਗੁਪਤਾ ਨੇ ਕਿਹਾ ਕਿ ਉਹ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਨ। ਜੋ ਲੋਕ ਇਸ ਵੀਡੀਓ ਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੇ ਹਨ ਉਹ, ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਸਰਕਾਰ ਦੇ ਨਾਲ ਹਨ।
ਬਦਲਾਅ ਦੀ ਕਹਾਣੀ ਅੰਮ੍ਰਿਤਸਰ ਸੈਂਟਰਲ ਦੇ ਆਮ ਆਦਮੀ ਪਾਰਟੀ ਦੇ MLA ਅਜੇ ਗੁਪਤਾ ਦੀ ਜੁਬਾਨੀ pic.twitter.com/XcakSn3PPG
— Amarinder Singh Raja Warring (@RajaBrar_INC) June 9, 2024
ਜ਼ਿਕਰ ਕਰ ਦਈਏ ਕਿ ਵਾਇਰਲ ਵੀਡੀਓ ਵਿੱਚ ਵਿਧਾਇਕ ਨੇ ਕਿਹਾ ਸੀ ਕਿ ਕੋਈ ਬਦਲਾਅ ਨਹੀਂ ਹੋਇਆ, ਨਸ਼ਾ ਬੰਦ ਕੀ ਹੋਣਾ ਸੀ ਸਗੋਂ ਪੰਜਾਬ ਵਿੱਚ ਨਸ਼ਾ ਕਈ ਗੁਣਾ ਵਧ ਗਿਆ ਹੈ। ਭ੍ਰਿਸ਼ਟਾਚਾਰ ਵੀ ਬੰਦ ਨਹੀਂ ਹੋਇਆ ਸਗੋਂ ਇਹ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ। ਵਿਧਾਇਕ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਦੋਸਤ ਹੈ ਜਿਸ ਤੋਂ ਕਿਸੇ ਕੰਮ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਪਰ ਜਦੋਂ ਉਨ੍ਹਾਂ ਨੇ ਇੱਕ ਵਿਧਾਇਕ ਨੂੰ ਫੋਨ ਕਰਵਾਇਆ ਤਾਂ ਰਿਸ਼ਵਤ ਵਧ ਕੇ 5 ਲੱਖ ਰੁਪਏ ਹੋ ਗਈ। ਵਿਧਾਇਕ ਅਜੈ ਗੁਪਤਾ ਨੇ ਕਿਹਾ ਕਿ ਜੇ ਢਾਈ ਸਾਲ ਪਹਿਲਾਂ ਸਰਕਾਰ ਨੇ ਪੁਲਿਸ ਪ੍ਰਸ਼ਾਸਨ 'ਤੇ ਸਖ਼ਤੀ ਕੀਤੀ ਹੁੰਦੀ ਤਾਂ ਅੱਜ ਸਾਡੀ ਇਹ ਹਾਲਤ ਨਾ ਹੁੰਦੀ। ਜੇ ਹਾਲਾਤ ਨਾ ਬਦਲੇ ਤਾਂ 2027 'ਚ ਸਰਕਾਰ ਬਣਨੀ ਭੁੱਲ ਜਾਓ