Amritsar: ਪੁਲਿਸ ਨੇ ਰੇਲਵੇ ਲਿੰਕ ਰੋਡ ਤੋਂ "ਸਫਾਈ" ਮੁਹਿੰਮ ਦੀ ਕੀਤੀ ਸ਼ੁਰੂਆਤ, ਕਿਹਾ ਜੇ ਹੁਣ ਵੀ ਨਾ ਹਟੇ ਤਾਂ ਕਰਾਂਗੇ ਕਾਰਵਾਈ
ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕਿਸੇ ਨੇ ਦੁਬਾਰਾ ਨਾਜਾਇਜ਼ ਕਬਜੇ ਕਰਨ ਜਾਂ ਗਲਤ ਪਾਰਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਉਤੇ ਲੱਗਦੇ ਜਾਮ ਖ਼ਤਮ ਕਰਨ ਅਤੇ ਲੋਕਾਂ ਨੂੰ ਸੁਖਾਲਾ ਰਸਤਾ ਮੁਹੱਈਆ ਕਰਵਾਉਣ ਲਈ ਕਮਿਸ਼ਨਰ ਪੁਲਿਸ ਜਸਕਰਨ ਸਿੰਘ ਦੀਆਂ ਹਿਦਾਇਤਾਂ ਉਤੇ ਸ਼ਹਿਰੀ ਪੁਲਿਸ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੈ, ਜਿਸ ਤਹਿਤ ਅੱਜ ਏ ਡੀ ਸੀ ਪੀ ਟ੍ਰੈਫਿਕ ਅਮਨਦੀਪ ਕੌਰ ਦੀ ਅਗਵਾਈ ਹੇਠ ਟੀਮ ਨੇ ਰੇਲਵੇ ਲਿੰਕ ਰੋਡ, ਜੋ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਸਭ ਤੋਂ ਰੁਝੇਵੇਂ ਵਾਲੀ ਸੜਕ ਹੈ ਅਤੇ ਆਮ ਆਦਮੀ ਖੁੱਲੀ ਚੌੜੀ ਸੜਕ ਦੇ ਬਾਵਜੂਦ ਵੀ ਉੱਥੇ ਹੋਏ ਨਾਜਾਇਜ਼ ਕਬਜਿਆਂ ਕਾਰਨ ਇਸ ਰਸਤੇ ਪਾਉਣ ਦਾ ਹੀਆ ਨਹੀਂ ਸੀ ਕਰਦਾ, ਨੂੰ ਨਾਜਾਇਜ਼ ਕਬਜਿਆਂ ਤੋਂ ਮੁੱਕਤ ਕਰਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਲੈ ਕੇ ਨਹਿਰੀ ਵਿਭਾਗ ਦੇ ਦਫਤਰ ਤੱਕ ਸੜਕ ਉਤੇ ਕੀਤੇ ਨਾਜਾਇਜ਼ ਕਬਜਿਆਂ ਨੂੰ ਹਟਾਇਆ ਅਤੇ ਸੜਕ ਕਿਨਾਰੇ ਗਲਤ ਸਥਾਨ ਉੱਤੇ ਖੜੇ ਕੀਤੇ ਵਾਹਨਾਂ ਨੂੰ ਉਥੋਂ ਹਟਾਇਆ। ਇਸ ਬਾਰੇ ਜਾਣਕਾਰੀ ਦਿੰਦੇ ਟਰੈਫਿਕ ਇੰਚਾਰਜ ਅਨੂਪ ਸੈਣੀ ਨੇ ਦੱਸਿਆ ਕਿ ਅੱਜ ਕੀਤੀ ਸ਼ੁਰੂਆਤ ਵਿੱਚ ਸ਼ਹਿਰ ਦੇ ਚਾਰ ਜੋਨਾਂ ਦੇ ਟਰੈਫਿਕ ਇੰਚਾਰਜ ਸ਼ਾਮਿਲ ਹੋਏ ਅਤੇ ਸਾਰੀ ਸੜਕ ਨਾਜਾਇਜ਼ ਕਬਜਿਆਂ ਤੋਂ ਮੁਕਤ ਕਰਵਾਈ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕਿਸੇ ਨੇ ਦੁਬਾਰਾ ਨਾਜਾਇਜ਼ ਕਬਜੇ ਕਰਨ ਜਾਂ ਗਲਤ ਪਾਰਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਵੱਲੋਂ ਇਸ ਬਾਬਤ ਸਾਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੀ ਟਰੈਫਿਕ ਵਿੱਚ ਵਿਆਪਕ ਸੁਧਾਰ ਕੀਤੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਅਤੇ ਗੱਡੀਆਂ ਪਾਰਕ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਆਵਾਜਾਈ ਵਿੱਚ ਸੁਧਾਰ ਕਰਨ ਲਈ ਪੁਲਿਸ ਦਾ ਸਾਥ ਦੇਣ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।