Amritsar News:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਨਿਊਯਾਰਕ ਪੁਲਿਸ ’ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਵਾਲੇ ਨਿਯਮ ਵਿਰੁੱਧ ਕਰੜਾ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਅੰਦਰ ਭਾਰਤ ਦੇ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੂੰ ਇਕ ਪੱਤਰ ਲਿਖਿਆ ਹੈ।


ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਪਾਸੋਂ ਵੀ ਦਖਲ ਮੰਗਿਆ ਹੈ। ਅਮਰੀਕਾ ’ਚ ਭਾਰਤੀ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੂੰ ਲਿਖੇ ਆਪਣੇ ਪੱਤਰ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਰੱਖਿਆ ਦੇ ਨਾਂ ਹੇਠ ਅਮਰੀਕਾ ਪੁਲਿਸ ਵੱਲੋਂ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਨਿਯਮ ਤਰਕਸੰਗਤ ਨਹੀਂ ਹੈ। ਗੈਸ ਮਾਸਕ ਦੇ ਹਵਾਲੇ ਨਾਲ ਦਾੜ੍ਹੀ ਰੱਖਣ ’ਤੇ ਪਾਬੰਦੀ ਗਲਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਾੜ੍ਹੀ ਬੰਨ੍ਹ ਕੇ ਗੈਸ ਮਾਸਕ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ, ਇਸ ਦੀ ਉਦਾਹਰਣ ਭਾਰਤੀ ਫ਼ੌਜ ਵਿਚ ਸੇਵਾ ਕਰ ਰਹੇ ਸਿੱਖ ਸਿਪਾਹੀ ਹਨ ਜੋ ਵਿਸ਼ਵ ਦੀਆਂ ਸਿਖਰਲੀਆਂ ਫ਼ੌਜਾਂ ਵਿਚ ਇਕ ਹੈ।







ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਵੱਲੋਂ ਆਪਣੇ ਕੇਸ ਨਾ ਕੱਟਣੇ ਆਪਣੇ ਗੁਰੂ ਸਾਹਿਬਾਨ ਅਤੇ ਧਰਮ ਪ੍ਰਤੀ ਵਚਨਬਧਤਾ ਹੈ ਅਤੇ ਨਿਊਯਾਰਕ ਪੁਲਿਸ ਵੱਲੋਂ ਸਿੱਖ ਸਿਪਾਹੀਆਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਕਾਨੂੰਨ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਹੈ। ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿਚ ਸਿੱਖ ਭਾਈਚਾਰੇ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿੱਖਾਂ ਨੇ ਉਥੇ ਰਹਿੰਦਿਆਂ ਬੇਹੱਦ ਸਖ਼ਤ ਮਿਹਨਤ ਕਰਕੇ ਦੇਸ਼ ਦੀ ਖੁਸ਼ਹਾਲੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਰੀਤੀ ਰਿਵਾਜ ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਕਿਉਂਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੀ ਪਛਾਣ ਸਥਾਪਤ ਕੀਤੀ ਹੋਈ ਹੈ। ਅਮਰੀਕਾ ਦੇਸ਼ ਜਿਹੜਾ ਕਿ ਸਿੱਖਾਂ ਦੇ ਰਹਿਣ-ਸਹਿਣ, ਪਛਾਣ ਅਤੇ ਮਰਯਾਦਾ ਨੂੰ ਨੇੜਿਉਂ ਸਮਝਦਾ ਹੈ, ਉਥੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਨੂੰ ਸੱਟ ਮਾਰਨੀ ਠੀਕ ਨਹੀਂ ਹੈ। ਉਨ੍ਹਾਂ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਨਿਊਯਾਰਕ ਪੁਲਿਸ ਦੀ ਸਿੱਖ ਵਿਰੋਧੀ ਨੀਤੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਨ।