Sunil Jakhar: 'ਆਪ' 'ਤੇ ਖੂਬ ਭੜਕੇ ਜਾਖੜ, ਕਿਹਾ, ਸੋਚੀ-ਸਮਝੀ ਸਾਜ਼ਿਸ਼ ਤਹਿਤ ਗਵਰਨਰ ਨਾਲ ਪੇਚ ਫਸਾਏ ਜਾ ਰਹੇ..
Amritsar News: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਪਹੁੰਚ ਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਇਲਜ਼ਾਮ ਲਾਇਆ ਕਿ ਇੱਕ ਸੋਚੀ-
Amritsar News: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਪਹੁੰਚ ਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਇਲਜ਼ਾਮ ਲਾਇਆ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਦੇ ਗਵਰਨਰ ਤੇ ਦਿੱਲੀ ਵਿੱਚ ਪੇਚ ਫਸਾਏ ਜਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਹੱਲ ਕਰਨ ਦੀ ਸਲਾਹ ਵੀ ਦਿੱਤੀ। ਜਾਖੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੂੰ ਸੋਚ ਕੇ ਕਦਮ ਚੁੱਕਣੇ ਚਾਹੀਦੇ ਹਨ।
ਸੁਨੀਲ ਜਾਖੜ ਨੇ ਕਿਹਾ, 'ਆਪ' ਵਿਧਾਇਕਾਂ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ। ਸਾਡੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ ਪਰ ਇਹ ਮੌਕਾਪ੍ਰਸਤ ਸੂਬੇ ਦਾ ਕੋਈ ਭਲਾ ਨਹੀਂ ਕਰ ਸਕਦੇ। ਜੇਕਰ ਵਿਧਾਇਕਾਂ ਦੇ ਹਲਫਨਾਮਿਆਂ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ 'ਚੋਂ ਬਹੁਤ ਸਾਰੇ ਅਜਿਹੇ ਪਾਏ ਜਾਣਗੇ, ਜਿਨ੍ਹਾਂ 'ਤੇ ਕਰਜ਼ਾ ਸੀ। ਜਿਹੜੇ ਲੋਕ ਆਪਣੇ ਆਪ ਨੂੰ ਸਧਾਰਨ ਕਹਿੰਦੇ ਸਨ, ਅੱਜ ਉਨ੍ਹਾਂ ਕੋਲ ਲੰਬੀਆਂ ਕਾਰਾਂ ਹਨ, 'ਰੋਲੈਕਸ ਦੀਆਂ ਘੜੀਆਂ ਪਹਿਨਦੇ ਹਨ ਤੇ 40,000 ਰੁਪਏ ਦੇ ਬੂਟ ਪਹਿਨਦੇ ਹਨ।
ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ, ਜੋ INDIA ਸਮਝੌਤੇ ਦੇ ਖਿਲਾਫ ਸੂਬੇ ਵਿੱਚ ਰੌਲਾ ਪਾ ਰਹੇ ਹਨ, ਉਹ ਦਿੱਲੀ ਜਾ ਕੇ ਪਹਿਲਾਂ ਹੀ ਮੱਥਾ ਟੇਕ ਚੁੱਕੇ ਹਨ। ਕੁਝ ਹੀ ਦਿਨਾਂ 'ਚ ਸਾਰਿਆਂ ਨੂੰ ਉਨ੍ਹਾਂ ਬਾਰੇ ਪਤਾ ਲੱਗ ਜਾਵੇਗਾ। ਇਨ੍ਹਾਂ ਵੱਡੇ ਨੇਤਾਵਾਂ ਨੇ ਪਹਿਲਾਂ ਹੀ ਆਪਣੇ ਪਰਿਵਾਰਾਂ ਲਈ ਐਮਪੀ ਟਿਕਟਾਂ ਦੀ ਮੰਗ ਕੀਤੀ ਹੈ। ਆਉਣ ਵਾਲਾ ਸਮਾਂ ਸਭ ਕੁਝ ਸਾਫ਼ ਕਰ ਦੇਵੇਗਾ।
ਜਾਖੜ ਨੇ ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਜਾਖੜ ਨੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਫੈਸਲਾ ਦਿੱਲੀ ਵਾਸੀਆਂ ਨੇ ਲੈਣਾ ਹੈ, ਇਹ ਉਨ੍ਹਾਂ ਦਾ ਅਧਿਕਾਰ ਖੇਤਰ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਭਾਜਪਾ ਦੇ ਘਰ-ਘਰ ਤੱਕ ਪਹੁੰਚਣ ਲਈ ਕਿਹਾ ਗਿਆ ਹੈ, ਉਹ ਇਸ ਵਿੱਚ ਲੱਗੇ ਹੋਏ ਹਨ।