Punjab News : ਭਾਰਤ-ਪਾਕਿ ਸਰਹੱਦ 'ਤੇ ਪਾਕਿ ਡਰੋਨ ਦੀਆਂ ਗਤੀਵਿਧੀਆਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ , ਜਿਸ ਕਰਕੇ ਡਰੋਨਾਂ ਦੀ ਆਵਾਜਾਈ ਦਿਨੋਂ-ਦਿਨ ਵਧਦੀ ਜਾ ਰਹੀ ਹੈ।  ਪਾਕਿ ਡਰੋਨ ਰਾਹੀਂ ਸਮੱਗਲਰਾਂ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਦੀਵਾਲੀ ਦੇ ਤਿਉਹਾਰ ਵਾਲੇ ਦਿਨ ਵੀ ਤਸਕਰ ਆਪਣੇ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਏ। ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਰਮਦਾਸ ਥਾਣੇ ਅਧੀਨ ਪੈਂਦੀ ਬੀ.ਐਸ.ਐਫ ਦੀ ਬੀਓਪੀ 'ਤੇ ਡਰੋਨ ਦੀ ਹਲਚਲ ਦਿਖਾਈ ਦਿੱਤੀ ਹੈ।


 

 ਭਾਰਤ-ਪਾਕਿ ਸਰਹੱਦ 'ਤੇ ਬੀਤੀ ਰਾਤ ਤਿੰਨ ਵਾਰ ਡਰੋਨ ਨੇ ਦਸਤਕ ਦਿੱਤੀ। ਰਾਤ 10 ਤੋਂ 12 ਦੇ ਵਿਚਕਾਰ ਤਿੰਨ ਵਾਰ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ। ਜਿਸ ਵਿੱਚ ਡਰੋਨ ਪਾਕਿਸਤਾਨ ਵੱਲ ਜਾਣ ਵਿੱਚ ਕਾਮਯਾਬ ਹੋ ਗਿਆ। ਫਿਲਹਾਲ ਬੀਐਸਐਫ ਜਵਾਨਾਂ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।


 

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਇੱਕ ਡਰੋਨ ਨੂੰ ਡੇਗਿਆ ਗਿਆ ਸੀ। ਬੀਐਸਐਫ ਨੇ ਰਾਨੀਆ ਇਲਾਕੇ ਵਿੱਚ ਇਸ ਆਕਟਾ-ਕਾਪਟਰ ਨੂੰ ਗੋਲੀ ਮਾਰ ਦਿੱਤੀ ਸੀ। ਡਰੋਨ ਦਾ ਭਾਰ ਕਰੀਬ 12 ਕਿਲੋ ਸੀ। ਤਲਾਸ਼ੀ ਮੁਹਿੰਮ ਵਿੱਚ ਬੀਐਸਐਫ ਵੱਲੋਂ ਇੱਕ ਖੇਪ ਵੀ ਬਰਾਮਦ ਕੀਤੀ ਗਈ ਸੀ। ਉਸ ਤੋਂ ਪਹਿਲਾਂ 14 ਅਕਤੂਬਰ ਨੂੰ ਅੰਮ੍ਰਿਤਸਰ ਸੈਕਟਰ 'ਚ ਹੀ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਰਾਮਦਾਸ ਇਲਾਕੇ 'ਚ ਬੀ.ਐੱਸ.ਐੱਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਏ ਡਰੋਨ ਨੂੰ ਡੇਗ ਦਿੱਤਾ ਸੀ।

 

ਦੱਸ ਦੇਈਏ ਕਿ ਪੰਜਾਬ ਵਿੱਚ ਨਸ਼ਿਆਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਪਹਿਲਾ ਮਾਮਲਾ 2019 ਵਿੱਚ ਸਾਹਮਣੇ ਆਇਆ ਸੀ। ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਦੀ ਸਰਹੱਦ ਦੀ ਰੱਖਿਆ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਇਸ ਸਾਲ 10 ਡਰੋਨ ਡੇਗੇ, ਜਿਨ੍ਹਾਂ ਵਿੱਚੋਂ ਤਿੰਨ ਨੂੰ ਪਿਛਲੇ ਹਫ਼ਤੇ ਮਾਰ ਸੁੱਟਿਆ ਗਿਆ। ਇਸ ਤੋਂ ਇਲਾਵਾ ਕਈ ਡਰੋਨਾਂ ਦੀ ਘੁਸਪੈਠ ਨੂੰ ਨਾਕਾਮ ਕੀਤਾ ਗਿਆ ਹੈ।