ਇਸ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੜ੍ਹੇਗੀ ਹੰਗਾਮੇ ਦੀ ਭੇਟ? ਬਹੁਮਤ ਹੋਣ ਦੇ ਬਾਵਜੂਦ ਪਹਿਲੀ ਵਾਰ ਸਰਬ-ਸੰਮਤੀ ਦੀ ਬਜਾਏ ਅਕਾਲੀ ਦਲ ਦਾ ਉਮੀਦਵਾਰ ਕਰ ਸਕਦਾ ਨਾਂ ਪੇਸ਼
ਬੀਤੇ ਕੁਝ ਸਾਲਾਂ ਤੋਂ ਇਹ ਇਜਲਾਸ ਨਵੰਬਰ ਦੇ ਬਿਲਕੁਲ ਅਖੀਰ ਵਿੱਚ ਹੁੰਦਾ ਸੀ ਜਿਸ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਇਕੋਦਮ ਗੁਰਪੁਰਬ ਤੋਂ ਅਗਲੇ ਦਿਨ ਇਜਲਾਸ ਕਿਉਂ?
ਪਰਮਜੀਤ ਸਿੰਘ ਦੀ ਰਿਪੋਰਟ
ਚੰਡੀਗੜ੍ਹ: ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਨੂੰ ਨਵੀਂ ਰੰਗਤ ਦੇਣ ਦੇ ਰੌਂਅ ਵਿੱਚ ਹਨ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਭਾਵੇਂ ਪਾਰਟੀ ਉਨ੍ਹਾਂ ਦਾ ਪ੍ਰਧਾਨਗੀ ਪਦ ਲਈ ਨਾਮ ਪੇਸ਼ ਕਰੇ ਜਾਂ ਨਾ ਪਰ ਉਹ ਚੋਣ ਜ਼ਰੂਰ ਲੜਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਅਗਲੇ ਦਿਨ ਯਾਨੀ 9 ਨਵੰਬਰ ਨੂੰ ਹੋਣਾ ਹੈ ਜਿਸ ਵਿੱਚ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸਮੇਤ 11 ਅਗਜੈਕਟਿਵ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ।
ਬੀਤੇ ਕੁਝ ਸਾਲਾਂ ਤੋਂ ਇਹ ਇਜਲਾਸ ਨਵੰਬਰ ਦੇ ਬਿਲਕੁਲ ਅਖੀਰ ਵਿੱਚ ਹੁੰਦਾ ਸੀ ਜਿਸ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਇਕੋਦਮ ਗੁਰਪੁਰਬ ਤੋਂ ਅਗਲੇ ਦਿਨ ਇਜਲਾਸ ਕਿਉਂ? ਇਜਲਾਸ ਦਾ ਮਿਥੇ ਸਮੇਂ ਤੋਂ ਪਹਿਲਾ ਕਰਨ ਤੇ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਬਹੁਤੇ ਮੈਂਬਰ ਵਿਦੇਸ਼ਾਂ ਵਿੱਚ ਹਨ ਤੇ ਬਹੁਤਿਆਂ ਨੇ ਹਰ ਸਾਲ ਦੀ ਤਰ੍ਹਾਂ ਨਵੰਬਰ ਦੇ ਅਖੀਰ ਵਿੱਚ ਇਜਲਾਸ ਕਾਰਨ ਆਪਣਾ ਵਾਪਸੀ ਦਾ ਪ੍ਰੋਗਰਾਮ ਉਸੇ ਅਨੁਸਾਰ ਉਲੀਕਿਆ ਹੈ ਪਰ ਇਸ ਪਿੱਛੇ ਅਸਲ ਮਨਸ਼ਾ ਕੀ ਹੈ ਇਹ ਵੀ ਇਕ ਬੁਝਾਰਤ ਬਣੀ ਹੋਈ ਹੈ।
ਉਧਰ ਬੀਬੀ ਜਗੀਰ ਕੌਰ ਦੇ ਪੱਖ ਵਿੱਚ ਵੀ ਉਨ੍ਹਾਂ ਲੋਕਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਜੋ ਅਕਸਰ ਸ਼੍ਰੋਮਣੀ ਕਮੇਟੀ ਦੇ ਪ੍ਰਤੀ ਬਿਆਨਬਾਜ਼ੀ ਵਿੱਚ ਸੁਰਖ਼ੀਆਂ ਚ ਰਹਿੰਦੇ ਹਨ। ਹਰਿਆਣਾ ਦੀ ਵੱਖਰੀ ਕਮੇਟੀ ਤੋਂ ਬਾਅਦ ਸੁਰਖ਼ੀਆਂ ਚ ਆਏ ਬਲਜੀਤ ਸਿੰਘ ਦਾਦੂਵਾਲ ਵੀ ਬੀਬੀ ਜਗੀਰ ਕੌਰ ਦੇ ਹੱਕ ਖੜੇ ਦਿਖਾਈ ਦੇ ਰਹੇ ਹਨ ਤੇ ਉਧਰ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਬੀਬੀ ਜਗੀਰ ਕੌਰ ਨੂੰ ਖੁੱਲ ਕੇ ਸਾਹਮਣੇ ਆਉਣ ਦੇ ਲਈ ਕਿਹਾ ਹੈ ਜਿੱਥੋਂ ਸਿੱਧ ਹੋ ਰਿਹਾ ਹੈ ਕਿ ਬੀਬੀ ਜੀ ਦੀ ਅਕਾਲੀ ਦਲ ਨਾਲ ਨਰਾਜ਼ਗੀ ਚੱਲ ਰਹੀ ਹੈ।
ਇਸ ਸਭ ਦੇ ਵਿੱਚ ਅਕਾਲੀ ਦਲ ਇਸ ਚੌਣ ਇਜਲਾਸ ਨੂੰ ਅੱਗੇ ਪਾਉਂਦਾ ਦਿਖਾਈ ਨਹੀਂ ਦੇ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਬੀਤੇ ਦਿਨੀ ਬੀਬੀ ਜਗੀਰ ਕੌਰ ਦੀ ਪਾਰਟੀ ਪ੍ਰਧਾਨ ਨਾਲ ਪ੍ਰਧਾਨਗੀ ਨੂੰ ਲੈ ਕੇ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਉਹਨਾਂ ਚੌਣ ਲੜਨ ਲਈ ਪਾਰਟੀ ਪ੍ਰਧਾਨ ਨੂੰ ਵੀ ਸਪੱਸ਼ਟ ਕੀਤਾ ਹੈ। ਅਕਾਲੀ ਦਲ ਲਈ ਵੀ ਇਹ ਸਮਾਂ ਚੁਣੌਤੀ ਭਰਪੂਰ ਹੈ ਜਿਸ ਚੋ ਨਿਕਲਣ ਲਈ ਸੁਖਬੀਰ ਬਾਦਲ ਵੀ ਸ਼੍ਰੋਮਣੀ ਕਮੇਟੀ ਦੇ ਇਕੱਲੇ ਇਕੱਲੇ ਮੈਂਬਰ ਨਾਲ ਗੱਲ-ਬਾਤ ਕਰ ਰਹੇ ਹਨ ਤੇ ਵਿਸ਼ਵਾਸ ਲੈ ਰਹੇ ਕਿ ਉਹ ਪਾਰਟੀ ਨਾਲ ਹੀ ਖੜਣਗੇ? ਉਧਰ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋਕਤੰਤਰੀ ਢੰਗ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇਗੀ।