Amritsar News: ਇਤਿਹਾਸਕ ਗੁਰਦੁਆਰੇ ਨੂੰ ਬੋਧੀ ਮੰਦਰ 'ਚ ਤਬਦੀਲ ਕਰਨ ਦਾ ਮਾਮਲਾ ਗਰਮਾਇਆ, ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਨਿਰਦੇਸ਼, ਕੌਮੀ ਘੱਟ ਗਿਣਤੀ ਕਮਿਸ਼ਨ ਨੇ ਮੰਗੀ ਰਿਪੋਰਟ
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿੱਚ ਸਿੱਖ ਗੁਰੂਧਾਮ ਨੂੰ ਬੋਧੀ ਧਰਮ ਅਸਥਾਨ ਵਿੱਚ ਤਬਦੀਲ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਲਈ ਟੀਮ ਅਰੁਣਾਚਲ...
Amritsar News: ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿੱਚ ਸਿੱਖ ਗੁਰੂਧਾਮ ਨੂੰ ਬੋਧੀ ਧਰਮ ਅਸਥਾਨ ਵਿੱਚ ਤਬਦੀਲ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਲਈ ਟੀਮ ਅਰੁਣਾਚਲ ਪ੍ਰਦੇਸ਼ ਭੇਜੀ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਆਖਿਆ ਹੈ ਕਿ ਉੱਤਰੀ-ਪੂਰਬੀ ਰਾਜਾਂ ਵਿਚ ਸਿੱਖ ਗੁਰਧਾਮਾਂ ਨਾਲ ਹੋ ਰਹੀ ਛੇੜਛਾੜ ਦੇ ਮਾਮਲਿਆਂ ਦੀ ਜਾਂਚ ਕਰਵਾਈ ਜਾਵੇ। ਇਸ ਦੌਰਾਨ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਗੁਰਦੁਆਰੇ ਨੂੰ ਬੋਧੀ ਧਾਰਮਿਕ ਸਥਾਨ ਵਿਚ ਤਬਦੀਲ ਕਰਨ ਸਬੰਧੀ ਪੱਤਰ ਨੂੰ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਵਿਚ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਇਸ ਮਾਮਲੇ ਦੀ ਵਿਸਥਾਰਿਤ ਰਿਪੋਰਟ ਮੰਗ ਲਈ ਹੈ।
ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਧਰਮ ਅਸਥਾਨ ਨੂੰ ਬੋਧੀ ਧਰਮ ਅਸਥਾਨ ਵਿੱਚ ਤਬਦੀਲ ਕੀਤੇ ਜਾਣ ਦਾ ਇਹ ਮਾਮਲਾ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਜਾਰੀ ਕੀਤੀਆਂ ਸਨ ਜਿਸ ਤੋਂ ਬਾਅਦ ਇਸ ਘਟਨਾ ਦਾ ਖੁਲਾਸਾ ਹੋਇਆ ਸੀ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਸਰਹੱਦੀ ਇਲਾਕੇ ਵਿਚ ਭਾਰਤ ਦੀ ਚੀਨ ਨਾਲ ਲਗਦੀ ਸਰਹੱਦ ’ਤੇ ਵੱਡੀ ਗਿਣਤੀ ਸਿੱਖ ਫ਼ੌਜੀ ਜਵਾਨ ਤਾਇਨਾਤ ਹਨ। ਅਜਿਹੇ ਇਲਾਕੇ ਵਿਚ ਸਿੱਖ ਧਰਮ ਅਸਥਾਨਾਂ ਨਾਲ ਛੇੜਛਾੜ ਜਾਂ ਉਨ੍ਹਾਂ ’ਤੇ ਕਬਜ਼ੇ ਦੀਆਂ ਘਟਨਾਵਾਂ ਨਾਲ ਸਿੱਖ ਫੌਜੀ ਜਵਾਨਾਂ ਦੇ ਮਨੋਬਲ ਨੂੰ ਢਾਹ ਲੱਗ ਸਕਦੀ ਹੈ।
ਉਨ੍ਹਾਂ ਭਾਰਤ ਸਰਕਾਰ ਨੂੰ ਆਖਿਆ ਕਿ ਇਸ ਮਾਮਲੇ ਦਾ ਪਤਾ ਲਾਇਆ ਜਾਵੇ ਕਿ ਇਸ ਪਿੱਛੇ ਕੋਈ ਅਜਿਹੀ ਸਾਜ਼ਿਸ਼ ਤਾਂ ਨਹੀਂ ਹੈ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਵਾਸਤੇ ਇਕ ਜਾਂਚ ਟੀਮ ਨੂੰ ਅਰੁਣਾਚਲ ਪ੍ਰਦੇਸ਼ ਭੇਜੇ। ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕੀਤਾ ਸੀ ਕਿ ਕੁਝ ਸਾਲ ਪਹਿਲਾਂ ਤੱਕ ਇਹ ਗੁਰਦੁਆਰਾ ਭਾਰਤੀ ਫੌਜ ਦੇ ਪ੍ਰਬੰਧ ਹੇਠ ਸੀ ਅਤੇ ਬਾਅਦ ਵਿੱਚ ਇਸ ਨੂੰ ਸੰਗਤ ਨੂੰ ਪ੍ਰਬੰਧ ਲਈ ਸੌਂਪ ਦਿੱਤਾ ਗਿਆ ਸੀ।