SGPC ਵੱਲੋਂ ਪੁਸਤਕ ‘ਕਾਲਾਪਾਣੀ: ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਯੋਗਦਾਨ’ ਜਾਰੀ, ਪੰਜਾਬੀਆਂ ਦੀ ਕੁਰਬਾਨੀ ਨੂੰ ਮਿਲੇ ਬਣਦਾ ਸਤਿਕਾਰ-ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਭਰੋਸਾ ਦਵਾਇਆ ਕਿ ਇਸ ਪੁਸਤਕ ਵਿਚ ਦਰਜ ਕਾਲੇਪਾਣੀ ਵਿਖੇ ਕੁਰਬਾਨੀ ਕਰਨ ਵਾਲੇ ਪੰਜਾਬੀਆਂ ਨੂੰ ਕੌਮੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਪਾਸ ਵਫ਼ਦ ਲੈ ਕੇ ਪਹੁੰਚ ਕੀਤੀ ਜਾਵੇਗੀ।
Chandigarh News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਹਰੀ ਸਿੰਘ ਨਲਵਾ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ ਦੌਰਾਨ ‘ਕਾਲਾਪਾਣੀ: ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਯੋਗਦਾਨ’ ਸਿਰਲੇਖ ਵਾਲੀ ਪੁਸਤਕ ਜਾਰੀ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਪੱਤਰਕਾਰ ਤੇ ਇਤਿਹਾਸਕਾਰ ਜਗਤਾਰ ਸਿੰਘ ਅਤੇ ਖੋਜਕਾਰ ਗੁਰਦਰਸ਼ਨ ਸਿੰਘ ਬਾਹੀਆ ਨੇ ਲਿਖਿਆ ਹੈ।
ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪੁਸਤਕ ਆਜ਼ਾਦੀ ਸੰਗਰਾਮ ਦੇ ਪ੍ਰਚਲਿਤ ਬਿਰਤਾਂਤ ਦੀ ਥਾਂ ਸ਼ੁੱਧ ਅਤੇ ਸਹੀ ਜਾਣਕਾਰੀ ਨੂੰ ਪ੍ਰਸਤੁਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਸੰਗਰਾਮ ਦੌਰਾਨ ਅੰਡੇਮਾਨ ਵਿੱਚ ਬੰਦ ਪੰਜਾਬੀਆਂ ਨੇ ਭਾਰੀ ਤਸ਼ੱਦਦ ਝੱਲਿਆ, ਜਿਸ ਨੂੰ ਹੁਣ ਤੱਕ ਅਣਗੌਲਿਆ ਗਿਆ ਹੈ। ਮੌਕੇ ਦੀਆਂ ਹਕੂਮਤਾਂ ਸਿੱਖਾਂ ਤੇ ਪੰਜਾਬੀਆਂ ਦੇ ਮੁਲਵਾਨ ਇਤਿਹਾਸ ਨੂੰ ਵਿਗਾੜਨ ਅਤੇ ਰਲਗਡ ਕਰਨ ਦੇ ਯਤਨ ਵਿਚ ਹਨ। ਸੈਲੂਲਰ ਜੇਲ੍ਹ ਦੀ ਸੂਚੀ ਵਿਚੋਂ ਸਿੱਖਾਂ ਦੇ ਨਾਵਾਂ ਨੂੰ ਅਣਗੌਲਾ ਕਰਨਾ ਵੀ ਇਕ ਕੋਝੀ ਸਾਜ਼ਿਸ਼ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੁਸਤਕ ਸਿੱਖਾਂ ਦੇ ਅਜ਼ਾਦੀ ’ਚ ਪਾਏ ਯੋਗਦਾਨ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਦਾ ਜਰੀਆ ਬਣੇਗੀ, ਇਸ ਲਈ ਇਸ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਵੀ ਛਾਪਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਭਰੋਸਾ ਦਵਾਇਆ ਕਿ ਇਸ ਪੁਸਤਕ ਵਿਚ ਦਰਜ ਕਾਲੇਪਾਣੀ ਵਿਖੇ ਕੁਰਬਾਨੀ ਕਰਨ ਵਾਲੇ ਪੰਜਾਬੀਆਂ ਨੂੰ ਕੌਮੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਪਾਸ ਵਫ਼ਦ ਲੈ ਕੇ ਪਹੁੰਚ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਡਾ. ਦੀਵਾਨ ਸਿੰਘ ਕਾਲੇਪਾਣੀ, ਮਾਸਟਰ ਚਤਰ ਸਿੰਘ ਅਤੇ ਸੋਹਣ ਸਿੰਘ ਭਕਨਾ ਦੇ ਨਾਂ ’ਤੇ ਅੰਡੇਮਾਨ ਵਿਖੇ ਯਾਦਗਾਰਾਂ ਸਥਾਪਤ ਕਰਵਾਉਣ ਲਈ ਵੀ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਪੁਸਤਕ ਦੇ ਲੇਖਕ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਨੂੰ ਇਹ ਖੋਜ ਕਾਰਜ ਸਫਲਤਾਪੂਰਵਕ ਨੇਪਰੇ ਚਾੜਨ ਲਈ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਜ਼ਾਦੀ ਸੰਘਰਸ਼ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ, ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਬਣਦਾ ਮਾਣ ਨਹੀਂ ਦਿੱਤਾ ਗਿਆ। ਅਜਿਹਾ ਹੀ ਵਿਤਕਰਾ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਵਿਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਐਮਪੀ ਸਨ ਤਾਂ ਉਨ੍ਹਾਂ ਨੇ ਇਹ ਮਾਮਲਾ ਸੰਸਦ ਦੀ ਸਟੈਂਡਿੰਗ ਕਮੇਟੀ ਪਾਸ ਉਠਾਇਆ ਸੀ, ਜਿਸ ’ਤੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਸਬੰਧੀ ਸਹੀ ਤੱਥ ਦਿੱਤੇ ਜਾਣ, ਤਾਂ ਜੋ ਲੋੜੀਂਦੀ ਸੋਧ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਹ ਖੋਜ ਕਾਰਜ ਮੁਕੰਮਲ ਹੋ ਗਿਆ ਹੈ ਤਾਂ ਇਸ ਪੁਸਤਕ ਰੂਪੀ ਦਸਤਾਵੇਜ ਨੂੰ ਸਰਕਾਰ ਪਾਸ ਲੈਜਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ 235 ਨਾਵਾਂ ਦੀ ਖੋਜ ਕੀਤੀ ਗਈ ਹੈ ਤੇ ਇਸ ਖੋਜ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਦੇ ਰਾਜਨੀਤਕ ਹਾਲਾਤਾਂ ਵਿਚ ਸੱਚ ਲਿਖਣਾ ਵੱਡੀ ਦਲੇਰੀ ਹੈ, ਜਿਸ ਲਈ ਕਿਤਾਬ ਦੇ ਦੋਵੇਂ ਲੇਖਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਪੰਜਾਬੀਆਂ ਲਈ ਅਤਿ ਅਹਿਮ ਸੀ, ਜਿਸ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ’ਤੇ ਕਾਰਜ ਨੂੰ ਆਰੰਭਿਆ ਗਿਆ ਸੀ, ਜੋ ਸਫਲ ਹੋਇਆ ਹੈ।