Chandigar News: ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ (ਸੀਐਚਸੀਸੀ) ਨੇ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸੈਕਟਰ-22 ਵਿੱਚ ਸਥਿਤ ਕਿਰਨ ਸਿਨੇਮਾ ਨੂੰ ਢਾਹੁਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ ਹੈ।


ਹਾਸਲ ਜਾਣਕਾਰੀ ਅਨੁਸਾਰ ਕਿਰਨ ਸਿਨੇਮਾ ਦੇ ਮਾਲਕਾਂ ਨੇ ਹੈਰੀਟੇਜ ਕਮੇਟੀ ਨੂੰ ਮੰਗ ਪੱਤਰ ਦਿੰਦੇ ਹੋਏ ਮਲਟੀਪਲੈਕਸ ਦੀ ਉਸਾਰੀ ਲਈ ਕਿਰਨ ਸਿਨੇਮਾ ਦੀ ਇਮਾਰਤ ਨੂੰ ਢਾਹੁਣ ਲਈ ਪ੍ਰਵਾਨਗੀ ਮੰਗੀ ਸੀ, ਜਿਸ ਨੂੰ ਹੈਰੀਟੇਜ ਕਮੇਟੀ ਨੇ ਨਾਮਨਜ਼ੂਰ ਕਰ ਦਿੱਤਾ ਹੈ। ਕਮੇਟੀ ਨੇ ਕਿਰਨ ਸਿਨੇਮਾ ਦੇ ਮੌਜੂਦਾ ਢਾਂਚੇ ਨੂੰ ਢਾਹੁਣ ਦੀ ਥਾਂ ਮਾਮੂਲੀ ਤਬਦੀਲੀਆਂ ਨਾਲ ਮੁੜ ਵਰਤੋਂ ’ਚ ਲਿਆਉਣ ਦਾ ਸੁਝਾਅ ਦਿੱਤਾ ਹੈ। 



ਹੈਰੀਟੇਜ ਕਮੇਟੀ ਨੇ ਕਿਹਾ ਹੈ ਕਿ ਸੈਕਟਰ-22 ਵਿੱਚ ਸਥਿਤ ਕਿਰਨ ਸਿਨੇਮਾ ਸ਼ਹਿਰ ਦਾ ਪਹਿਲਾ ਮੂਵੀ ਥੀਏਟਰ ਹੈ, ਜੋ ਆਰਕੀਟੈਕਟ ਮੈਕਸਵੈੱਲ ਫਰਾਈ ਨੇ ਡਿਜ਼ਾਈਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਰਨ ਸਿਨੇਮਾ ਅੱਜ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਵਿੱਚੋਂ ਇੱਕ ਹੈ, ਜਿਸ ਨੂੰ ਢਾਹੁਣ ਦੀ ਥਾਂ ਮੁੜ ਵਰਤੋਂ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। 



ਹਾਲਾਂਕਿ, ਸਾਲ 2031 ਲਈ ਤਿਆਰ ਕੀਤੇ ਚੰਡੀਗੜ੍ਹ ਮਾਸਟਰ ਪਲਾਨ ’ਚ ਸਾਲ 2015 ਵਿੱਚ ਅਧਿਸੂਚਿਤ ਕਿਰਨ ਸਿਨੇਮਾ ਨੂੰ ਇੱਕ ਵਿਰਾਸਤੀ ਦਰਜਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਇਸ ਲਈ ਕਮੇਟੀ ਵੱਲੋਂ ਵੀ ਕਿਰਨ ਸਿਨੇਮਾ ਨੂੰ ਵਿਰਾਸਤੀ ਜਾਇਦਾਦ ਮੰਨਿਆ ਜਾ ਰਿਹਾ ਹੈ। 


ਦੱਸ ਦਈਏ ਕਿ ਕਿਰਨ ਸਿਨੇਮਾ ਦੀ ਉਸਾਰੀ ਸਾਲ 1950 ’ਚ ਸ਼ੁਰੂ ਕੀਤੀ ਗਈ ਸੀ। ਇਹ ਸ਼ਹਿਰ ਦੇ ਸਭ ਤੋਂ ਪੁਰਾਣੇ ਤੇ ਮੱਧ ਵਿੱਚ ਸਥਿਤ ਸੈਕਟਰ-22 ’ਚ ਸਥਿਤ ਹੈ। ਉਸ ਸਮੇਂ ਕਿਰਨ ਸਿਨੇਮਾ ਦੀ ਆਪਣੀ ਪ੍ਰਸਿੱਧੀ ਹੁੰਦੀ ਸੀ ਪਰ ਆਧੁਨੀਕਰਨ ਤੇ ਤਕਨੀਕ ਦੇ ਨਾਲ-ਨਾਲ ਥੀਏਟਰ ਵੀ ਅਪਗ੍ਰੇਡ ਹੁੰਦੇ ਹਨ, ਇਸ ਲਈ ਕਿਰਨ ਸਿਨੇਮਾ ਨੂੰ ਅਪਗ੍ਰੇਡ ਕਰਨ ਤੋਂ ਅਸਮਰੱਥ ਸਿੰਗਲ ਸਕਰੀਨ ਥੀਏਟਰ ਦੇ ਮਾਲਕਾਂ ਨੂੰ ਕਈ ਸਾਲਾਂ ਤੋਂ ਨੁਕਸਾਨ ਝੱਲਣਾ ਪੈ ਰਿਹਾ ਹੈ। 


ਇਸੇ ਨੁਕਸਾਨ ਕਰ ਕੇ ਥੀਏਟਰ ਮਾਲਕਾਂ ਵੱਲੋਂ ਕਿਰਨ ਸਿਨੇਮਾ ਨੂੰ ਮਲਟੀਪਲੈਕਸ ’ਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਹਿਲਾਂ ਯੂਟੀ ਪ੍ਰਸ਼ਾਸਨ ਨੇ ਸਿਨੇਮਾ ਦੀ ਇਮਾਰਤ ਨੂੰ ਵੇਚਣ ਦੀ ਮਾਲਕਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਤੇ ਇਮਾਰਤ ਤੋਂ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ।