Chandigarh News: ਪਿਛਲੇ 361 ਦਿਨਾਂ ਤੋਂ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾ ਰਿਹਾ ਕੌਮੀ ਸਾਈਕਲਿਸਟ ਰੂਪੇਸ਼ ਕੁਮਾਰ ਬਾਲੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹੁਣ ਉਹ ਹੋਰ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣ ਰਿਹਾ ਹੈ। ਰੂਪੇਸ਼ ਬਾਲੀ ਬਾਰੇ ਸੁਣ ਕੇ ਨੌਜਵਾਨਾਂ ਦਾ ਵੀ ਸਾਈਕਲਿੰਗ ਵੱਲ ਰੁਝਾਨ ਵਧ ਰਿਹਾ ਹੈ। ਬਾਲੀ ਦਾ ਕਹਿਣਾ ਹੈ ਕਿ ਸਾਈਕਲ ਚਲਾਉਣ ਨਾਲ ਮਨੁੱਖ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਰੂਪੇਸ਼ ਕੁਮਾਰ ਬਾਲੀ ਨੇ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬੱਚਿਆਂ ਨੂੰ ਸਾਈਕਲ ਚਲਾਉਣ ਦੇ ਫ਼ਾਇਦੇ ਦੱਸਣ ਲਈ ਜਾਗਰੂਕਤਾ ਕੈਂਪ ਲਗਾਇਆ। ਇਸ ਦੌਰਾਨ ਰੂਪੇਸ਼ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰੇਕ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹਾਂ ਤੋਂ ਬਚਣ ਲਈ ਹਰੇਕ ਵਿਅਕਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਚਲਾਉਣਾ ਚਾਹੀਦਾ ਹੈ।
ਉਸ ਨੇ ਕਿਹਾ ਕਿ ਉਹ ਇਸ ਸਾਲ 16,500 ਕਿਲੋਮੀਟਰ ਸਾਈਕਲ ਚਲਾ ਚੁੱਕਾ ਹੈ ਤੇ ਹੁਣ ਪਿਛਲੇ 361 ਦਿਨਾਂ ਤੋਂ ਰੋਜ਼ਾਨਾ 100 ਕਿਲੋਮੀਟਰ ਤੋਂ ਜ਼ਿਆਦਾ ਸਾਈਕਲ ਚਲਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦਾ ਮੁੱਖ ਮੰਤਵ ਲੋਕਾਂ ਨੂੰ ਸਾਈਕਲ ਚਲਾਉਣ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਰੂਪੇਸ਼ ਬਾਲੀ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਵਿਅਕਤੀ ਲਗਾਤਾਰ ਰੋਜ਼ਾਨਾ 30 ਤੋਂ 35 ਕਿਲੋਮੀਟਰ ਸਾਈਕਲ ਚਲਾਏ ਤਾਂ ਸ਼ੂਗਰ ਦੀ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਸਕੂਲੀ ਬੱਚਿਆਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਦਿਆਂ ਐਲਾਨ ਕੀਤਾ ਕਿ ਜਿਹੜਾ ਬੱਚਾ ਰੋਜ਼ਾਨਾ ਸਾਈਕਲ ਚਲਾ ਕੇ ਸਕੂਲ ਆਵੇਗਾ, ਉਸ ਨੂੰ ਅਗਲੇ ਮਹੀਨੇ ਤੋਂ ਸਕੂਲ ਆ ਕੇ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸਕੂਲ ਪ੍ਰਿੰਸੀਪਲ ਅਨੀਤਾ ਭਾਰਦਵਾਜ, ਡੀਪੀਈ ਤਾਰਾ ਚੰਦ ਤੇ ਸਕੂਲ ਸਟਾਫ਼ ਨੇ ਬਾਲੀ ਦਾ ਸਵਾਗਤ ਕੀਤਾ।
ਹੋਰ ਪੜ੍ਹੋ: Amritsar News: ਪੜ੍ਹਾਈ 'ਚ ਹੁਸ਼ਿਆਰ ਤੇ ਚੰਗਾ ਖਿਡਾਰੀ ਸੀ ਪਰਮਜੀਤ ਪੰਜਵਾੜ, ਆਖਰ ਕਿਉਂ ਚੁਣਿਆ ਅੱਤਵਾਦ ਦਾ ਰਾਹ?
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।