Chandigarh News: ਚੰਡੀਗੜ੍ਹ ਵਿੱਚ ਡੀਜ਼ਲ ਵਾਹਨਾਂ ਨੂੰ ਬ੍ਰੇਕ ਲੱਗਣ ਵਾਲੀ ਹੈ। ਸਿਟੀ ਬਿਊਟੀਫੁੱਲ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਵਾਹਨਾਂ ਦੀ ਰਜਿਸਟਰੇਸ਼ਨ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਡੀਜ਼ਲ ਵਾਹਨ ਨਹੀਂ ਵਿਕਣਗੇ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਵੱਲੋਂ ਪੈਟਰੋਲ ਵਾਲੇ ਦੋ ਪਹੀਆ ਵਾਹਨਾਂ ਦੀ ਥਾਂ ਵੀ ਇਲੈਕਟ੍ਰਿਕ ਵਾਹਨਾਂ ਨੂੰ ਉਭਾਰਿਆ ਜਾ ਰਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਦੇ ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਨੇ 30 ਸਤੰਬਰ ਤੱਕ ਸ਼ਹਿਰ ਵਿੱਚ ਚੱਲਣ ਵਾਲੀਆਂ ਸਕੂਲ ਤੇ ਸੈਲਾਨੀ ਬੱਸਾਂ ਦੀ ਰਜਿਸਟਰੇਸ਼ਨ ਬੰਦ ਕਰ ਦਿੱਤੀ ਹੈ। ਐਸਟੀਏ ਨੇ ਵਿੱਤ ਵਰ੍ਹੇ 2023-24 ਦੇ ਪਹਿਲੇ ਛੇ ਮਹੀਨੇ ’ਚ 50 ਬੱਸਾਂ ਦੀ ਰਜਿਸਟਰੇਸ਼ਨ ਕਰਨ ਦਾ ਟੀਚਾ ਰੱਖਿਆ ਸੀ, ਜੋ ਪੂਰਾ ਹੋ ਚੁੱਕਿਆ ਹੈ। ਹੁਣ ਇੱਕ ਅਕਤੂਬਰ ਤੋਂ ਬਾਅਦ ਸ਼ਹਿਰ ’ਚ ਸਿਰਫ਼ 50 ਡੀਜ਼ਲ ਬੱਸਾਂ ਦੀ ਰਜਿਸਟਰੇਸ਼ਨ ਹੀ ਹੋ ਸਕੇਗੀ।
ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਦੇ ਅਧਿਕਾਰੀ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ ਵਿਭਾਗ ਵੱਲੋਂ ਸ਼ਹਿਰ ਵਿੱਚ ਸਿਰਫ਼ 100 ਡੀਜ਼ਲ ਬੱਸਾਂ ਦੀ ਰਜਿਸਟਰੇਸ਼ਨ ਹੀ ਕੀਤੀ ਜਾਂਦੀ ਹੈ। ਇਸ ਲਈ ਵਿਭਾਗ ਨੇ 50 ਬੱਸਾਂ ਦੀ ਰਜਿਸਟਰੇਸ਼ਨ 30 ਸਤੰਬਰ ਤੋਂ ਪਹਿਲਾਂ ਤੇ 50 ਬੱਸਾਂ ਦੀ ਰਜਿਸਟਰੇਸ਼ਨ 1 ਅਕਤੂਬਰ ਤੋਂ ਬਾਅਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਯੂਟੀ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ’ਚ ਜੁਲਾਈ ਮਹੀਨੇ ਤੋਂ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨ ਤੇ ਦਸੰਬਰ ਤੋਂ ਗੈਰ-ਇਲੈਕਟ੍ਰਿਕ ਕਾਰਾਂ ਦੀ ਰਜਿਸਟਰੇਸ਼ਨ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਹਾਸਲ ਜਾਣਕਾਰੀ ਅਨੁਸਾਰ ਇਸ ਸਮੇਂ ਸ਼ਹਿਰ ਵਿੱਚ 3500 ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਚੱਲ ਰਹੀਆਂ ਹਨ। ਇਸ ਵਿੱਚੋਂ ਦੋ ਹਜ਼ਾਰ ਸਕੂਲੀ ਬੱਸਾਂ, ਇਕ ਹਜ਼ਾਰ ਸੈਲਾਨੀਆਂ ਵਾਲੀ ਬੱਸ ਅਤੇ 550 ਦੇ ਕਰੀਬ ਫੈਕਟਰੀ ਨਾਲ ਸਬੰਧਿਤ ਬੱਸਾਂ ਰਜਿਸਟਰਡ ਹਨ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਬੱਸਾਂ ਨੂੰ ਵੀ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਤੱਕ ਯੂਟੀ ਪ੍ਰਸ਼ਾਸਨ ਨੇ ਸਥਾਨਕ ਰੂਟਾਂ ’ਤੇ 80 ਈ ਬੱਸਾਂ ਸ਼ੁਰੂ ਕੀਤੀਆਂ ਹਨ, ਜਦੋਂ ਕਿ ਆਉਣ ਵਾਲੇ ਸਮੇਂ ਵਿੱਚ 100 ਹੋਰ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਉਲੀਕੀ ਜਾ ਰਹੀ ਹੈ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਸਾਲ 2027-28 ਤੱਕ ਯੂਟੀ ਪ੍ਰਸ਼ਾਸਨ ਦੀਆਂ ਅੰਤਰਰਾਜੀ ਰੂਟਾਂ ’ਤੇ ਚੱਲਣ ਵਾਲੀਆਂ 350 ਦੇ ਕਰੀਬ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸ਼ਹਿਰ ਵਿੱਚ 23 ਚਾਰਜਿੰਗ ਸਟੇਸ਼ਨਾਂ ਨੂੰ ਸ਼ੁਰੂ ਕਰਨ ਲਈ ਤਿਆਰੀ ਖਿੱਚ ਲਈ ਹੈ। ਇਸ ਤੋਂ ਬਾਅਦ 48 ਹੋਰ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।