Chandigarh News: ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਨਾਕੇ ਵਧਾ ਦਿੱਤੇ ਹਨ। ਇਸ ਲਈ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਪੁਲਿਸ ਧੜਾਧੜ ਚਲਾਨ ਕੱਟ ਰਹੀ ਹੈ। ਇਸ ਦੇ ਨਾਲ ਪੁਲਿਸ ਵਾਹਨ ਵੀ ਜ਼ਬਤ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਰਦੀਆਂ ਵਿੱਚ ਨਵੇਂ ਸਾਲ ਦੀ ਆਮਦ ਕਰਕੇ ਵੱਡੀ ਗਿਣਤੀ ਵਿੱਚ ਲੋਕ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ ਜਿਸ ਕਰਕੇ ਕਈ ਵਾਰ ਸੜਕ ਹਾਦਸੇ ਵਾਪਰ ਜਾਂਦੇ ਹਨ।



ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਸ਼ਹਿਰ ਵਿੱਚ ਰਈ ਥਾਈਂ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਹੇਠ ਦੋ ਦਰਜਨ ਦੇ ਕਰੀਬ ਚਾਲਾਨ ਕੀਤੇ ਤੇ ਕਈ ਵਾਹਨਾਂ ਨੂੰ ਜ਼ਬਤ ਕੀਤਾ ਹੈ। ਪੁਲਿਸ ਮੁਤਾਬਕ ਇਹ ਮੁਹਿੰਮ ਜਾਰੀ ਰਹੇਗੀ।


 



ਚੰਡੀਗੜ੍ਹ ਪੁਲਿਸ ਦੇ ਮੁਤਾਬਕ ਲੋਕ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ ਤਾਂ ਅਕਸਰ ਹੀ ਸੜਕ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਸ਼ਹਿਰ ਵਿੱਚ ਰੋਜ਼ਾਨਾ ਨਾਕਾਬੰਦੀ ਕੀਤੀ ਜਾਂਦੀ ਹੈ। ਇਸ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਟ੍ਰੈਫ਼ਿਕ ਪੁਲੀਸ ਦੇ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।


ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਦਾ ਐਕਸ ਬੁਆਏਫ੍ਰੈਂਡ ਸ਼ਿਜਾਨ ਮੁਹੰਮਦ ਖਾਨ ਗ੍ਰਿਫ਼ਤਾਰ , ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਪੰਜਾਬ ਵਿੱਚ ਵੀ ਹੋ ਰਹੀ ਸਖਤੀ



ਪੰਜਾਬ ਸਰਕਾਰ ਵੀ ਇਸ ਨੂੰ ਲੈ ਕੇ ਸਖਤ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਸੀ ਕਿ ਮੈਰਿਜ ਪੈਲੇਸਾਂ ਬਾਹਰ ਨਾਕੇ ਲਾ ਕੇ ਚੈੱਕ ਕੀਤਾ ਜਾਵੇ ਕਿ ਕੋਈ ਵਿਅਕਤੀ ਸ਼ਰਾਬ ਪੀ ਕੇ ਵਾਹਨ ਤਾਂ ਨਹੀਂ ਚਲਾ ਰਿਹਾ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਨੂੰ ਹਰ ਰੋਜ਼ ਸੜਕ ਹਾਦਸਿਆਂ ਕਾਰਨ ਤਕਰੀਬਨ 50 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।

ਬੀਤੇ ਦਿਨੀਂ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਪੰਜਾਬ ਸੜਕ ਦੁਰਘਟਨਾਵਾਂ ਤੇ ਟ੍ਰੈਫਿਕ ਰਿਪੋਰਟ-2021 ਦੇ ਮੁਤਾਬਕ ਪਿਛਲੇ ਸਾਲ 5,871 ਸੜਕ ਹਾਦਸਿਆਂ ਵਿੱਚ 4,589 ਲੋਕਾਂ ਦੀ ਮੌਤ ਹੋਈ ਸੀ ਤੇ 2,032 ਵਿਅਕਤੀ ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਨੇ 2021 ਵਿੱਚ 17,851 ਕਰੋੜ ਰੁਪਏ ਦਾ ਘਾਟਾ ਪਾਇਆ ਸੀ। ਇਹ ਲਗਪਗ 49 ਕਰੋੜ ਰੁਪਏ ਪ੍ਰਤੀ ਦਿਨ ਹੈ ਜੋ ਸਾਲ 2020 ਦੇ ਮੁਕਾਬਲੇ ਲਗਭਗ 15 ਫੀਸਦੀ ਜ਼ਿਆਦਾ ਹੈ, ਜਦੋਂ ਪੰਜਾਬ ਨੂੰ 15,176 ਕਰੋੜ ਰੁਪਏ ਦਾ ਘਾਟਾ ਹੋਇਆ ਹੈ।